Mar 7, 2026

ਸਰੀ ( ਦੇ ਪ੍ਰ ਬਿ)–ਬੀਤੇ ਸ਼ਨੀਵਾਰ  ਉਘੀ ਰੇਡੀਓ ਤੇ ਟੀਵੀ ਹੋਸਟ ਨਵਜੋਤ ਢਿੱਲੋਂ ਦੁਆਰਾ ਲਿਖਿਆ ਤੇ ਪ੍ਰਸਿੱਧ ਨਾਟਕਕਾਰ ਡਾ ਸਾਹਿਬ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ”ਪੂਅਰ ਕਨੈਕਸ਼ਨ” ਦੀ ਬੈਲ ਪ੍ਰਫਾਰਮੈਂਸ ਸੈਂਟਰ ਸਰੀ ਵਿਖੇ ਸ਼ਾਨਦਾਰ ਤੇ ਵਿਲੱਖਣ ਪੇਸ਼ਕਾਰੀ ਕੀਤੀ ਗਈ । ਸੁੱਖੀ ਬਾਠ ਮੋਟਰਜ਼ ਅਤੇ ਡਾਇਨੈਮਿਕ ਕਰੀਏਟਿਵ ਹੌਰਾਈਜ਼ਨਸ (ਡੀ ਸੀ ਐਚ) ਦੀ ਪੇਸ਼ਕਸ਼ ਤੇ ਸਥਾਨਕ ਕਲਾਕਾਰਾਂ ਵਲੋਂ ਖੇਡਿਆ ਗਿਆ ਇਹ ਨਾਟਕ ਸਰੀ ਦੇ ਨਾਟ ਪ੍ਰੇਮੀਆਂ ਲਈ ਇਕ ਨਿਵੇਕਲਾ ਤਜੁਰਬਾ ਰਿਹਾ। ਕਿਸੇ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ  ਪੁੱਜੇ ਨਾਟ ਪ੍ਰੇਮੀਆਂ ਨਾਲ ਜਿਥੇ ਬੈਲ ਸੈਂਟਰ ਪੂਰੀ ਤਰਾਂ ਫੁਲ ਸੀ ਉਥੇ ਇਕ ਨਿਵੇਕਲੇ ਵਿਸ਼ੇ ਨੂੰ ਛੂੰਹਦੇ ਇਸ ਨਾਟਕ ਦੇ ਹਰ ਦ੍ਰਿਸ਼ ਤੇ ਕਲਾਕਾਰਾਂ ਵਲੋਂ ਨਿਭਾਈਆਂ ਜਾਨਦਾਰ ਭੂਮਿਕਾਵਾਂ ਤੇ ਸੰਵਾਦ ਸ਼ੈਲੀ ਨੂੰ ਭਰਪੂਰ ਦਾਦ ਮਿਲੀ।  ਪ੍ਰਸਿੱਧ ਗਜ਼ਲਗੋ ਜਸਵਿੰਦਰ ਦੇ  ਲਿਖੇ ਗੀਤ, ਸ਼ਾਇਰ ਕਵਿੰਦਰ ਦੀ  ਸ਼ਾਇਰੀ ਤੇ ਸ਼ਰਨਜੀਤ ਸ਼ਾਨੂ ਦੇ ਸੰਗੀਤ ਤੇ ਤਾਰਿਸ਼ ਸੂਦ ਦੇ ਸੰਗੀਤ ਸੰਚਾਲਨ ਨੇ ਇਕ ਵੱਖਰਾ ਮਾਹੌਲ ਸਿਰਜ ਦਿੱਤਾ।

ਇਸ ਨਾਟਕ ਵਿੱਚ  ਧਰਮ, ਲਿੰਗ, ਜਾਤ-ਪਾਤ ਤੇ ਹੋਰ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਕੇਵਲ ਇਨਸਾਨ ਸਮਝਣ ਦਾ ਸੁਨੇਹਾ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਇਹ ਨਵਜੋਤ ਢਿੱਲੋਂ ਦਾ ਪਲੇਠਾ ਨਾਟਕ ਸੀ ਤੇ ਪੰਜਾਬੀ ਦਾ  ਪਹਿਲਾ ਨਾਟਕ ਹੈ ਜਿਸ ਨੇ ਸਮਲਿੰਗੀ ਬੱਚਿਆਂ ਦੇ ਮਾਨਸਿਕ ਤੇ ਭਾਵਨਾਤਮਕ ਸੰਘਰਸ਼ ਨੂੰ ਬਿਆਨ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਦਰਪੇਸ਼ ਚੁਨੌਤੀਆਂ ਸੰਬੰਧੀ ਸੁਆਲ ਦਰਸ਼ਕਾਂ ਦੇ ਰੂਬਰੂ ਕੀਤੇ। ਸਮਲਿੰਗੀ ਪੰਜਾਬੀ ਕੁੜੀ ਦੀ ਭੂਮਿਕਾ ਵਿਚ ਕੈਨੇਡੀਅਨ ਜੰਮਪਲ ਰਵਜੋਤ  ਕੌਰ ਨੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਮਿਸ਼ਰਣ ਨਾਲ ਆਪਣੇ ਸੰਵਾਦ ਪ੍ਰਭਾਵਸ਼ਾਲੀ ਢੰਗ ਨਾਲ ਬੋਲਦਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਮਾਂ ਦੀ ਭੂਮਿਕਾ ਵਿੱਚ ਹਾਰਪ ਨਾਜ਼ ਨੇ ਕਦੀ ਵਿਲਕਦਿਆਂ-ਕਲਪਦਿਆਂ ਅਤੇ ਕਦੀ ਸਮਾਜ ਨੂੰ ਵੰਗਾਰਦਿਆਂ “ਲਿੰਗ-ਜਾਤ-ਪਾਤ-ਧਰਮ ਇਹ ਸਭ… ਇਨਸਾਨੀਅਤ ਦੇ ਗੁਣ ‘ਤੇ ਭਾਰੂ ਕਿਵੇਂ ਪੈ ਜਾਂਦੇ ਨੇ ?…ਆਪਣੇ ਬੱਚਿਆਂ ਨੂੰ ਯਤੀਮ ਕਿਉਂ ਕਰੀਏ ?…ਸਿਰਫ਼ ਇਸੇ ਲਈ ਕਿ ਉਹ ਸਾਡੇ ਤੋਂ ਡਿਫ਼ਰੈਂਟ ਨੇ ?” ਵਰਗੇ ਸੰਵਾਦ ਕੁਝ ਇਸ ਅੰਦਾਜ਼ ‘ਚ ਕਹੇ ਕਿ ਦਰਸ਼ਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ।

ਪੰਜਾਬ ਤੋਂ ਕੈਨੇਡਾ ਜਾਣ ਵਾਲੀਆਂ ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਅੱਲੜ੍ਹ ਉਮਰ ‘ਚ ਕੀਤੇ ਜਾਂਦੇ ਵਿਆਹਾਂ ਨੂੰ ਇਸ ਨਾਟਕ ਵਿੱਚ “ਡੀਲ ਮੈਰਿਜਜ਼” ਵਜੋਂ ਪੇਸ਼ ਕੀਤਾ ਗਿਆ ਹੈ। ਨਾਟਕਕਾਰ ਨੇ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਗੁੱਡੀ ਦੀ ਤਸ਼ਬੀਹ ਦਿੱਤੀ ਤੇ ਵਿਦਿਆਰਥਣ ਗੁਨੀਤ ਦੀ ਭੂਮਿਕਾ ਨਿਭਾ ਰਹੀ ਇਸ਼ਟਪ੍ਰੀਤ ਨੇ ਫੁੱਟ-ਫੁੱਟ ਰੋਂਦਿਆਂ ਜਦ ਇਹ ਜ਼ਬਰਦਸਤ ਸੰਵਾਦ ਬੋਲੇ “ਤੁਹਾਨੂੰ ਗੁੱਡੀਆਂ ਨਾਲ ਖੇਡਣਾ…ਗੁੱਡੀਆਂ ਨੂੰ ਕੱਟਣਾ…ਗੁੱਡੀਆਂ ਨੂੰ ਲੁੱਟਣਾ ਤੇ ਗੁੱਡੀਆਂ ਨੂੰ ਫੂਕਣਾ ਹੀ ਆਉਂਦਾ ਏ ਨਾ ?… ਬੱਸ ਤੁਹਾਡੀ ਗੁੱਡੀ ਚੜ੍ਹੀ ਰਹਿਣੀ ਚਾਹੀਦੀ ਹੈ। ਗੁਨੀਤ ! ਤੂੰ ਗੁੱਡੀ …ਬਣ ਕੇ ਰਹਿ ਗਈ.. ਵਾਹ! ਗੁਨੀਤ! ਨਾਲੇ  ਗੁੱਡੀ ਦਾ ਕੀ ਐ ?” ਤਾਂ ਦਰਸ਼ਕ ਧੁਰ ਅੰਦਰ ਤੱਕ ਹਲੂਣੇ ਗਏ। ਨਾਟਕ ਵਿੱਚ ਉਪਿੰਦਰਬੀਰ ਬਟਾਲਵੀ ਨੇ ਚੁਲਬੁਲੇ ਦਿਲਬੀਰ ਅਤੇ ਰੇਡੀਓ ਹੋਸਟ ਹਰਨੇਕ ਵਜੋਂ ਅਤੇ ਡਾ. ਸਾਹਿਬ ਸਿੰਘ ਨੇ ਗੁਰਜਾਪ ਸਿੰਘ ਅਤੇ ਲਾਹੌਰ ਦੇ ਸ਼ਾਇਰ ਆਫ਼ਤਾਬ ਬੁਖ਼ਾਰੀ ਵਜੋਂ ਦੋਹਰੀਆਂ ਭੁਮਿਕਾਵਾਂ ਨਿਭਾਈਆਂ। ਡਾ. ਨਵਦੀਪ ਸਿੰਘ ਵਲੋਂ ਕੀਤੀ ਗਈ ਅਰਥ-ਭਰਪੂਰ ਤੇ ਢੁਕਵੀ ਲਾਈਟਿੰਗ ਨੇ ਸਟੇਜ ‘ਤੇ ਸੈੱਟ ਦਾ ਪ੍ਰਭਾਵ ਕਈ ਗੁਣਾ ਵਧਾ ਦਿੱਤਾ।

