ਸਰੀ ਵਿਚ ਇਕ ਸਮਾਗਮ ਦੌਰਾਨ ਕੈਨੇਡੀਅਨ ਐਨ ਆਰ ਆਈ ਆਰਗੇਨਾਈਜੇਸ਼ਨ ਵਲੋਂ ਪੰਜਾਬ ਤੋਂ ਆਏ ਐਮ ਪੀ ਹੇਅਰ ਦਾ ਸਨਮਾਨ-
ਸਰੀ ( ਦੇ ਪ੍ਰ ਬਿ)-ਬੀਤੀ ਸ਼ਾਮ ਪੰਜਾਬ ਦੇ ਸਾਬਕਾ ਮੰਤਰੀ ਤੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ ਪੀ ਗੁਰਮੀਤ ਸਿੰਘ ਮੀਤ ਹੇਅਰ ਦੇ ਮਾਣ ਵਿਚ ਉਘੇ ਵੈਟਰਨਰੀ ਡਾਕਟਰ ਹਾਕਮ ਸਿੰਘ ਭੁੱਲਰ ਤੇ ਬਘੇਲ ਸਿੰਘ ਭੁੱਲਰ ਵਲੋਂ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਮੀਡੀਆ ਕਰਮੀਆਂ ਨੂੰ ਸੰਬੋਧਨ ਹੁੰਦਿਆਂ ਮੀਤ ਹੇਅਰ ਨੇ ਆਪਣੇ ਪਹਿਲੀ ਵਾਰ ਕੈਨੇਡਾ ਆਉਣ ਅਤੇ ਇਥੇ ਪੰਜਾਬੀਆਂ ਵਲੋਂ ਕਾਰੋਬਾਰ, ਸਿਆਸਤ ਅਤੇ ਸਮਾਜ ਦੇ ਹੋਰ ਖੇਤਰਾਂ ਵਿਚ ਆਪਣੀ ਅਲਗ ਪਹਿਚਾਣ ਸਥਾਪਿਤ ਕਰਨ ਤੇ ਖੁਸ਼ੀ ਜਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿਚ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ ਜਿਸ ਲਈ ਉਹ ਪਰਵਾਸੀ ਪੰਜਾਬੀਆਂ ਦੇ ਪੰਜਾਬ ਪ੍ਰਤੀ ਪਿਆਰ ਅਤੇ ਚਿੰਤਾ ਤੋਂ ਪ੍ਰਭਾਵਿਤ ਹਨ। ਇਸ ਦੌਰਾਨ ਉਹਨਾਂ ਸੰਗਰੂਰ ਹਲਕੇ ਤੋਂ ਪਿਛਲੇ 7 ਸਾਲ ਵਿਚ ਲਗਾਤਾਰ ਤਿੰਨ ਜਿੱਤਾਂ ਦਾ ਜ਼ਿਕਰ ਕਰਦਿਆਂ ਲੋਕਾਂ ਦੇ ਪਿਆਰ ਸਤਿਕਾਰ ਨੂੰ ਵਡਿਆਇਆ। ਉਹਨਾਂ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਤੇ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਉਹ ਇਹ ਦਾਅਵਾ ਨਹੀ ਕਰਦੇ ਕਿ ਮਾਨ ਸਰਕਾਰ ਨੇ ਲੋਕਾਂ ਦੇ ਸਾਰੇ ਕੰਮ ਪੂਰੇ ਕਰ ਦਿੱਤੇ ਹਨ ਪਰ ਉਹ ਇਹ ਯਕੀਨ ਨਾਲ ਕਹਿ ਸਕਦੇ ਹਨ ਜੋ ਕੁਝ ਪੰਜਾਬ ਵਿਚ ਆਪ ਸਰਕਾਰ ਨੇ ਕੀਤਾ ਹੈ, ਉਹ ਕਿਸੇ ਹੋਰ ਸਰਕਾਰ ਨੇ ਨਹੀ ਕੀਤਾ। ਉਹਨਾਂ ਸਿੰਜਾਈ ਲਈ ਟੇਲਾਂ ਤੱਕ ਪਾਣੀ ਪਹੁੰਚਾਉਣ, 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਅਤੇ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸ਼ਿਫਾਰਸ਼ ਯੋਗ ਨੌਜਵਾਨਾਂ ਨੂੰ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਲਗਪਗ 53 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾਂ ਪੰਜਾਬ ਸਰਕਾਰ ਵਲੋਂ ਮਾਲੀਏ ਤੇ ਆਮਦਨ ਵਿਚ ਵਾਧੇ ਦਾ ਵੀ ਖਾਸ ਜ਼ਿਕਰ ਕੀਤਾ ਤੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਐਕਸਾਈਜ਼ ਤੋਂ 96 00 ਕਰੋੜ ਦੀ ਕਮਾਈ ਕੀਤੀ ਗਈ ਜਿਹੜੀ ਕਿ ਪਿਛਲੀ ਕਾਂਗਰਸ ਸਰਕਾਰ ਤੋਂ ਡਬਲ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਅਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਵਿਚ ਲੱਗੀ ਹੋਈ ਹੈ। ਉਹਨਾਂ ਸੋਸ਼ਲ ਮੀਡੀਆ ਉਪਰ ਕੁਝ ਲੋਕਾਂ ਵਲੋਂ ਸਰਕਾਰ ਖਿਲਾਫ ਟਿਪਣੀਆਂ ਬਾਰੇ ਕਿਹਾ ਕਿ ਕੋਈ ਜੋ ਵੀ ਕਹੇ ਪਰ ਅੰਕੜੇ ਬੋਲਦੇ ਹਨ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਨਾਲੋਂ ਕੀ ਅਲਗ ਕੀਤਾ ਤੇ ਕੀ ਕੀਤਾ ਜਾ ਰਿਹਾ ਹੈ।ਇਸ ਮੌਕੇ ਮੰਚ ਸੰਚਾਲਨ ਕਰਦਿਆਂ ਰੇਡੀਓ ਇੰਡੀਆ ਦੇ ਸੰਚਾਲਕ ਮਨਿੰਦਰ ਗਿੱਲ ਨੇ ਕੈਨੇਡਾ ਵਿਚ ਭਾਰਤੀ ਗੈਂਗਸਟਰ ਗਰੁੱਪਾਂ ਦੀ ਦਹਿਸ਼ਤ ਦਾ ਜ਼ਿਕਰ ਕਰਦਿਆਂ ਅਪੀਲ ਕੀਤੀ ਕਿ ਪੁਲਿਸ ਤੰਤਰ ਵਿਚ ਅਜਿਹਾ ਸੁਧਾਰ ਕੀਤਾ ਜਾਵੇ ਕਿ ਕੋਈ ਅਪਰਾਧੀ ਭ੍ਰਿਸ਼ਟ ਤਰੀਕਿਆਂ ਨਾਲ ਪੁਲਿਸ ਕਲੀਅਰੈਂਸ ਨਾ ਲੈ ਸਕੇ।
ਇਸ ਮੌਕੇ ਸੀਨੀਅਰ ਲਿਬਰਲ ਐਮ ਪੀ ਸੁਖ ਧਾਲੀਵਾਲ, ਬੀਸੀ ਸਰਕਾਰ ਦੇ ਸਪੀਕਰ ਸ੍ਰੀ ਰਾਜ ਚੌਹਾਨ ਤੇ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਪੰਜਾਬ ਤੋਂ ਆਏ ਮਹਿਮਾਨ ਐਮ ਪੀ ਨੂੰ ਜੀ ਆਇਆ ਕਿਹਾ ਤੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਵਿਚ ਆਪ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਇਮਾਨਦਾਰੀ ਨਾਲ ਕੰਮ ਕਰੇਗੀ। ਇਸ ਮੌਕੇ ਕੈਨੇਡੀਅਨ ਐਨ ਆਰ ਆਈ ਆਰਗੇਨਾਈਜੇਸ਼ਨ ਵਲੋਂ ਐਮ ਪੀ ਮੀਤ ਹੇਅਰ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਰਵਸ਼੍ਰੀ ਰਾਜ ਚੌਹਾਨ, ਮਨਿੰਦਰ ਗਿੱਲ, ਲਵਲੀਨ ਗਿੱਲ, ਬਾਲੀਵੁੱਡ ਐਕਟਰ ਤੇ ਮਾਡਲ ਅਮਨ ਧਾਲੀਵਾਲ, ਸੱਬਾ ਹੁੰਦਲ, ਕੁਲਵੰਤ ਸਿੰਘ ਢੇਸੀ, ਹਰਮੀਤ ਸਿੰਘ ਖੁੱਡੀਆਂ, ਹੈਰੀ ਕੂਨਰ, ਪੌਲ ਵੜੈੇਚ, ਡਾ ਸੁਖ ਕਾਹਲੋਂ, ਸਾਹਿਬ ਸਿੰਘ ਥਿੰਦ, ਦੀਪ ਰੰਧਾਵਾ ਬਾਜਪੁਰੀਆ, ਡਾ ਨਿਰਮਲ ਰੰਧਾਵਾ, ਡਾ ਜਸਬੀਰ ਰੋਮਾਣਾ, ਹਰਪ੍ਰੀਤ ਸਿੰਘ, ਸਮੀਰ ਕੌਂਸ਼ਲ, ਕੁਲਦੀਪ ਸਿੰਘ, ਦਵਿੰਦਰ ਬੈਨੀਪਾਲ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।















