ਅਲਫਾਜ਼ ਲਫਜ਼ਾਂ ਨਾਲ ਮੁਹੱਬਤ ਪਾਲਦਾ ਹੈ।ਉਸਦੀ ਮੁਹੱਬਤ ਹੀ ਉਸਨੂੰ ਮਿੱਤਰਾਂ ਦੇ ਮੇਲ ਲਈ ਪ੍ਰੇਰਦੀ ਹੈ।ਉਹ ਕਥਾਕਾਰ ਮਿਲਣੀ ਕਰਾਉਂਦਾ ਹੈ।ਇਸ ਮਿਲਣੀ ਲਈ ਉਹ ਮਿੱਤਰਾਂ ਨਾਲ ਵਿਉਂਤ ਬਣਾਉਂਦਾ ਹੈ।ਸਾਰੀ ਵਿਉਂਤਬੰਦੀ ਕਰਕੇ ਤਰੀਕ ਤਹਿ ਕਰ ਦਿੰਦਾ ਹੈ।ਫਿਰ ਮੋਹ ਭਰੇ ਸੁਨੇਹੇ ਘੱਲਦਾ ਹੈ।ਫੋਨ ਖੜਕਾਉਂਦਾ ਹੈ।ਪੋਸਟਾਂ ਪਾਉਂਦਾ ਹੈ।ਸਭ ਨੂੰ ਵਾਰ ਵਾਰ ਯਾਦ ਕਰਾਉਂਦਾ ਹੈ।ਨਾ ਅਕਦਾ ਹੈ।ਨਾ ਥਕਦਾ ਹੈ।ਨਾ ਹੀ ਘਬਰਾਉਂਦਾ ਹੈ।ਉਹ ਅਜਿਹਾ ਸ਼ਖ਼ਸ ਹੈ ਜਿਸਦੀ ਸੋਚ ਹੈ ਕਿ ਜੇ ਉਖਲੀ ‘ਚ ਸਿਰ ਦੇ ਲਿਆ ਤਾਂ ਮੂਹਲੀਆਂ ਤੋਂ ਕੀ ਡਰਨਾ ਹੈ।
ਉਸਦੀ ਮਿੱਤਰ ਮੰਡਲੀ ਊਰਜਾ ਨਾਲ ਭਰਪੂਰ ਹੈ।ਉਹ ਅਲਫਾਜ਼ ਨਾਲ ਚਟਾਨ ਵਾਂਗ ਖੜੇ ਹਨ।ਉਹ ਐਨੇ ਉਤਸ਼ਾਹੀ ਹਨ ਕਿ ਚਿੜੀਆਂ ਦਾ ਦੁੱਧ ਵੀ ਪੇਸ਼ ਕਰ ਸਕਦੇ ਹਨ ਅਤੇ ਅੰਬਰ ਵਿੱਚੋਂ ਤਾਰੇ ਵੀ ਤੋੜ ਸਕਦੇ ਹਨ।
ਭੁਪਿੰਦਰ ਮਾਨ,ਅਮਰਜੀਤ ਸਿੰਘ ਮਾਨ,ਆਗਾਜ਼ਬੀਰ,ਜਸਵਿੰਦਰ ਧਰਮਕੋਟ ਅਤੇ ਸੁਖਰਾਜ ਮੰਡੀਕਲਾਂ (ਕਿਤਾਬਾਂ ਵਾਲਾ) ਅਲਫਾਜ਼ ਦੀਆਂ ਖੱਬੀਆਂ ਸੱਜੀਆਂ ਬਾਂਹਾ ਹਨ।ਉਸਦੇ ਜਿਗਰੀ ਕਹਾਣੀਕਾਰ ਹਨ।
ਮੁੱਦਕੀ ਦੀ ਇਤਿਹਾਸਕ ਧਰਤੀ ‘ਤੇ ਐਤਵਾਰ ਉਨੱਤੀ ਜੂਨ ਨੂੰ ਕਲਮਾਂ ਦਾ ਇਕੱਠ ਹੋਇਆ।ਕਹਾਣੀਕਾਰ ਕੋਨੇ ਕੋਨੇ ਤੋਂ ਪਧਾਰੇ।ਆਲੋਚਕ ਵੀ ਆਏ।ਕੁਝ ਪਾਠਕ ਵੀ ਕਥਾਕਾਰਾਂ ਨੂੰ ਵੇਖਣ-ਸੁਨਣ ਪਹੁੰਚੇ ਸਨ।
