Mar 7, 2026

-ਸੁਖਵਿੰਦਰ ਸਿੰਘ ਚੋਹਲਾ—

 ਪਿਛਲੇ ਦਿਨਾਂ ਤੋਂ ਫਿਰੌਤੀਆਂ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਨਾਲ ਕੈਨੇਡਾ ਦੇ ਸਾਉਥ ਏਸ਼ੀਅਨ ਖਾਸਕਰ ਪੰਜਾਬੀ ਕਾਰੋਬਾਰੀ ਭਾਈਚਾਰੇ ਵਿਚ ਇਕ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਸਰੀ ਪੁਲਿਸ ਦਾ ਮੰਨਣਾ ਹੈ ਕਿ ਪਿਛਲੇ ਮਹੀਨੇ ਸਾਊਥ ਏਸ਼ੀਅਨ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ  ਜਬਰੀ ਵਸੂਲੀ ਦੀਆਂ ਧਮਕੀਆਂ ਦੀਆਂ ਰਿਪਰੋਟਾਂ ਵਿਚ ਕਾਫੀ ਵਾਧਾ ਹੋਇਆ ਹੈ। ਸਰੀ ਪੁਲਿਸ ਮੁਤਾਬਿਕ ਸਾਲ 2025 ਵਿਚ ਜਬਰੀ ਵਸੂਲੀ ਦੀਆਂ ਧਮਕੀਆਂ ਜਾਂ ਗੋਲੀਬਾਰੀ ਦੇ 19 ਮਾਮਲੇ ਦਰਜ ਕੀਤੇ ਗਏ ਹਨ। ਸਰੀ ਸ਼ਹਿਰ ਵਿਚ ਇਕ ਕਾਰੋਬਾਰੀ ਦਾ ਉਸਦੇ ਦਫਤਰ ਵਿਚ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਸ਼ਹਿਰ ਦੇ ਕਾਰੋਬਾਰੀਆਂ ਵਲੋਂ ਇਕ ਸੇਫਟੀ ਫੋਰਮ ਦਾ ਆਯੋਜਨ ਕੀਤਾ ਗਿਆ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ, ਮੇਅਰ ਤੇ ਪੁਲਿਸ ਅਧਿਕਾਰੀਆਂ ਵਲੋਂ ਸ਼ਮੂਲੀਅਤ ਕਰਦਿਆਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਦੇ ਸੰਕੇਤ ਦਿੱਤੇ ਪਰ ਇਸਦੇ ਬਾਵਜੂਦ ਫਿਰੌਤੀਆਂ ਲਈ ਧਮਕੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਵਿਚ ਉਘੇ ਕਾਮੇਡੀਅਨ ਕਪਿਲ ਸ਼ਰਮਾ ਜਿਹਨਾਂ ਨੇ ਪਿਛਲੇ ਦਿਨੀਂ ਹੀ ਸਰੀ ਵਿਚ ਆਪਣਾ ਇਕ ਕੈਫੇ ਖੋਹਲਿਆ ਸੀ, ਨੂੰ ਗੈਂਗਸਟਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਰਾਤ ਦੇ ਪੌਣੇ ਦੋ ਵਜੇ ਦੇ ਕਰੀਬ ਇਸ ਕੈਫੇ ਉਪਰ ਲਗਪਗ 9 ਗੋਲੀਆਂ ਦਾਗੀਆਂ ਗਈਆਂ। ਉਸ ਸਮੇਂ ਕੈਫੇ ਦਾ ਸਟਾਫ ਸਾਫ ਸਫਾਈ ਦੇ ਕੰਮ ਲਈ ਅੰਦਰ ਮੌਜੂਦ ਸੀ ਪਰ ਉਹਨਾਂ ਦਾ ਜਿਸਮਾਨੀ ਬਚਾਅ ਰਿਹਾ। ਕੈਫੇ ਦੇ ਸ਼ੀਸ਼ੇ ਦੀ ਦੀਵਾਰ ਵਿਚ ਗੋਲੀਆਂ ਲੱਗਣ ਨਾਲ ਨੁਕਸਾਨ ਹੋਇਆ ਹੈ। ਇਸ ਸਬੰਧ ਵਿਚ ਇਕ ਅਤਵਾਦੀ ਗਰੁੱਪ ਦੇ ਸਰਗਨੇ ਵਲੋਂ ਜਿੰਮੇਵਾਰੀ ਵੀ ਲਈ ਗਈ ਹੈ ਪਰ ਇਸ ਘਟਨਾ ਨੇ ਕਾਰੋਬਾਰੀਆਂ ਦੇ ਮਨਾਂ ਵਿਚ ਡਰ ਅਤੇ ਦਹਿਸ਼ਤ ਹੋਰ ਭਰ ਦਿੱਤੀ ਹੈ। ਕੋਈ ਵੀ ਨਵਾਂ ਕਾਰੋਬਾਰ ਕਰਨ ਲੱਗਿਆਂ ਇਹ ਸੋਚਣ ਲਈ ਮਜ਼ਬੂਰ ਹੋਵੇਗਾ ਕਿ ਉਹ ਜਾਂ ਉਸਦਾ ਕਾਰੋਬਾਰ ਸੁਰੱਖਿਅਤ ਹਨ ਜਾਂ ਨਹੀਂ। ਇਹ ਪੁਲਿਸ ਪ੍ਰਸਾਸ਼ਨ ਲਈ ਵੀ ਇਕ ਸਵਾਲ ਹੈ ਕਿ ਉਹ ਇਹਨਾਂ ਗੁੰਡੇ ਅਨਸਰਾਂ ਤੋਂ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦੇ ਹਨ ਜਾਂ ਨਹੀਂ। ਕੈਨੇਡਾ ਦੇ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰਾਂ ਬਰੈਂਪਟਨ, ਸਰੀ, ਐਡਮਿੰਟਨ ਤੇ ਕੈਲਗਰੀ ਵਿਚ ਅਜਿਹੀਆਂ ਡਰ ਤੇ ਦਹਿਸ਼ਤ ਫੈਲਾਉਣ ਵਾਲੀਆਂ ਖਬਰਾਂ ਦੀ ਅਕਸਰ ਚਰਚਾ ਹੈ। ਪੁਲਿਸ ਵਲੋਂ ਇਹਨਾਂ ਘਟਨਾਵਾਂ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਕਈ ਦਰਜਨ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਅਪਰਾਧੀਆਂ ਖਿਲਾਫ ਸਖਤ ਕਨੂੰਨਾਂ ਦੀ ਘਾਟ ਕਾਰਣ ਅਜਿਹੇ ਅਪਰਾਧੀ ਜਲਦ ਹੀ ਜ਼ਮਾਨਤਾਂ ਲੈਕੇ ਬਾਹਰ ਆ ਜਾਂਦੇ ਹਨ। ਬੀਤੇ ਦਿਨੀਂ ਸਰੀ ਸ਼ਹਿਰ ਵਿਚ  ਪੁਲਿਸ ਨੇ ਦੋ ਨੌਜਵਾਨਾਂ ਨੂੰ ਫਿਰੌਤੀਆਂ ਮੰਗਣ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ  ਪਰ ਬਾਅਦ ਵਿਚ ਪੁਲਿਸ ਨੇ ਸਬੂਤਾਂ ਦੀ ਘਾਟ ਕਾਰਣ ਉਹਨਾਂ ਨੂੰ ਰਿਹਾਅ ਕਰ ਦਿੱਤਾ। ਅਜਿਹੀ  ਸਥਿਤੀ ਵਿਚ ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ  ਡਗਮਗਾਇਆ ਹੈ। ਸ਼ਹਿਰ ਵਿਚ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਉਪਰ ਸਰੀ ਪੁਲਿਸ ਅਤੇ ਆਰ ਸੀ ਐਮ ਪੀ ਵਲੋਂ ਇਕ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਪਰ ਇਸ ਟੀਮ ਦੀ ਕੋਈ ਚੰਗੀ ਕਾਰਗੁਜਾਰੀ ਅਜੇ ਤੱਕ ਸਾਹਮਣੇ ਨਹੀਂ ਆਈ। ਲੋਕਾਂ ਵਿਚ ਚਰਚਾ ਹੈ ਕਿ ਆਰ ਸੀ ਐਮ ਪੀ ਜਾਂ ਸਥਾਨਕ ਪੁਲਿਸ ਪੰਜਾਬੀ ਭਾਈਚਾਰੇ ਵਿਚ ਵਾਪਰ ਰਹੀਆਂ ਇਹਨਾਂ ਅਪਰਾਧਿਕ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀ ਲੈਂਦੀ। ਉਹਨਾਂ ਦਾ ਇਹਨਾਂ ਘਟਨਾਵਾਂ ਨਾਲ ਨਿਪਟਣ ਦਾ ਵਿਵਹਾਰ ਬਿਲਕੁਲ ਗੈਂਗਸਟਰਾਂ ਦੀ ਗੈਂਗਵਾਰ ਨੂੰ ਪਾਸੇ ਖੜਕੇ ਤਮਾਸ਼ਬੀਨ ਵਾਂਗ ਨਿਹਾਰਨ ਵਾਲਾ  ਹੈ। ਕਿਉਂਕਿ ਫਿਰੌਤੀਆਂ ਲਈ ਧਮਕਾਉਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਦਾਇਰਾ ਸਾਊਥ ਏਸ਼ੀਅਨ ਜਾਂ ਕੈਨੇਡੀਅਨ ਪੰਜਾਬੀ ਭਾਈਚਾਰੇ ਤੱਕ ਹੀ ਸੀਮਿਤ ਹੈ। ਅਜਿਹੀ ਕੋਈ ਵੀ ਘਟਨਾ ਮੁੱਖ ਧਾਰਾ ਦੇ ਭਾਈਚਾਰੇ ਵਿਚ ਵਾਪਰਨ ਦੀ ਖਬਰ ਨਹੀ ਹੈ। ਸਮਝਿਆ ਜਾ ਸਕਦਾ ਹੈ ਕਿ ਜਦੋਂ ਇਹਨਾਂ ਡਰ ਅਤੇ ਦਹਿਸ਼ਤੀ ਕਾਰਵਾਈਆਂ ਦਾ ਮੁੱਖ ਧਾਰਾ ਦੇ ਕਿਸੇ ਭਾਈਚਾਰੇ ਉਪਰ ਕੋਈ ਪ੍ਰਭਾਵ ਨਹੀ ਤਾਂ ਇਹਨਾਂ ਦੀ ਰੋਕਥਾਮ ਜਾਂ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਲਈ ਪੁਲਿਸ ਜਾਂ ਸਰਕਾਰ ਉਪਰ ਦਬਾਅ ਬਣਾਉਣਾ ਕਿੰਨਾ ਕੁ ਸੰਭਵ ਹੈ। ਉਂਜ ਇੰਨੀ ਕੁ ਤਸੱਲੀ ਵਾਲੀ ਗੱਲ ਹੈ ਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਫੈਡ਼ਰਲ ਸਰਕਾਰ ਤੋਂ ਇਹਨਾਂ ਗੈਂਗਸਟਰਾਂ ਤੇ ਅਪਰਾਧੀਆਂ ਖਿਲਾਫ ਕਾਰਵਾਈ ਲਈ ਭਾਰਤੀ ਗੈਂਗਸਟਰ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਦਾ ਦੀ ਮੰਗ ਕੀਤੀ ਹੈ। ਪੁਲਿਸ ਦੀ ਇਹ ਪੁਖਤਾ ਰਿਪੋਰਟ ਹੈ ਕਿ ਓਨਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰਾਂ ਵਿਚ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਲਿੰਕ ਬਿਸ਼ਨੋਈ ਗੈਂਗਸਟਰ ਗਰੁੱਪ ਨਾਲ ਜੁੜੇ ਹੋਏ ਹਨ। ਇਸੇ ਦੌਰਾਨ ਇਹ ਸਵਾਲ ਉਠਦੇ ਰਹੇ ਹਨ ਕਿ ਭਾਰਤੀ ਗੈਂਗਸਟਰ ਗਰੁੱਪ ਕੈਨੇਡਾ ਵਰਗੇ ਮੁਲਕ ਵਿਚ ਸਰਗਰਮ ਕਿਵੇਂ ਹੈ। ਕੀ ਉਸਦੇ ਮੈਂਬਰ ਇਥੇ ਭਰਤੀ ਕੀਤੇ ਗਏ ਹਨ ਜਾਂ ਉਹਨਾਂ ਦਾ ਇੰਡੀਆ ਵਿਚ ਕੋਈ ਅਪਰਾਧਿਕ ਪਿਛੋਕੜ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੀ ਇਕ ਤਾਜਾ ਰਿਪੋਰਟ ਵੀ ਬਹੁਤ ਚਿੰਤਾਜਨਕ ਹੈ ਜਿਸ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਲਗਪਗ ਇਕ ਦਹਾਕੇ ਦੌਰਾਨ ਵਿਭਾਗ ਨੇ ਲਗਪਗ 17,500 ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਆਮ ਮੁਆਫੀ ਦਿੰਦਿਆਂ ਇਮੀਗ੍ਰੇਸ਼ਨ ਦਾ ਰਸਤਾ ਸਾਫ ਕੀਤਾ ਹੈ। ਭਾਰਤ ਅਤੇ ਹੋਰ ਵਿਕਾਸਸ਼ੀਲ ਮੁਲਕਾਂ ਤੋਂ ਅਪਰਾਧਿਕ ਬਿਰਤੀ ਵਾਲੇ ਲੋਕਾਂ ਦੀ ਕੈਨੇਡਾ ਵਿਚ ਇਮੀਗ੍ਰੇਸ਼ਨ ਲਈ ਉਥੋਂ ਦੇ ਭ੍ਰਿਸ਼ਟ ਪੁਲਿਸ ਕਲੀਅਰੈਂਸ ਸਿਸਟਮ ਉਪਰ ਉਠਾਏ ਜਾ ਰਹੇ ਸਵਾਲਾਂ ਦੇ ਵਿਪਰੀਤ ਇਸ ਨਵੇਂ ਖੁਲਾਸੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਉਪਰ ਵੀ ਨਵੇਂ ਸਵਾਲ ਖੜੇ ਕੀਤੇ ਹਨ। ਕੈਨੇਡਾ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਅਪਰਾਧਿਕ ਦਰ ਨੂੰ ਕਾਬੂ ਕਰਨ ਅਤੇ  ਲੋਕਾਂ ਦੇ ਰਹਿਣ ਲਈ ਮੁਲਕ ਵਿਚ  ਸੁਰੱਖਿਅਤ ਅਤੇ ਸ਼ਾਂਤ ਵਾਤਾਵਰਣ ਲਈ ਅਪਰਾਧਿਕ ਕਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਵਿਚ ਲੋੜੀਦੀਆਂ ਦਬਦੀਲੀਆਂ ਲਿਆਉਣ ਦੀ ਤੁਰੰਤ ਲੋੜ ਹੈ। ਵਰਨਾ ਕੈਨੇਡਾ ਨੂੰ ਮਾਨਵੀ ਹੱਕਾਂ ਦੇ ਅਲੰਬਰਦਾਰ ਦੀ ਥਾਂ ਅਪਰਾਧੀਆਂ ਲਈ ਸੁਰੱਖਿਅਤ ਸਵਰਗ ਹੋਣ ਦਾ ਧੱਬਾ ਮਿਟਾਉਣਾ ਸਹਿਜ ਨਹੀ ਹੋਵੇਗਾ।

— ਪੰਜਾਬ ਵਿਚ ਵੀ ਗੈਂਗਸਟਰ ਹਿੰਸਾ ਵਿਚ ਲਗਾਤਾਰ ਵਾਧਾ ਚਿੰਤਾਜਨਕ-

ਪੰਜਾਬ ਵਿੱਚ ਵੀ ਗੈਂਗਸਟਰ ਹਿੰਸਾ ਵਿੱਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਦੇ ਦਿਨ-ਦਿਹਾੜੇ ਹੋਏ ਕਤਲ ਅਤੇ ਅਭਿਨੇਤਰੀ ਤਾਨੀਆ ਦੇ ਪਿਤਾ ਡਾ ਕੰਬੋਜ ਨੂੰ ਮੋਗਾ ਦੇ ਕਲੀਨਿਕ ਵਿੱਚ ਗੋਲੀ ਮਾਰਨ ਦੀ ਘਟਨਾ ਨੇ ਇੱਕ ਤਰ੍ਹਾਂ ਨਾਲ ਪੁਲਿਸ ਸਰੱਖਿਆ ਤੰਤਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਕਿਵੇਂ ਸੰਗਠਿਤ ਅਪਰਾਧ ਤੰਤਰ ਸੂਬੇ ਵਿੱਚ ਸੌਖਿਆਂ ਹੀ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਗੋਲੀਬਾਰੀ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਕਲੀਨਿਕ ਵਰਗੀ ਜਨਤਕ ਸਹੂਲਤ ’ਚ ਮਰੀਜ਼ ਬਣ ਕੇ ਆਉਣਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦਾ ਖੌਫ਼ ਨਹੀਂ ਹੈ, ਜੋ ਵੱਡਾ ਡਰਾਉਣਾ ਤੱਥ ਹੈ। ਇਹ ਡੂੰਘੀ ਅਲਾਮਤ ਵੱਲ ਵੀ ਇਸ਼ਾਰਾ ਕਰਦਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ, ਨਸ਼ਿਆਂ ਦੀ ਆਦਤ, ਵਿਗੜਿਆ ਬਚਪਨ, ਗ਼ਰੀਬੀ ਅਤੇ ਤਾਕਤ ਤੇ ਤੇਜ਼ੀ ਨਾਲ ਪੈਸਾ ਕਮਾਉਣ ਦਾ ਲਾਲਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪਰਾਧ ਵੱਲ ਧੱਕ ਰਿਹਾ ਹੈ। ਸੋਸ਼ਲ ਮੀਡੀਆ ਦਾ ਪ੍ਰਚਾਰ ਅਤੇ ਗੈਂਗਸਟਰਾਂ ਨੂੰ ਵਡਿਆਉਣਾ ਅੱਗ ਵਿੱਚ ਹੋਰ ਤੇਲ ਪਾਉਂਦੇ ਹਨ। ਅਪਰਾਧ ਦਾ ਰਾਹ ਲੁਭਾਉਣਾ ਹੈ- ਪਰ ਇੱਕ ਵਾਰ ਇਸ ਵਿਚ ਵੜਨ ਤੋਂ ਬਾਅਦ ਇਸਨੂੰ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆਉਣਾ ਲਗਭਗ ਅਸੰਭਵ ਹੈ। ਸੂਬੇ ਨੂੰ ਫੌਰੀ ਤੌਰ ’ਤੇ ਇਸ ਸਮਾਜਿਕ-ਆਰਥਿਕ ਨਿਘਾਰ ਦਾ ਹੱਲ ਤਲਾਸ਼ਣਾ ਚਾਹੀਦਾ ਹੈ, ਜਿੱਥੋਂ ਅਸਲ ਵਿੱਚ ਅਪਰਾਧ ਜਨਮ ਲੈਂਦਾ ਹੈ। ਤਾਜ਼ਾ ਘਟਨਵਾਂ ਦੇ ਸੰਦਰਭ ਵਿਚ ਪੰਜਾਬ ਪੁਲੀਸ ਨੇ ਕੁਝ ਗ੍ਰਿਫ਼ਤਾਰੀਆਂ ਤੇ ਮੁਕਾਬਲਿਆਂ ਨਾਲ ਜਵਾਬੀ ਕਾਰਵਾਈ ਕੀਤੀ ਹੈ, ਪਰ ਇਹ ਪ੍ਰਤੀਕਿਰਿਆਵਾਦੀ ਕਦਮ ਹਨ।  ਪੰਜਾਬ ਵਿੱਚ ਅਪਰਾਧਕ-ਦਹਿਸ਼ਤੀ ਗੱਠਜੋੜ ਹੁਣ ਸਥਾਨਕ ਨਹੀਂ ਰਿਹਾ। ਇਹ ਕੌਮਾਂਤਰੀ ਤੇ ਤਕਨੀਕੀ ਤੌਰ ’ਤੇ ਸਮਰੱਥ ਅਤੇ ਵਿਚਾਰਧਾਰਕ ਤੌਰ ’ਤੇ ਅਸਥਿਰ ਹੋ ਚੁੱਕਾ ਹੈ। ਜਿੰਨਾ ਚਿਰ ਇਹ ਸੰਕਟ ਬਣਿਆ ਰਹੇਗਾ, ਪੰਜਾਬ ਦੇ ਭਵਿੱਖ ਨੂੰ ਮੁੜ ਪੈਰਾਂ ਸਿਰ ਕਰਨਾ ਅਤਿ ਮੁਸ਼ਕਿਲ ਹੋਵੇਗਾ। ( ਧੰਨਵਾਦ ਸਹਿਤ-ਗੁਗਲ ਸਰੋਤ)