Mar 7, 2026

ਪਵਿੱਤਰ ਕਾਲੀ ਵੇਂਈਂ ਨੂੰ ਸਾਫ ਕਰਨ ਉਪਰੰਤ ਬੁੱਢੇ ਨਾਲੇ ਦੀ ਸਫਾਈ ਦਾ ਕਾਰਜ ਆਰੰਭਿਆ-

ਸਰੀ ( ਦੇ ਪ੍ਰ ਬਿ) -ਪੰਜਾਬ ਦੇ ਉਘੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਇਹਨੀਂ ਦਿਨੀਂ ਕੈਨੇਡਾ ਦੌਰੇ ਤੇ ਹਨ। ਬੀਤੇ ਦਿਨ ਉਹਨਾਂ ਦੇ ਸਰੀ ਪੁੱਜਣ ਤੇ ਉਘੇ ਬਿਜਨਸਮੈਨ ਜਤਿੰਦਰ ਸਿੰਘ ਜੇ ਮਿਨਹਾਸ, ਸਤੀਸ਼ ਕੁਮਾਰ, ਸੁਖੀ ਬਾਠ, ਸੁਖਵਿੰਦਰ ਸਿੰਘ ਬੋਪਾਰਾਏ ਤੇ ਹੋਰਾਂ ਵਲੋਂ ਮਿਲਕੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਰਿਫਲੈਕਸ਼ਨ ਬੈਕੁਇਟ ਹਾਲ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਸ ਇੰਦਰਜੀਤ ਸਿੰਘ ਬੈਂਸ ਨੇ ਸੰਤ ਸੀਚੇਵਾਲ ਵਲੋਂ ਪੰਜਾਬ ਵਿਚ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਤੇ ਸੇਵਾ ਦੇ ਮਹਾਨ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਵੱਖ-ਵੱਖ ਬੁਲਾਰਿਆਂ ਨੂੰ ਮੰਚ ਤੇ ਸੱਦਾ ਦਿੱਤਾ ਜਿਹਨਾਂ ਨੇ ਸੰਤ ਸੀਚੇਵਾਲ ਦੀ ਆਮਦ ਤੇ ਉਹਨਾਂ ਨੂੰ ਜੀ ਆਇਆ ਕਹਿਣ ਦੇ ਨਾਲ ਉਹਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਸਰੀ ਸੈਂਟਰ ਤੋਂ ਐਮ ਪੀ ਤੇ ਸਟੇਟ ਮਨਿਸਟਰ ਰਣਦੀਪ ਸਿੰਘ ਸਰਾਏ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਵਾਤਾਵਰਣ ਦੀ ਸੰਭਾਲ ਲਈ ਸੰਤ ਸੀਚੇਵਾਲ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਬੋਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਹਨਾਂ ਦੇ ਭਰਵੇਂ ਸਵਾਗਤ ਲਈ ਧੰਨਵਾਦ ਕਰਦਿਆਂ ਵਾਤਾਵਰਣ ਦੀ ਸੰਭਾਲ ਦੇ ਮੁੱਦਿਆਂ ਦੀ ਭਰਵੀਂ ਚਰਚਾ ਕੀਤੀ। ਉਹਨਾਂ ਆਪਣੇ ਵਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕਾਲੀ ਵੇੇਈਂ ਨੂੰ ਸਾਫ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਅਤੇ ਫਿਰ ਪੰਜਾਬ ਵਿਚ ਇਕ ਵਾਤਾਵਰਣ ਦੀ ਸੰਭਾਲ ਇਕ ਮੁਹਿੰਮ ਚਲਾਏ ਜਾਣ ਦਾ ਸਾਰਾ ਬਿਰਤਾਂਤ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੇ ਇਲਾਕੇ ਵਿਚ ਕੱਚੇ ਰਸਤਿਆਂ ਨੂੰ ਚੱਲਣਯੋਗ ਤੇ ਬੇਹਤਰ ਬਣਾਉਣ ਦਾ ਕਾਰਜ ਆਰੰਭਿਆ। ਜਲੰਧਰ ਵਿਚ ਇਕ ਮੀਟਿੰਗ ਦੌਰਾਨ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪੰਜਾਬ ਦੇ ਪਾਣੀਆਂ ਵਿਚ ਘੁਲ ਰਹੀਆਂ ਜ਼ਹਿਰਾਂ ਬਾਰੇ ਹੋਈ ਚਰਚਾ ਉਪਰੰਤ ਉਹਨਾਂ ਨੇ ਕਾਲੀ ਵੇਂਈ ਨੂੰ ਸਾਫ ਕਰਨ ਦਾ ਬੀੜਾ ਉਠਾਇਆ। ਉਹਨਾਂ ਸ਼ੀਰੀਂ ਫਰਿਆਦ ਦੀ ਕਿੱਸਾਕਾਵਿ ਵਾਲੀ ਕਹਾਣੀ ਸੁਣਾਉਂਦਿਆਂ ਕਿਹਾ ਕਿਵੇਂ ਇਕ ਵਿਅਕਤੀ ਨੇ ਔਰਤ ਦੀ ਖਾਤਰ ਨਹਿਰ ਪੁੱਟੀ ਦਿੱਤੀ ਸੀ ਤੇ ਅਸੀਂ ਬਾਬੇ ਨਾਨਕ ਦੇ ਵਾਰਿਸ ਉਹਨਾਂ ਦੀ ਪਵਿੱਤਰ ਛੋਹ ਪ੍ਰਾਪਤ ਕਾਲੀ ਵੇਂਈ ਨੂੰ ਸਾਫ ਨਹੀ ਕਰ ਸਕਦੇ ਦੇ ਮਿਹਣੇ ਨੇ ਉਹਨਾਂ ਨੂੰ ਇਸ ਮਹਾਨ ਕਾਰਜ ਲਈ ਪ੍ਰੇਰਿਤ ਕੀਤਾ। ਉਹਨਾਂ ਦੀ ਅਗਵਾਈ ਤੇ ਸੰਗਤਾਂ ਦੀ ਸਹਿਯੋਗ ਨਾਲ ਅੱਜ ਕਾਲੀ ਵੇਂਈ ਵਿਚ ਸਾਫ ਤੇ ਨਿਰਮਲ ਪਾਣੀ ਝਲਕਾਂ ਮਾਰ ਰਿਹਾ ਹੈ ਤੇ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੀ ਸਾਫ ਸਫਾਈ ਦੇ ਨਾਲ ਵਾਤਾਵਰਣ ਨੂੰ ਸੋਹਣਾ ਬਣਾਉਣ ਲਈ ਪ੍ਰੇਰਨਾ ਦੇ ਰਿਹਾ ਹੈ। ਉਹਨਾਂ ਕਾਲੀ ਵੇਂਈ ਤੋਂ ਬਾਦ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਾਫ ਸਫਾਈ ਲਈ ਆਰੰਭੇ ਕਾਰਜ ਦਾ ਵੀ ਖੁਲਾਸਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਸੰਤ ਸੀਚੇਵਾਲ ਦੀ ਸੋਚ ਨੂੰ ਸਲਾਮ ਕਰਦਿਆਂ ਉਹਨਾਂ ਵਲੋਂ ਆਰੰਭੇ ਕਾਰਜਾਂ ਵਿਚ ਸਹਿਯੋਗ ਦਾ ਵਾਅਦਾ ਕੀਤਾ। ਇਸ ਮੌਕੇ ਜੇ ਮਿਨਹਾਸ, ਸੁੱਖੀ ਬਾਠ ਤੇ ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਨੇ ਸੰਤ ਸੀਚੇਵਾਲ ਦੇ ਕਾਰਜਾਂ ਦੀ ਗਵਾਹੀ ਕਰਦਿਆਂ ਉਹਨਾਂ ਨਾਲ ਸੇਵਾ ਦੇ ਕਾਰਜਾਂ ਵਿਚ ਹਿੱਸਾ ਲੈਣ ਦੇ ਆਪਣੇ ਤਜੁਰਬੇ ਸਾਂਝੇ ਕੀਤੇ। ਹੋਰਨਾਂ ਬੁਲਾਰਿਆਂ ਵਿਚ ਭੁਪਿੰਦਰ ਸਿੰਘ ਮੱਲੀ, ਰੂਬੀ ਔਲਖ ਤੇ ਪੰਜਾਬ ਤੋਂ ਆਏ ਸਾਬਕਾ ਫੈਡਰੇਸ਼ਨ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਵੀ ਸੰਬੋਧਨ ਕੀਤਾ। ਭਾਈ ਭੋਮਾ ਨੇ ਆਪਣੇ ਦੌਰੇ ਦੌਰਾਨ ਕੈਨੇਡਾ ਦੇ ਸਾਫ ਸੁਥਰੇ ਵਾਤਾਵਰਣ ਨੂੰ ਮਨ ਮੋਹਣ ਵਾਲਾ ਦੱਸਦਿਆਂ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਦੇ ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਯਤਨਾਂ ਲਈ ਸੁਝਾਅ ਰੱਖੇ ਤੇ ਪਰਵਾਸੀ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਅੰਤ ਵਿਚ ਸਤੀਸ਼ ਕੁਮਾਰ ਨੇ ਸੰਤ ਸੀਚੇਵਾਲ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।