ਪੰਜਾਹ ਸੱਠ ਨਾਮੀ ਸਾਹਿਤਕਾਰਾਂ ਦੇ ਪਹੁੰਚਣ ਦਾ ਪ੍ਰੋਗਰਾਮ ਸੀ ਪਰ ਅੰਕੜਾ 100 ਤੋਂ ਉੱਪਰ ਪੁੱਜ ਗਿਆ।ਇਹ ਗੱਲ ਸਮਾਗਮ ਦੀ ਸਫ਼ਲਤਾ ਦਾ ਸਿਖਰ ਹੈ।
ਗਰਮੀ ਆਪਣਾ ਜੌਹਰ ਵਿਖਾ ਰਹੀ ਸੀ।ਸਾਹਿਤਕਾਰ ਆਪਣਾ ਸਿਰੜ ਨਿਭਾ ਰਹੇ ਸਨ।ਇਹ ਸਮਾਗਮ ਸਫ਼ਲਤਾ ਅਤੇ ਸਿਖਰਤਾ ਨਾਲ ਸੰਪੰਨ ਹੋਇਆ।
ਅਸੀਂ ਬਠਿੰਡੇ, ਮੌੜ ਤੋਂ ਦਸ ਜਣੇ ਗਏ।ਪਹਿਲੀ ਕਾਰ ਵਿੱਚ ਕਹਾਣੀਕਾਰ ਅਤਰਜੀਤ ਦੇ ਨਾਲ ਸੁਖਰਾਜ ਮੰਡੀਕਲਾਂ,ਕਾ. ਜਰਨੈਲ ਭਾਈ ਰੂਪਾ,ਮੈਂ ਅਤੇ ਸੁਖਰਾਜ ਦੀ ਬੇਟੀ ਰਾਜਨ ਸਵਾਰ ਸਾਂ।
ਦੂਜੀ ਕਾਰ ਵਿਚ ਜਸਪਾਲ ਮਾਨਖੇੜਾ,ਭੁਪਿੰਦਰ ਮਾਨ,ਅਮਰਜੀਤ ਮਾਨ,ਆਗਾਜ਼ਬੀਰ ਅਤੇ ਗੁਰਪ੍ਰੀਤ ਜਟਾਣਾ ਸਨ।
ਅਸੀਂ ਸਮੇਂ ਸਿਰ ਪਹੁੰਚ ਗਏ।ਹੌਲੀ ਹੌਲੀ ਮੇਲਾ ਭਰਦਾ ਗਿਆ।ਚਾਹ ਪਾਣੀ ਪੀ ਕੇ ਪਹਿਲਾ ਸੈਸ਼ਨ ਸ਼ੁਰੂ ਹੋਇਆ।ਮੰਚ ਦੀ ਰਸਮੀ ਕਾਰਵਾਈ ਸੁਖਰਾਜ ਨੇ ਨਿਭਾਈ।ਉਸਨੇ ਲੇਖਕਾਂ ਨੂੰ ਜੀ ਆਇਆ ਆਖਿਆ ਅਤੇ ਬੈਠਣ ਦੀ ਅਪੀਲ ਕੀਤੀ।ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਕਵੀ ਅਤੇ ਕਹਾਣੀਕਾਰ ਚਰਨਜੀਤ ਸਮਾਲਸਰ ਨੇ ਬਾਖੂਬੀ ਚਲਾਇਆ।
ਡਾ. ਪਰਮਜੀਤ ਸਿੰਘ ਨੇ ਪੰਜਾਬੀ ਦੀ ਪਹਿਲੀ ਕਹਾਣੀ ਤੋਂ ਗੱਲਬਾਤ ਸ਼ੁਰੂ ਕਰਕੇ ਕਹਾਣੀ ਦੇ ਇਤਿਹਾਸ ‘ਤੇ ਚਾਨਣਾ ਪਾਇਆ।ਉਹਨਾਂ ਦੇ ਵਿਚਾਰਾਂ ਨੇ ਕਥਾਕਾਰਾਂ ਨੂੰ ਝੂਮਣ ਲਾ ਦਿੱਤਾ।
ਪੰਜਾਬੀ ਕਹਾਣੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਡਾ. ਸੰਦੀਪ ਰਾਣਾ ਨੇ ਪੇਪਰ ਪੜ੍ਹਿਆ।ਉਹਨਾਂ ਨੇ ਵਿਚਾਰ ਚਰਚਾ ਵਿੱਚ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਜ਼ਿਕਰ ਕਰਕੇ ਉਦਹਾਰਣਾਂ ਦੇਕੇ ਸਮਾਗਮ ਨੂੰ ਸਫ਼ਲ ਬਣਾਇਆ।
ਡਾ. ਕੁਲਦੀਪ ਸਿੰਘ ਦੀਪ ਵੱਲੋਂ ਕਹਾਣੀ ਨਾਲ ਜੁੜੇ ਮਸਲੇ ਪੈਨਲ ਦੇ ਰੂਪ ਵਿੱਚ ਵਧੀਆ ਤਰੀਕੇ ਨਾਲ ਗੁਰਮੀਤ ਕੜਿਆਵਲੀ ਅਤੇ ਡਾ. ਸਰਘੀ ਨਾਲ ਸੰਵਾਦ ਰਚਾਇਆ।ਪੰਜਾਬੀ ਕਹਾਣੀ ਵਿੱਚ ਨਕਲ ਦੀ ਸਮੱਸਿਆ,ਛਪਣ ਦੀ ਕਾਹਲ,ਵਿਸ਼ਾ ਅਤੇ ਬਿਰਤਾਂਤ ਦੀ ਦਿੱਕਤ ਅਤੇ ਸਾਹਿਤਕਾਰਾਂ ਵਿੱਚ ਇਨਾਮ ਸਨਮਾਨ ਪ੍ਰਾਪਤ ਕਰਨ ਦੀ ਜੁਗਾੜੀ ਦੌੜ ਵਿੱਚ ਸ਼ਮੂਲੀਅਤ ਬਾਰੇ ਸਵਾਲ ਕੀਤੇ ਗਏ।ਦੋਹਾਂ ਕਹਾਣੀਕਾਰਾਂ ਨੇ ਇਹਨਾਂ ਵਰਤਾਰਿਆਂ ਬਾਰੇ ਖੁੱਲ ਕੇ ਗੱਲਬਾਤ ਕੀਤੀ ਅਤੇ ਤਸੱਲੀਬਖਸ਼ ਜਵਾਬ ਦਿੱਤੇ।
ਰੋਟੀ ਖਾਣ ਬਾਅਦ ਦੂਜਾ ਸੈਸ਼ਨ ਸਮੇਂ ਸਿਰ ਸ਼ੁਰੂ ਹੋਇਆ।ਇਹ ਸ਼ੈਸ਼ਨ ਨਾਵਲਕਾਰ ਜਸਪਾਲ ਮਾਨਖੇੜਾ ਨੇ ਖੂਬਸੂਰਤ ਢੰਗ ਨਾਲ ਚਲਾਇਆ ਅਤੇ ਨਿਭਾਇਆ।ਉਸਨੇ ਨਾਲੇ ਗੱਲਾਂ ਨਾਲੇ ਗੀਤ ਵਰਗਾ ਮਾਹੌਲ ਸਿਰਜਿਆ। ਇਸ ਵਿਚ ਕਹਾਣੀਕਾਰਾਂ ਨੂੰ ਪਹਿਲਾਂ ਦਿੱਤੇ ਕਹਾਣੀ ਨਾਲ ਸੰਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਮੌਕਾ ਪ੍ਰਦਾਨ ਕੀਤਾ ਗਿਆ।ਸਾਰੇ ਹੀ ਕਹਾਣੀਕਾਰ ਨਿੱਠਕੇ ਬੋਲੇ।