ਸਰੀ ( ਦੇ ਪ੍ਰ ਬਿ)- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਆਪਣੇ ਕੈਨੇਡਾ ਦੌਰੇ ਦੌਰਾਨ ਬੀਤੇ ਦਿਨ ਸਰੀ ਅਤੇ ਲੈਂਗਲੀ ਵਿਖੇ ਪੁੱਜੇ। ਇਸ ਦੌਰਾਨ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਜੋ ਕਿ ਹਰ ਸਾਲ ਵਰਲਡ ਫੋਕ ਫੈਸਟੀਵਲ ਕਰਵਾਉਂਦੀ ਹੈ, ਵਲੋਂ ਉਹਨਾਂ ਨਾਲ ਇਕ ਵਿਸ਼ੇਸ਼ ਮਿਲਣੀ ਰੱਖੀ ਗਈ। ਇਸ ਮੌਕੇ ਉਹਨਾਂ ਨੇ ਸੁਸਾਇਟੀ ਵਲੋਂ ਪੰਜਾਬੀ ਸਭਿਆਚਾਰ ਤੇ ਲੋਕ ਕਲਾਵਾਂ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਅਤੇ ਪ੍ਰਸਾਰਨ ਲਈ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ ਤੇ ਇਸਨੂੰ ਸੁਸਾਇਟੀ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੱਸਿਆ। ਇਸ ਮੌਕੇ ਸੁਸਾਇਟੀ ਵਲੋਂ ਚਰਨਜੀਤ ਸਿੰਘ ਸੈਣੀ, ਕੁਲਵਿੰਦਰ ਸਿੰਘ ਹੇਅਰ, ਪਰਮਜੀਤ ਸਿੰਘ ਜਵੰਦਾ ਵਲੋਂ ਡਾ ਭਿੰਡਰ ਦਾ ਵਿਸ਼ੇਸ਼ ਸਵਾਗਤ ਕਰਦਿਆਂ ਉਹਨਾਂ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ ਗੋਪਾਲ ਸਿੰਘ ਬੁੱਟਰ ਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਸ ਚਰਨਜੀਤ ਸਿੰਘ ਸੈਣੀ ਨੇ ਸੁਸਾਇਟੀ ਵਲੋਂ ਵਰਲਡ ਫੋਕ ਫੈਸਟੀਵਲ ਵਿਚ ਡਾ ਭਿੰਡਰ ਦੇ ਸਹਿਯੋਗ ਅਤੇ ਉਹਨਾਂ ਵਲੋਂ ਸਭਿਆਚਾਰਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਅਤੇ ਉਹਨਾਂ ਦੇ ਗ੍ਰਹਿ ਵਿਖੇ ਪੁੱਜਣ ਤੇ ਵਿਸ਼ੇਸ਼ ਧੰਨਵਾਦ ਕੀਤਾ।