ਦੇਸ਼ਾਂ ਵਿਦੇਸ਼ਾਂ ‘ਚ ਪੰਜਾਬੀ ਬੋਲੀ, ਸਾਹਿਤ ਤੇ ਕਲਾ ਲਈ ਪਿਛਲੇ ਕਈ ਸਾਲਾਂ ਤੋ ਸਮਰਪਿਤ ਸੁੱਖੀ ਬਾਠ ਹੁਰਾਂ ਨੇ ਕਿਹਾ ਕਿ ਮਨੁੱਖਤਾ ਦੀਆਂ ਸਮੱਸਿਆਵਾਂ ਵੱਲ ਧਿਆਨ ਦਿਵਾਉਣ ਅਤੇ ਸਮਾਜਿਕ ਜਾਗਰੂਕਤਾ ਲਿਆਉਣ ਲਈ ਨਾਟ-ਕਲਾ ਵਧੀਆ ਅਤੇ ਸੂਖਮ ਢੰਗ ਹੋਣ ਦੇ ਨਾਲ-ਨਾਲ ਚੁਣੌਤੀਪੂਰਨ ਵੀ ਹੈ । ਉਹਨਾਂ ਨੇ ਕਿਹਾ ਕਿ ਸਾਰੇ ਕਲਾਕਾਰ, ਪ੍ਰੋਡਕਸ਼ਨ ਟੀਮ ਅਤੇ ਦਰਸ਼ਕ ਵਧਾਈ ਦੇ ਪਾਤਰ ਹਨ ਅਤੇ ਉਹ ਅਜਿਹੇ ਉਪਰਾਲੇ ਜਾਰੀ ਰੱਖਣਗੇ। ਡਾਇਨੈਮਿਕ ਕਰੀਏਟਿਵ ਹੌਰਾਈਜ਼ਨਸ ਦੇ ਡਾਇਰੈਕਟਰ ਇੰਦਰਜੀਤ ਢਿੱਲੋਂ ਨੇ ਪੂਅਰ ਕਨੈਕਸ਼ਨ ਦੀ ਪੂਰੀ ਟੀਮ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਪੇਸ਼ ਕਰਦਿਆਂ ਕਿਹਾ ਕਿ ਉਹ ਸੁੱਖੀ ਬਾਠ ਮੋਟਰਜ਼ ਦੇ ਸਹਿਯੋਗ ਨਾਲ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਨਾਟਕ ਦੀ ਪੇਸ਼ਕਾਰੀ ਲਈ ਯਤਨ ਕਰਨਗੇ।

ਨਾਟਕ ਦੇ ਮੰਚਨ ਤੋਂ ਪਹਿਲਾਂ ਮੰਚ ਸੰਚਾਲਨ ਦੀ ਜਿੰਮੇਵਾਰੀ ਉਘੇ ਰੇਡੀਓ ਹੋਸਟ ਰਮਿੰਦਰ ਸਿੰਘ ਕੰਗ ਨੇ ਨਿਭਾਈ ਤੇ ਨਾਟਕ ਤੇ ਸਪਾਂਸਰਾਂ ਦਾ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ ਦੇਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਨਾਟਕ ਦੇ ਭਾਵਪੂਰਤ ਦ੍ਰਿਸ਼-ਤਸਵੀਰਾਂ ਦੀ ਜ਼ੁਬਾਨੀ…..

ਪ੍ਰਬੰਧਕਾਂ ਵਲੋਂ ਨਾਟਕ ਦੇ ਕਲਾਕਾਰਾਂ ਤੇ  ਮੁੱਖ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ-