ਯੂਕੇ ਦੇ ਐਨ ਆਰ ਆਈ ਨਾਲ ਧੋਖਾਧੜੀ ਕਰਨ ਵਾਲੇ ਪਿਉ-ਪੁੱਤਰਾਂ ਖਿਲਾਫ ਕੇਸ ਦਰਜ- ਐਨ ਆਰ ਆਈ ਕਮਿਸ਼ਨ ਕੋਲ ਸ਼ਿਕਾਇਤ ਪੁੱਜਣ ਉਪਰੰਤ ਹੋਈ ਕਾਰਵਾਈ-
ਜਲੰਧਰ ( ਦੇ ਪ੍ਰ ਬਿ)- ਇਕ ਐਨ ਆਰ ਆਈ ਔਰਤ ਨਾਲ ਜਮੀਨ ਦੇ ਮਾਮਲੇ ਤੇ ਠੱਗੀ ਮਾਰਨ ਦੇ ਕੇਸ ਵਿਚ ਪਹਿਲਾਂ ਤੋਂ ਹੀ ਭਗੌੜੇ ਚੱਲ ਰਹੇ ਜਲੰਧਰ ਦੇ ਵਿਕਾਸ ਸ਼ਰਮਾ ਉਰਫ਼ ਚੀਨੂ ਅਤੇ ਉਸ ਦੇ ਪੁੱਤਰਾਂ ਕਾਰਤਿਕ ਸ਼ਰਮਾ ਅਤੇ ਵੰਸ਼ ਸ਼ਰਮਾ ਵਿਰੁੱਧ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਾਰ ਇਹ ਮਾਮਲਾ ਇੱਕ ਬ੍ਰਿਟਿਸ਼ ਐਨਆਰਆਈ ਦੀ ਕਰੋੜਾਂ ਦੀ ਜਾਇਦਾਦ ‘ਤੇ ਧੋਖਾਧੜੀ ਅਤੇ ਕਬਜ਼ੇ ਦਾ ਹੈ। ਪੰਜਾਬ ਐਨ ਆਰ ਆਈ ਕਮਿਸ਼ਨ ਦੀ ਉੱਚ-ਪੱਧਰੀ ਜਾਂਚ ਰਿਪੋਰਟ ਦੇ ਆਧਾਰ ‘ਤੇ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੂਜੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 420, 465, 467, 468, 471, 448, 511 ਅਤੇ 120-ਬੀ ਤਹਿਤ ਇਹ ਮਾਮਲਾ ਦਰਜ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਕੁੱਲ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪਰਿੰਦੇ ਅਕੈਡਮੀ ਦੇ ਡਾਇਰੈਕਟਰ ਦੇ ਭਰਾ ਸ਼ੈਲੇਂਦਰ ਸਿਆਲ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਸ਼ਾਮਲ ਹਨ। ਪੁਲਿਸ ਸੂਤਰਾਂ ਅਨੁਸਾਰ ਸ਼ੈਲੇਂਦਰ ਸਿਆਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਦੋਂ ਕਿ ਹੋਰਾਂ ਦੀ ਭਾਲ ਜਾਰੀ ਹੈ। ਐਨਆਰਆਈ ਨਾਗਰਿਕਾਂ ਦੀ ਗੈਰਹਾਜ਼ਰੀ ਦਾ ਫਾਇਦਾ ਉਠਾਉਂਦੇ ਹੋਏ ਅਤੇ ਜਾਇਦਾਦਾਂ ‘ਤੇ ਕਬਜ਼ਾ ਕਰਨ, ਜਾਅਲੀ ਦਸਤਾਵੇਜ਼ ਬਣਾਉਣ ਅਤੇ ਰਾਜਨੀਤਿਕ ਸਬੰਧਾਂ ਦੇ ਆਧਾਰ ‘ਤੇ ਸਿਸਟਮ ਨੂੰ ਗੁੰਮਰਾਹ ਕਰਨ, ਇਹ ਪੂਰੀ ਘਟਨਾ ਇੱਕ ਸੋਚੀ-ਸਮਝੀ ਸਾਜਿਸ਼ਵੱਲ ਇਸ਼ਾਰਾ ਕਰਦੀ ਹੈ। ਪੁਲਿਸ ਅਤੇ ਐਨਆਰਆਈ ਕਮਿਸ਼ਨ ਦੀ ਸਰਗਰਮੀ ਕਾਰਨ, ਉਨ੍ਹਾਂ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਪੁਲਿਸ ਇਸ ਠੱਗ ਗਿਰੋਹ ਦੀ ਅਗਰ ਜੜ੍ਹ ਤੱਕ ਕਦੋਂ ਪਹੁੰਚਦੀ ਹੈ ਅਤੇ ਇਸ ਵਿੱਚ ਕੌਣ-ਕੌਣ ਸ਼ਾਮਲ ਪਾਏ ਜਾਂਦੇ ਹਨ।
