Mar 7, 2026

ਸੱਤੀ ਪਾਬਲਾ ਤੇ ਫਲਕ ਇਜਾਜ਼ ਦੀਆਂ ਬੁਲੰਦ ਆਵਾਜ਼ਾਂ ਨੇ ਬਿਖੇਰਿਆ ਜਾਦੂ –

ਗੀਤ ਸਕੂਲਾਂ,ਕਾਲਜਾਂ ਤੇ ਸਭਿ ਸਮਾਗਮਾਂ ਦਾ ਹਿੱਸਾ ਬਣੇ-ਭੌਰਾ

ਗੀਤ ਨੂੰ ਆਸ ਤੋਂ ਵਧੇਰੇ ਹੁੰਗਾਰਾ ਮਿਲਿਆ-ਅਮੋਲਕ ਗਾਖਲ-

ਵੈਨਕੂਵਰ ( ਦੇ ਪ੍ਰ ਬਿ)-ਪੰਜਾਬੀ ਗਾਇਕੀ ਦੇ ਬਦਲਦੇ ਹਾਲਾਤ ਦਰਮਿਆਨ ਐਸ ਅਸ਼ੋਕ ਭੌਰਾ ਤੇ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਅਫਜ਼ਲ  ਸਾਹਿਰ ਦਾ ਲਿਖਿਆ ਗੀਤ ‘ਪੰਜਾਬੀ ਸਾਡੀ ਬੋਲੀ ਅਸੀਂ ਦੇਸ਼ ਪੰਜਾਬ ਦੇ ਜਾਏ.. ਕੁੱਲ ਦੁਨੀਆਂ ‘ਤੇ ਝੰਡਾ ਰਹੂ ਬੁਲੰਦ ਪੰਜਾਬੀ ਦਾ..’ਜਿਸ ਨੂੰ ‘ਅਰਜੁਨ ਵੈਲੀ’ ਫੇਮ ਭੁਪਿੰਦਰ ਬੱਬਲ ਦੇ ਭਰਾ ਸੱਤੀ  ਪਾਬਲਾ  ਤੇ ਫਲਕ ਇਜਾਜ਼ ਨੇ ਆਵਾਜ਼ ਦਿੱਤੀ ਹੈ,ਇਹਨਾਂ ਦਿਨਾਂ ‘ਚ ਕੁਝ ਖਾਸ ਗੱਲਾਂ ਕਰਕੇ ਚਰਚਾ ‘ਚ ਹੈ। ਸੱਚੀਂ ਇਹ ਗੀਤ ਆਉਣ ਵਾਲੀਆਂ ਪੀੜੀਆਂ ਤੇ ਨਸਲਾਂ ਲਈ ਖਾਸ ਕਰ ਅੱਜ ਦੇ ਬੱਚਿਆਂ ਲਈ ਸੰਭਾਲਣ ਤੇ ਅਗਵਾਈ ਦੇਣ ਯੋਗ ਹੈ।ਗੀਤ ਦੇ ਰਚਨਹਾਰ ਐਸ ਅਸ਼ੋਕ ਭੌਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੀਤ ਸਕੂਲਾਂ ਕਾਲਜਾਂ ਦੇ ਸਮਾਗਮਾਂ ਤੋਂ ਸਿਵਾ ਭਾਸ਼ਾ ਵਿਭਾਗ,ਸੱਭਿਆਚਾਰ ਪੁਰਾਤਤਵ ਵਿਭਾਗ ਦੇ ਸਮਾਗਮਾਂ ‘ਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।ਇਸ ਦੀ ਉਚੇਚਾ ਪੇਸ਼ਕਾਰੀ ਤੇ ਕੋਰੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ, ਇਸ ਨਾਲ ਬੱਚਿਆਂ ਅੰਦਰ ਆਪਣੀ ਮਾਂ ਬੋਲੀ ਪ੍ਰਤੀ ਮੁਹੱਬਤ ਤੇ ਸਤਿਕਾਰ ਹੀ ਪੈਦਾ ਨਹੀਂ ਹੋਵੇਗਾ ਸਗੋਂ ਆਪਣੀ ਵਿਰਾਸਤ ਤੇ ਬੋਲੀ ਨਾਲ ਮੋਹ ਵੀ ਵਧੇਗਾ।ਗੀਤ ਨੂੰ ਰਿਲੀਜ ਕਰਨ ਵਾਲੇ ਗਾਖਲ ਗਰੁੱਪ ਦੇ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਗੀਤ ਨੂੰ ਆਸ ਤੋਂ ਕਿਤੇ ਵੱਧ ਹੁੰਗਾਰਾ ਮਿਲਿਆ ਹੈ।ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਅਲੀ ਹੈਦਰ ਟੀਪੂ  ਨੇ ਤੇ ਗੱਗੀ ਸਿੰਘ ਨੇ ਇਸ ਦਾ ਖੂਬਸੂਰਤ ਵੀਡੀਓ ਫਿਲਮਾਂਕਣ ਕੀਤਾ ਹੈ।ਸੱਤੀ ਪਾਬਲਾ  ਤੇ ਫਲਕ ਇਜਾਜ਼ ਦੀ ਬੁਲੰਦ ਤੇ ਰਸ ਭਿੰਨੀ ਆਵਾਜ਼ ਸੱਚੀ ਮੁੱਚੀ ਇਸ ਗੀਤ ਦੀ ਭਾਵਨਾ ਨਾਲ ਪੂਰਾ ਇਨਸਾਫ ਕਰਦੀ ਹੈ।ਸਾਨੂੰ ਇਹ ਗੀਤ ਆਪਣੀਆਂ ਮਹਿਫਿਲਾਂ, ਮੋਟਰ ਗੱਡੀਆਂ ‘ਚ ਪਹਿਲ ਦੇ ਤੌਰ ‘ਤੇ ਚਲਾਉਣਾ ਚਾਹੀਦਾ ਹੈ।ਗੀਤ ਸੱਚੀ ਮੁੱਚੀ ਹੀ ਇਤਿਹਾਸ ਰਚੇਗਾ ਤੇ ਨਵੀਂ ਪਿਰਤ ਪਾਏਗਾ।