ਥੋੜੇ ਸਮੇਂ ਵਿੱਚ ਕਮਾਲ ਦੀਆਂ ਗੱਲਾਂ ਕੀਤੀਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸ਼ੁਸੀਲ ਦੁਸਾਂਝ ਵੱਲੋਂ ਅਸ਼ੀਰਵਾਦ ਦੇ ਰੂਪ ਵਿੱਚ ਵਿਚਾਰ ਪੇਸ਼ ਕੀਤੇ।ਅਸ਼ੀਰਵਾਦ ਦੇਣ ਵਾਲਿਆਂ ਵਿੱਚ ਅਤਰਜੀਤ ਜੀ,ਡਾ. ਸੁਰਜੀਤ ਬਰਾੜ,ਪਰਮਜੀਤ ਮਾਨ,ਡਾ. ਕਰਮਜੀਤ ਸਿੰਘ ਨਡਾਲਾ,ਡਾ.ਤਰਲੋਕ ਬੰਧੂ,ਖੁਸ਼ਵੰਤ ਬਰਗਾੜੀ,ਹਰਮੀਤ ਵਿਦਿਆਰਥੀ,ਹਰਮੀਤ ਆਰਟਿਸਟ,ਸਿਮਰਨ ਧਾਲੀਵਾਲ,ਪ੍ਰੋ ਮਨਦੀਪ ਸਿੰਘ,ਸਵਾਮੀ ਸਰਵਜੀਤ ਸ਼ਾਮਲ ਸਨ।
ਅੰਮ੍ਰਿਤਸਰ ਤੋਂ ਕਹਾਣੀਕਾਰਾ ਵਿਪਨ ਗਿੱਲ, ਜਸਪਾਲ ਕੌਰ ਅਤੇ ਰੋਜ਼ੀ ਸਿੰਘ ਨੇ ਸਿਰਕਤ ਕੀਤੀ।ਗੁਰਦਾਸਪੁਰ ਗੌਣ ਰਿਹਾ।
ਫਰੀਦਕੋਟ ਤੋਂ ਪ੍ਰਸਿੱਧ ਸਾਹਿਤਕਾਰ ਨਿੰਦਰ ਘੁਗਿਆਣਵੀ ਅਤੇ ਸ਼ਾਇਰ ਮਨਜੀਤਪੁਰੀ ਪਹੁੰਚੇ ਸਨ।
ਜਲੰਧਰ ਤੋਂ ਰਾਜਿੰਦਰ ਬਿਮਲ ,ਮੁਹੰਮਦ ਇਮਤਿਆਜ ਅਤੇ ਨਕਾਸ਼ ਚਿੱਟੇਵਾਣ ਆਏ।
ਮੋਗਾ ਭਗਤਾ ਤੋਂ ਜਸਵੀਰ ਕਲਸੀ, ਜਗਤਾਰ ਸਮਾਲਸਰ ਅਤੇ ਅੰਮ੍ਰਿਤ ਕਲੇਰ ਸਨ।
ਮਾਨਸਾ ਬੁਢਲਾਡਾ ਤੋਂ ਨਾਵਲਕਾਰ ਪ੍ਰਗਟ ਸਤੌਜ,ਨਾਵਲਕਾਰ ਅਜੀਜ਼ ਸਰੋਏ ਅਤੇ ਕਵੀ ਗੁਲ-ਆਬ ਦੀ ਸ਼ਮੂਲੀਅਤ ਸੀ।
ਬਰਨਾਲਾ ਦੇ ਕਥਾਕਾਰ ਕਿਨਾਰਾ ਕਰ ਗਏ।ਪਟਿਆਲਾ ਤੋਂ ਅੱਧ ਪਚੱਧੇ ਆਏ ਤੇ ਬਾਕੀ ਰਹਿ ਗਏ ।ਲੁਧਿਆਣਾ ਵੀ ਲੁਕਿਆ ਲੁਕਿਆ ਲੱਗਿਆ। ਸੰਗਰੂਰ ਦੀ ਸੋਝੀ ਨਹੀਂ ਹੈ।ਅਬੋਹਰ ਮੁਕਤਸਰ ਵੀ ਮੂੰਹ ਫੇਰ ਗਿਆ। ਸਮਰਾਲਾ ਤੋਂ ਸੰਦੀਪ ਸਮਰਾਲਾ ਆਪਣੇ ਸਾਥੀਆਂ ਨਾਲ ਸ਼ਾਮਲ ਸੀ।ਉਹ ਨਵੀਂ ਛਪੀ ਪੁਸਤਕ ਦੇ ਚਾਅ ਵਿੱਚ ਭੱਜਿਆ ਫਿਰਦਾ ਸੀ।
ਸਰਵਸ੍ਰੀ ਰਵਿੰਦਰ ਸਿੰਘ ਕੌਲਗੜ੍ਹ,ਧਰਮ ਸਿੰਘ ਪਰਵਾਨਾ,ਰਾਜਵਿੰਦਰ ਸਿੰਘ ਰਾਜਾ,ਮਨਦੀਪ ਡਡਿਆਣਾ,ਬਲਵੰਤ ਫਰਵਾਲੀ,ਯਤਿੰਦਰ ਮਾਹਲ,ਮਨਦੀਪ ਰਿੰਪੀ,ਗੁਰਮੀਤ ਸਿੰਗਲ,ਹਰਵਿੰਦਰ ਸਿੰਘ,ਸਰਘੀ ਵੜਿੰਗ,ਗੁਰਮੀਤ ਆਰਿਫ,ਡਾ.ਸੁਖਵਿੰਦਰ ਕੈਲੀਬਰ ਪ੍ਰਕਾਸ਼ਨ,ਅਮਨਦੀਪ ਖੀਵਾ,ਲਵਪ੍ਰੀਤ ਸਿੰਘ ਵੀ ਸਮਾਗਮ ਦੀ ਸ਼ਾਨ ਬਣੇ।
ਕੁਝ ਲੇਖਕ ਬਾਹਰ ਝੌਂਪੜੀ ਵਿੱਚ ਝੁੰਡ ਬਣਾਕੇ ਬੈਠੇ ਸਨ।ਜਿਹਨਾਂ ਦੇ ਇਸ ਮਜਮੇ ਦਾ ਬੁਰਾ ਮਨਾਇਆ ਗਿਆ। ਪਿੰਡ ਦੀ ਪੰਚਾਇਤ ਨੇ ਇਸ ਸਮਾਗਮ ਨੂੰ ਸੰਪੂਰਨ ਕੀਤਾ।ਸਤਿਕਾਰਯੋਗ ਸਰਪੰਚ ਸਾਹਿਬ ਅਤੇ ਪੰਚਾਇਤ ਮੈਬਰਾਂ ਨੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ।
ਅੰਤ ਵਿੱਚ ਅਲਫਾਜ਼ ਨੇ ਸਾਰਿਆਂ ਦਾ ਸਮਾਗਮ ਦੀ ਸਫ਼ਲਤਾ ਲਈ ਧੰਨਵਾਦ ਕੀਤਾ।ਨਿੱਕੀਆਂ ਮੋਟੀਆਂ ਘਾਟਾਂ ਨੂੰ ਕਬੂਲ ਕਰਦੇ ਹੋਏ ਅਗਲੀ ਮਿਲਣੀ ਲਈ ਅਹਿਦ ਕੀਤਾ।
ਸਮਾਗਮ ਸੰਪੰਨ ਹੋਇਆ ਤਾਂ ਮੀਂਹ ਲੈ ਪਿਆ।ਗਰਮੀ ਤੋਂ ਰਾਹਤ ਮਿਲੀ।ਵਿਆਹ ਵਰਗਾ ਚਾਅ ਮਨਾਉਂਦੇ ਹੋਏ ਸਾਰੇ ਜਣੇ ਇਕ ਦੂਜੇ ਤੋਂ ਵਿਦਾ ਹੋਏ।
ਮੈਂ ਅਕੇਲਾ ਹੀ ਚਲਾ ਥਾ,ਜਨਾਬਿ ਏ ਮੰਜ਼ਿਲ ਮਗਰ,
ਲੋਗ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ।
ਰਾਣਾ ਰਣਬੀਰ