ਤਾਜ਼ਾ ਘਟਨਾਕ੍ਰਮ ਵਿਚ ਸ਼ਿਕਾਇਤਕਰਤਾ ਯੂਕੇ ਨਿਵਾਸੀ ਪਰਮਜੀਤ ਸਿੰਘ ਤੱਖਰ ਹੈ, ਜੋ ਮੂਲ ਰੂਪ ਵਿੱਚ ਜਲੰਧਰ ਸ਼ਹਿਰ ਦੇ ਮੋਤਾ ਸਿੰਘ ਨਗਰ ਦਾ ਰਹਿਣ ਵਾਲਾ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਜਲੰਧਰ ਦੇ ਹੋਟਲ ਪਾਰਕ ਪਲਾਜ਼ਾ ਦੇ ਨੇੜੇ ਇਕ 35 ਮਰਲੇ ਦਾ ਇੱਕ ਕੀਮਤੀ ਪਲਾਟ ਹੈ। ਦੋਸ਼ੀ ਵਿਕਾਸ ਸ਼ਰਮਾ ਨੇ ਪਹਿਲਾਂ ਹੀ ਇਸ ਪਲਾਟ ਦੇ ਨਾਲ ਲੱਗਦੀ ਪੰਜ ਮਰਲੇ ਜ਼ਮੀਨ ਖਰੀਦੀ ਹੋਈ ਸੀ। ਬਾਅਦ ਵਿੱਚ ਉਸਨੇ ਪਰਮਜੀਤ ਸਿੰਘ ਨਾਲ ਇੱਕ ਸੌਦਾ ਵੀ ਕੀਤਾ, ਜਿਸ ਵਿੱਚ 23.5 ਲੱਖ ਰੁਪਏ ਪ੍ਰਤੀ ਮਰਲੇ ਦੀ ਦਰ ਨਾਲ 50 ਲੱਖ ਰੁਪਏ ਦਾ ਪੇਸ਼ਗੀ ਭੁਗਤਾਨ ਕਰਕੇ ਰਜਿਸਟਰੀ ਦੀ ਮਿਤੀ ਤੈਅ ਕੀਤੀ ਗਈ। ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਵਿਕਾਸ ਸ਼ਰਮਾ ਨੇ ਇੱਕ ਜਾਅਲੀ ਵਿਕਰੀ ਸਮਝੌਤਾ ਤਿਆਰ ਕੀਤਾ, ਜਿਸ ਵਿੱਚ ਪਲਾਟ ਦੀ ਕੀਮਤ 13.5 ਲੱਖ ਰੁਪਏ ਪ੍ਰਤੀ ਮਰਲਾ ਕਰ ਦਿੱਤੀ ਗਈ ਅਤੇ 4.15 ਕਰੋੜ ਰੁਪਏ ਦੀਆਂ ਜਾਅਲੀ ਰਸੀਦਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ, ਵਿਕਾਸ ਨੇ ਅਦਾਲਤ ਵਿੱਚ ਇੱਕ ਸਿਵਲ ਕੇਸ ਦਾਇਰ ਕੀਤਾ ਅਤੇ ਚੁੱਪਚਾਪ ਸਟੇਅ ਆਰਡਰ ਪ੍ਰਾਪਤ ਕਰ ਲਿਆ, ਫਿਰ ਪੀੜਤ ਦੀ ਗੈਰਹਾਜ਼ਰੀ ਦਾ ਫਾਇਦਾ ਉਠਾਉਂਦੇ ਹੋਏ, ਐਕਸ ਪਾਰਟੀ ਹੋਣ ਦਾ ਆਰਡਰ ਵੀ ਪ੍ਰਾਪਤ ਕਰ ਲਿਆ।
ਮੁਲਜ਼ਮ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਹੋਏ-
ਜਿਵੇਂ ਹੀ ਮੁਲਜ਼ਮਾਂ ਨੂੰ ਉਹਨਾਂ ਦੇ ਖਿਲਾਫ ਐਫ ਆਰ ਆਈ ਦਰਜ ਹੋਣ ਦੀ ਜਾਣਕਾਰੀ ਮਿਲੀ ਤਾਂ ਮੁਲਜ਼ਮ ਪਿਓ-ਪੁੱਤ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ ਅਤੇ ਫਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਿਸੇ ਟ੍ਰੈਵਲ ਏਜੰਟ ਜਾਂ ਬੈਂਕ ਆਪਰੇਟਰ ਰਾਹੀਂ ਭੱਜਣ ਦੀ ਯੋਜਨਾ ਬਣਾ ਰਹੇ ਹਨ। ਕੁਝ ਪੁਲਿਸ ਅਧਿਕਾਰੀਆਂ ਦੇ ਨਿੱਜੀ ਸਥਾਨਾਂ ਅਤੇ ਨੰਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨਾਲ ਮੁਲਜ਼ਮ ਸੰਪਰਕ ਵਿੱਚ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਮੁਲਜ਼ਮਾਂ ਵਿਰੁੱਧ ਇਕ ਅਮਰੀਕੀ ਨਾਗਰਿਕ ਇੰਦਰਜੀਤ ਕੌਰ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਜ਼ਮੀਨ ਦਾ ਸੌਦਾ 1.25 ਕਰੋੜ ਰੁਪਏ ਦਾ ਐਡਵਾਂਸ ਲੈ ਕੇ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸਦੇ ਵਿਰੁੱਧ 2 ਕਰੋੜ ਰੁਪਏ ਦੀ ਜਾਅਲੀ ਰਸੀਦ ਬਣਾ ਕੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਦੋਵਾਂ ਮਾਮਲਿਆਂ ਵਿੱਚ ਪੈਟਰਨ ਇੱਕੋ ਜਿਹਾ ਹੈ, ਪਹਿਲਾਂ ਸੌਦਾ ਕਰਨਾ, ਫਿਰ ਜਾਅਲੀ ਦਸਤਾਵੇਜ਼ ਬਣਾਉਣਾ, ਅਦਾਲਤ ਵਿੱਚ ਕੇਸ ਦਰਜ ਕਰਨਾ ਅਤੇ ਸਟੇਅ ਆਰਡਰ ਅਤੇ ਡਿਗਰੀ ਪ੍ਰਾਪਤ ਕਰਨਾ, ਅਤੇ ਪੀੜਤ ਨੂੰ ਉਲਝਾਉਣਾ।
ਪੁਲਿਸ ਨਾਲ ਸੰਪਰਕ ਕਰਨ ਤੇ ਦੱਸਿਆ ਗਿਆ ਹੈ ਕਿ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਆਰਥਿਕ ਅਪਰਾਧਾਂ ਦੀ ਇੱਕ ਵੱਡੀ ਲੜੀ ਵਜੋਂ ਦੇਖ ਰਹੀਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਰਾਡਾਰ ‘ਤੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਸ ਸੁਖਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੀੜਤਾਂ ਵਲੋਂ ਕਮਿਸ਼ਨ ਕੋਲ ਪਹੁੰਚ ਕਰਨ ਤੇ ਇਹ ਸਾਰੀ ਜਾਂਚ ਕਰਵਾਈ ਗਈ ਜਿਸ ਵਿਚ ਉਕਤ ਵਿਅਕਤੀਆਂ ਦੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ। ਉਹਨਾਂ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਕਿਸੇ ਹੋਰ ਨਾਲ ਅਜਿਹੀ ਕੋਈ ਧੋਖਾਧੜੀ ਹੋਈ ਹੈ ਜਾਂ ਜਾਇਦਾਦ ਦੇ ਮਾਮਲੇ ਵਿਚ ਪ੍ਰੇਸ਼ਾਨ ਦੀ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਐਨ ਆਰ ਆਈ ਕਮਿਸ਼ਨ ਪੰਜਾਬ ਨਾਲ ਸੰਪਰਕ ਬਣਾਇਆ ਜਾਵੇ।
