Mar 7, 2026

ਪ੍ਰੀਮੀਅਰ ਡੈਨੀਅਲ ਸਮਿਥ, ਪ੍ਰੀਮੀਅਰ ਡੱਗ ਫੋਰਡ, ਪੀਅਰ ਪੋਲੀਵਰ ਸਮੇਤ ਕਈ ਆਗੂਆਂ ਨੇ ਸਟੈਂਪੀਡ ਦੀ ਰੌਣਕ ਵਧਾਈ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਨੇਡਾ ਦਾ ਸਭ ਤੋਂ ਵੱਡਾ ਰੋਡੀਓ ਕੈਲਗਰੀ ਸਟੈਂਪੀਡ ਮੇਲਾ ਜੋ ਕਿ 4 ਜੁਲਾਈ ਤੋਂ 13 ਜੁਲਾਈ ਤੱਕ ਹੈ, ਦਰਸ਼ਕਾਂ ਤੇ ਮੇਲਾ ਪ੍ਰੇਮੀਆਂ ਦੀ ਹਾਜਰੀ ਦੇ ਪੱਖੋਂ ਰਿਕਾਰਡ ਤੋੜਨ ਵਾਲਾ ਰਿਹਾ। ਪ੍ਰਬੰਧਕਾਂ ਵਲੋਂ ਉਮੀਦ ਪ੍ਰਗਟਾਈ ਗਈ ਹੈ ਕਿ ਵੀਰਵਾਰ ਨੂੰ ਮੇਲਾ ਦੇਖਣ ਵਾਲੇ ਲੋਕਾਂ ਦੀ ਗਿਣਤੀ 1 ਮਿਲੀਅਨ ਨੂੰ ਪਾਰ ਹੋ ਜਾਵੇਗਾ।  ਬੁੱਧਵਾਰ ਨੂੰ  160,000 ਤੋਂ ਵੱਧ ਲੋਕ ਗੇਟਾਂ ਵਿੱਚੋਂ ਲੰਘੇ ਹਨ। ਬੁੱਧਵਾਰ ਦੀ ਕੁੱਲ ਗਿਣਤੀ ਪਿਛਲੇ ਸਾਲ ਨਾਲੋ 970,000 ਤੋਂ ਵੱਧ ਹੈ। ਪਿਛਲੇ ਸਾਲ ਬੁੱਧਵਾਰ ਨੂੰ ਹਾਜ਼ਰੀ 134,000 ਸੀ, ਜਿਸ ਨਾਲ 2024 ਦੀ ਕੁੱਲ ਗਿਣਤੀ ਪੰਜ ਦਿਨਾਂ ਵਿੱਚ 905,000 ਹੋ ਗਈ।ਸਟੈਂਪੀਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਦੇ ਅੰਕੜੇ ਦੱਸਦੇ ਹਨ ਕਿ 10-ਦਿਨਾਂ ਦੇ ਸਮਾਗਮ ਨੂੰ 2024 ਦੇ 1,477,953 ਦੇ ਹਾਜ਼ਰੀ ਰਿਕਾਰਡ ਨੂੰ ਤੋੜਨ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।

ਇਸੇ ਦੌਰਾਨ ਸਟੈਂਪੀਡ ਦੌਰਾਨ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ, ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਤੋਂ ਇਲਾਵਾ ਕੈਲਗਰੀ ਤੋਂ ਐਮ ਪੀਜ਼ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਐਨ ਡੀ ਪੀ ਆਗੂ ਤੇ ਸਾਬਕਾ ਮੇਅਰ ਨਾਹੀਦ ਨੈਨਸ਼ੀ, ਐਮ ਐਲ ਏ ਗੁਰਿੰਦਰ ਬਰਾੜ, ਐਮ ਐਲ ਏ ਪਰਮੀਤ ਬੋਪਾਰਾਏ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸੰਗੀਤਕ ਪ੍ਰੋਗਰਾਮਾਂ ਦੌਰਾਨ ਨਾਮੀ ਗਾਇਕਾਂ ਤੇ ਸੰਗੀਤਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਪ੍ਰਤੀਨਿਧਾਂ ਵਲੋਂ ਵਿਸ਼ੇਸ਼ ਬਾਰਬੀਕਿਊ ਪ੍ਰੋਗਰਾਮ ਆਯੋਜਿਤ ਕੀਤੇ ਗਏ। ਕੈਲਗਰੀ ਦੇ ਉਘੇ ਬਿਜਨਸਮੈਨ ਕਰਮਪਾਲ ਸਿੰਘ ਸਿੱਧੂ ਨੇ ਆਪਣੇ ਬੈਸਟ ਬਾਇ ਫਰਨੀਚਰ ਸਟੋਰ ਦੇ ਬਾਹਰ ਗੀਤ ਸੰਗੀਤ ਦੇ ਪ੍ਰੋਗਰਾਮ ਦੇ ਨਾਲ ਬਾਰਬੀਕਿਊ ਪਾਰਟੀ ਕੀਤੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਾਮਿਲ ਹੋਕੇ ਵੰਨ ਸੁਵੰਨੇ ਖਾਣਿਆਂ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ ਤੇ ਹੋਰ ਕਈ ਸ਼ਖਸੀਅਤਾਂ ਨੇ  ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।