ਵਿਕਟੋਰੀਆ – ‘ਕੈਨੇਡਾ ਡੇਅ’ ਦੇ ਮੌਕੇ ‘ਤੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਰਾਹੀਂ ਵਧਾਈਆਂ ਦਿੰਦਿਆਂ ਕਿਹਾ ਹੈ ਕਿ
“ਅੱਜ, ਸਾਡੇ ਵਿਸ਼ਾਲ, ਸੁੰਦਰ ਦੇਸ਼ ਵਿੱਚ – ਬੌਨਾਵਿਸਟਾ ਤੋਂ ਲੈਕੇ ਵੈਨਕੂਵਰ ਆਇਲੈਂਡ ਤੱਕ, ਆਰਕਟਿਕ ਸਰਕਲ ਤੋਂ ਲੈਕੇ ਗ੍ਰੇਟ ਲੇਕ ਦੇ ਪਾਣੀਆਂ ਤੱਕ – ਲੱਖਾਂ ਲੋਕ ‘ਕੈਨੇਡਾ ਡੇਅ’ ਦਾ ਜਸ਼ਨ ਮਨਾ ਰਹੇ ਹਨ।
“ਲੋਕ ਭੋਜਨ ਅਤੇ ਫਾਇਰਵਰਕਸ (ਆਤਸ਼ਬਾਜ਼ੀ) ਦੇ ਨਾਲ-ਨਾਲ ਪਾਰਟੀਆਂ ਅਤੇ ਪਰੇਡਾਂ ਦਾ ਰਲ ਮਿਲਕੇ ਅਨੰਦ ਮਾਣਨਗੇ। ਇਹ ਭਾਈਚਾਰਿਆਂ ਲਈ ਇਕੱਠੇ ਹੋਣ ਅਤੇ ਸਾਡੇ ਸ਼ਾਂਤੀਪੂਰਨ ਅਤੇ ਲੋਕਤੰਤਰੀ ਦੇਸ਼ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਸਮਾਂ ਹੈ।
“ਜਦੋਂ ਅਸੀਂ ਅਸਧਾਰਨ ਆਰਥਿਕ ਅਤੇ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਇਹ ‘ਕੈਨੇਡਾ ਡੇਅ’ ਪਿਛਲੇ ਕੁਝ ਸਾਲਾਂ ਨਾਲੋਂ ਥੋੜ੍ਹਾ ਵੱਖਰਾ ਹੈ। ਇਨ੍ਹਾਂ ਚੁਣੌਤੀਆਂ ਨੇ ਸਾਨੂੰ ਇਹ ਸਮਝਣ ਵਿੱਚ ਮਦਦ ਕੀਤੀ ਹੈ ਕਿ ਅਸੀਂ ਕੈਨੇਡਾ ਨੂੰ ਬਣਾਉਣ ਵਿੱਚ ਕਿੰਨੀਆਂ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ – ਜਿਵੇਂ ਕਿ ਸਾਡੀ ਜਨਤਕ ਸਿਹਤ ਸੰਭਾਲ ਪ੍ਰਣਾਲੀ। ਕਨੇਡੀਅਨ ਹੋਣ ਦਾ ਮਤਲਬ ਹੈ ਕਿ ਅਸੀਂ ਇੱਕ ਦੂਜੇ ਦੀ ਦੇਖਭਾਲ ਕਰਨ ਦੇ ਤਰੀਕੇ ‘ਤੇ ਮਾਣ ਮਹਿਸੂਸ ਕਰੀਏ।
“ਅਸੀਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਇਹ ਭਰੋਸਾ ਹੈ ਕਿ ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ ਤਾਂ ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰ ਸਕਾਂਗੇ। ਭਾਵੇਂ ਅਸੀਂ ਆਪਣੀਆਂ ਅਸਹਿਮਤੀਆਂ ‘ਤੇ ਜੋਸ਼ ਨਾਲ ਚਰਚਾ ਕਰੀਏ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੋ ਗੱਲਾਂ ਸਾਨੂੰ ਇੱਕਜੁੱਟ ਕਰਦੀਆਂ ਹਨ, ਉਹ ਸਾਡੇ ਵਿੱਚ ਵੰਡ ਪਾਉਣ ਵਾਲੀਆਂ ਗੱਲਾਂ ਨਾਲੋਂ ਕਿਤੇ ਵੱਧ ਹਨ।
“ਅੱਜ ਦਾ ਕੈਨੇਡਾ ਸਮਝੌਤੇ ਅਤੇ ਸਲਾਹ-ਮਸ਼ਵਰੇ ਦੇ ਲੰਬੇ ਇਤਿਹਾਸ ਦਾ ਨਤੀਜਾ ਹੈ, ਜੋ ਨਿਰਪੱਖਤਾ, ਉਦਾਰਤਾ ਅਤੇ ਨਿਮਰਤਾ ਦੀਆਂ ਕਨੇਡੀਅਨ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਸਾਨੂੰ ਕੈਨੇਡਾ ਵੱਲੋਂ ਵਿਸ਼ਵ ਪੱਧਰ ‘ਤੇ ਨਿਭਾਈ ਗਈ ਭੂਮਿਕਾ ‘ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਜ਼ੁਲਮ ਦਾ ਮੁਕਾਬਲਾ ਕੀਤਾ ਹੈ, ਅਤੇ ਉਹਨਾਂ ਥਾਵਾਂ ‘ਤੇ ਸ਼ਾਂਤੀ ਬਣਾਈ ਰੱਖਣ ਵਿੱਚ ਵੀ ਮਦਦ ਕੀਤੀ ਹੈ ਜਿੱਥੇ ਟਕਰਾਅ ਹੋ ਰਹੇ ਸਨ। ਅਸੀਂ ਪ੍ਰਾਚੀਨ ਸਮਿਆਂ ਤੋਂ ਨਵੇਂ ਆਏ ਲੋਕਾਂ ਦਾ ਸਵਾਗਤ ਕਰਦੇ ਆਏ ਹਾਂ, ਅਤੇ ਅੱਜ ਅਸੀਂ ਜੰਗ-ਪ੍ਰਭਾਵਤ ਦੇਸ਼ਾਂ ਤੋਂ ਬਚ ਕੇ ਆਏ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਆਸਰਾ ਦੇਣ ‘ਤੇ ਮਾਣ ਮਹਿਸੂਸ ਕਰ ਰਹੇ ਹਾਂ, ਜੋ ਸ਼ਾਂਤੀ ਅਤੇ ਸੁਰੱਖਿਆ ਦੀ ਭਾਲ ਕਰ ਰਹੇ ਹਨ।
“ਅਸੀਂ ਆਪਣੇ ਦੇਸ਼ ‘ਤੇ ਮਾਣ ਮਹਿਸੂਸ ਕਰਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਦਰਦਨਾਕ ਅਤੇ ਗੁੰਝਲਦਾਰ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਦੇਈਏ। ‘ਕੈਨੇਡਾ ਡੇਅ’ ਇੰਡੀਜਨਸ (ਮੂਲ ਨਿਵਾਸੀ) ਲੋਕਾਂ ਦੀਆਂ ਪੀੜ੍ਹੀਆਂ ‘ਤੇ ਬਸਤੀਵਾਦ ਦੇ ਪ੍ਰਭਾਵ ‘ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਸਾਡੀ ਸਰਕਾਰ ਇੰਡੀਜਨਸ ਲੋਕਾਂ ਨਾਲ ਭਾਈਵਾਲੀ ਵਿੱਚ ‘ਰਿਕੰਸਲੀਏਸ਼ਨ’ (ਮੇਲ-ਮਿਲਾਪ) ਦੀ ਭਾਵਨਾ ਨਾਲ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।
“ਇੱਕ ਬਿਹਤਰ ਕੈਨੇਡਾ ਬਣਾਉਣ ਦਾ ਕੰਮ ਕਦੇ ਮੁਕੰਮਲ ਨਹੀਂ ਹੁੰਦਾ, ਕਿਉਂਕਿ ਇੱਕ ਦੇਸ਼ ਦਾ ਨਿਰਮਾਣ ਇੱਕ ਅਜਿਹਾ ਕੰਮ ਹੈ ਜਿਸਦਾ ਕੋਈ ਅੰਤ ਨਹੀਂ ਹੈ। ਅਸੀਂ ਹਮੇਸ਼ਾ ਇੱਕ ਅਜਿਹਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਜੋ ਹਰ ਤਰ੍ਹਾਂ ਨਾਲ ਆਪਣੇ, ਆਪਣੇ ਪਰਿਵਾਰਾਂ, ਆਪਣੇ ਗੁਆਂਢੀਆਂ, ਸਾਡੇ ਭਾਈਚਾਰਿਆਂ ਅਤੇ ਉਨ੍ਹਾਂ ਸਾਰਿਆਂ ਲਈ ਵਧੇਰੇ ਸ਼ਾਂਤੀਪੂਰਨ, ਵਧੇਰੇ ਖੁਸ਼ਹਾਲ ਅਤੇ ਵਧੇਰੇ ਲੋਕਤੰਤਰੀ ਹੋਵੇ, ਜੋ ਇਸ ਧਰਤੀ ਨੂੰ ਆਪਣਾ ਘਰ ਕਹਿੰਦੇ ਹਨ। ਇਸ ਦਾ ਇੱਕ ਮਹੱਤਵਪੂਰਨ ਹਿੱਸਾ ਸਾਡੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਅਜਿਹੀ ਆਰਥਿਕਤਾ ਬਣਾਉਣ ਦਾ ਟੀਚਾ ਹੈ, ਜੋ ਹਰ ਕਿਸੇ ਲਈ ਕੰਮ ਕਰਦੀ ਹੋਵੇ।
“ਆਓ ਇਸ ‘ਕੈਨੇਡਾ ਡੇਅ’ ਦੇ ਮੌਕੇ ‘ਤੇ ਅਸੀਂ ਆਪਣੀ ਸਾਂਝੀਆਂ ਉਪਲਬਧੀਆਂ ਨੂੰ ਯਾਦ ਕਰੀਏ ਅਤੇ ਉਨ੍ਹਾਂ ਨੂੰ ਮਾਨਤਾ ਦੇਈਏ। ਕੈਨੇਡਾ ਡੇਅ ਦੀਆਂ ਸ਼ੁਭਕਾਮਨਾਵਾਂ!”
