ਬੀਸੀ ਦਾ ਸਰਮਾਇਆ ਚੀਨੀ ਖਜ਼ਾਨੇ ‘ਚ ਜਾਣ ਲੱਗਾ-
-ਮਨਿੰਦਰ ਸਿੰਘ ਗਿੱਲ—
ਸਰੀ (ਕੈਨੇਡਾ)- ਪਿਛਲੀਆਂ ਸੂਬਾਈ ਚੋਣਾਂ ਦੇ ਵਿੱਚ ਬਹੁਮਤ ਗਵਾ ਕੇ ਗਰੀਨ ਪਾਰਟੀ ਦੀਆਂ ਫੌੜੀਆਂ ਨਾਲ ਸਰਕਾਰ ਚਲਾਉਣ ਵਾਲੇ ਪ੍ਰੀਮੀਅਰ ਡੇਵਿਡ ਈਬੀ ਦੀ ਲੀਡਰਸ਼ਿਪ ਨਾਟਕੀ ਢੰਗ ਨਾਲ ਸਾਹ ਸਤ ਹੀਣ ਹੋ ਰਹੀ ਜਾਪਦੀ ਹੈ। ਅੱਜ ਬੀਸੀ ਸੂਬਾ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਦੀ ਜੜ੍ਹ ਡੇਵਿਡ ਈਬੀ ਦੀ ਪ੍ਰੀਮੀਅਰ ਵਜੋਂ ਨਾਕਾਮੀ ਹੈ। ਈਬੀ ਜਦੋਂ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਬਣੇ ਤਾਂ ਉਹ ਲੋਕਾਂ ਵੱਲੋਂ ਚੁਣੇ ਹੋਏ ਨਹੀਂ ਸਗੋਂ ਐਕਸੀਡੈਂਟਲ ਲੀਡਰ ਸਨ ਜੋ ਪਿਛਲੇ ਪ੍ਰੀਮੀਅਰ ਜੋਨ ਹੋਰਗਨ ਦੀ ਬਿਮਾਰੀ ਕਾਰਨ ਹੋਂਦ ਵਿਚ ਆਏ ਸਨ। ਜੋਨ ਹੋਰਗਨ ਅਤੇ ਡੇਵਿਡ ਈਬੀ ਦੇ ਲੀਡਰਸ਼ਿਪ ਸਟਾਈਲ ਵਿੱਚ ਬਹੁਤ ਅੰਤਰ ਹੈ ਜਿੱਥੇ ਜੋਨ ਹੌਰਗਨ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ ਜਿਨਾਂ ਨੇ ਕਈ ਸੰਤੁਲਿਤ ਬਜਟ ਬੀਸੀ ਸੂਬੇ ਨੂੰ ਦਿੱਤੇ ਸਨ ਉਥੇ ਡੇਵਿਡ ਈਬੀ ਦੇ ਪ੍ਰੀਮਿਅਰ ਬਣਨ ਤੋਂ ਬਾਅਦ ਪ੍ਰੀਮੀਅਰ ਆਫਿਸ ਵੱਲੋਂ ਸੱਤਾ ਦਾ ਕੇਂਦਰੀਕਰਨ ਆਰੰਭ ਹੋ ਗਿਆ ਅਤੇ ਹੋਰ ਅਦਾਰਿਆਂ ਅਤੇ ਸ਼ਹਿਰਾਂ ਦੀਆਂ ਤਾਕਤਾਂ ਖੋਹ ਕੇ ਪ੍ਰੀਮੀਅਰ ਆਫਿਸ ਅਤੇ ਸੂਬਾ ਸਰਕਾਰ ਨੂੰ ਸਰਬ ਸ਼ਕਤੀਮਾਨ ਬਣਾਉਣ ਦੀ ਗੈਰ ਲੋਕ ਤਾਂਤਰਿਕ ਇੱਛਾ ਭਾਰੂ ਹੋਣ ਲੱਗੀ।
ਡੇਵਿਡ ਈਬੀ ਦੇ ਇਸ ਲੀਡਰਸ਼ਿਪ ਸਟਾਈਲ ਦਾ ਨਤੀਜਾ ਇਹ ਨਿਕਲਿਆ ਕਿ ਪਿਛਲੀਆਂ ਸੂਬਾਈ ਚੋਣਾਂ ਵਿੱਚ ਐਨਡੀਪੀ ਨੂੰ ਜੋਨ ਹੌਰਗਨ ਵੱਲੋਂ ਹਾਸਿਲ ਕੀਤੀ ਗਈ ਬਹੁਮਤ ਵਾਲੀ ਸਰਕਾਰ ਗੁਆ ਕੇ ਫਿਰ ਘੱਟ ਗਿਣਤੀ ਸਰਕਾਰ ਬਣਾਉਣੀ ਪਈ। ਲੋਕਾਂ ਵੱਲੋਂ ਇੱਕ ਘੱਟ ਗਿਣਤੀ ਸਰਕਾਰ ਦਾ ਫਤਵਾ ਦੇ ਕੇ ਡੇਵਿਡ ਈਬੀ ਨੂੰ ਇੱਕ ਸੁਨੇਹਾ ਦਿੱਤਾ ਗਿਆ ਸੀ ਕਿ ਉਹ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲਣ ਜਿਸ ਵਿੱਚ ਲੋਕਾਂ ਦੀ ਸੁਣਵਾਈ ਹੋਵੇ ਪਰ ਇੰਜ ਜਾਪਦਾ ਹੈ ਕਿ ਡੇਵਿਡ ਈਬੀ ਨੇ ਕੋਈ ਵੀ ਸਬਕ ਸਿੱਖਣ ਤੋਂ ਪੱਲਾ ਝਾੜ ਲਿਆ ਹੈ। ਉਹਨਾਂ ਦੀ ਲੀਡਰਸ਼ਿਪ ਵਿੱਚ ਐਨਡੀਪੀ ਆਪਣੇ ਮਹੱਤਵਪੂਰਨ ਚੋਣ ਵਾਅਦੇ ਜਿਸ ਵਿੱਚ ਹਰੇਕ ਪਰਿਵਾਰ ਨੂੰ 1000 ਡਾਲਰ ਗਰੋਸਰੀ ਰਿਬੇਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੋਂ ਪਿੱਛੇ ਹਟ ਚੁੱਕੀ ਹੈ ਅਤੇ ਉਹ ਆਪਣੇ ਵੱਲੋਂ ਕਹੇ ਗਏ ਅਤੇ ਸੈੱਟ ਕੀਤੇ ਗਏ ਅਜੰਡੇ ਨੂੰ ਖੁਦ ਹੀ ਰੱਦ ਕਰ ਰਹੇ ਵਿਖਾਈ ਦੇ ਰਹੇ ਹਨ। ਜਦੋਂ ਕੈਨੇਡੀਅਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਅਰਥਚਾਰੇ ਉੱਤੇ ਟਰੰਪ ਨੇ ਟੈਰਿਫ਼ ਦਾ ਵਾਰ ਕੀਤਾ ਤਾਂ ਪ੍ਰੀਮੀਅਰ ਈਬੀ ਮੁਖਰ ਹੋ ਕੇ ਟਰੰਪ ਅਤੇ ਅਮਰੀਕਾ ਦੇ ਖਿਲਾਫ ਪ੍ਰਚਾਰ ਕਰਨ ਲੱਗੇ, ਉਹਨਾਂ ਕਿਹਾ ਸੀ ਕਿ ਅਮਰੀਕਾ ਦੀ ਸ਼ਰਾਬ ਬੀਸੀ ਦੇ ਲਿਕਰ ਸਟੋਰਾਂ ਤੋਂ ਚਕਵਾ ਦਿੱਤੀ ਜਾਵੇਗੀ। ਇਥੇ ਹੀ ਬੱਸ ਨਹੀਂ ਉਨ੍ਹਾਂ ਇਹ ਵੀ ਧਮਕੀ ਦਿੱਤੀ ਸੀ ਕਿ ਅਮਰੀਕਨ ਟਰੱਕ ਜੋ ਬੀਸੀ ਵਿੱਚੋਂ ਲੰਘ ਕੇ ਅਲਾਸਕਾ ਜਾਂਦੇ ਹਨ ਉਹਨਾਂ ਉੱਤੇ ਉਹ ਟੈਕਸ ਲਗਾ ਦੇਣਗੇ। ਸੋ ਉਹਨਾਂ ਨੇ ਕੈਨੇਡਾ ਫਸਟ ਅਤੇ ਕੈਨੇਡੀਅਨ ਬਿਜਨਸ ਨੂੰ ਤਰਜੀਹ ਦੇਣ ਦੀ ਗੱਲ ਵੀ ਕੀਤੀ ਪਰ ਜਦੋਂ ਇਹਨਾਂ ਗੱਲਾਂ ਨੂੰ ਯਥਾਰਥ ਵਿੱਚ ਉਤਾਰਨ ਦੀ ਵਾਰੀ ਆਈ ਤਾਂ ਡੇਵਿਡ ਈਬੀ ਅਤੇ ਬੀਸੀ ਫੈਰੀਜ ਨੇ ਕੈਨੇਡੀਅਨ ਲੋਕਾਂ ਦਾ ਦੋ ਬਿਲੀਅਨ ਡਾਲਰ ਦਾ ਸਰਮਾਇਆ ਚੀਨ ਨੂੰ ਭੇਜਣ ਦਾ ਫੈਸਲਾ ਕਰ ਲਿਆ। ਚਾਰ ਨਵੀਆਂ ਫੈਰੀਜ਼ ਦੇ ਨਿਰਮਾਣ ਦਾ ਕੰਮ ਕੈਨੇਡੀਅਨ ਕੰਪਨੀਆਂ ਅਤੇ ਕੈਨੇਡਾ ਦੇ ਮਿੱਤਰ ਦੇਸ਼ਾਂ ਨੂੰ ਦਰਕਿਨਾਰ ਕਰਕੇ ਇੱਕ ਅਜਿਹੇ ਮੁਲਕ ਦੀ ਸਰਕਾਰੀ ਕੰਪਨੀ ਕੋਲੋਂ ਕਰਵਾਉਣ ਦਾ ਫੈਸਲਾ ਦਾ ਬੀਸੀ ਫੈਰੀਜ਼ ਦੀ ਕਿਹੜੀ ਦੇਸ਼ ਭਗਤੀ ਦਾ ਪ੍ਰਤੀਕ ਹੈ ਇਹ ਮੇਰੀ ਸਮਝੋਂ ਬਾਹਰ ਹੈ ਜਦੋਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਨੂੰ ਕੈਨੇਡਾ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਗਰਦਾਨ ਚੁੱਕੇ ਹਨ। ਕੈਨੇਡੀਅਨਸ਼ਿਪ ਬਿਲਡਰਾਂ ਵੱਲੋਂ ਇਸ ਟੈਂਡਰ ਪ੍ਰਕਿਰਿਆ ਉੱਤੇ ਇਹ ਇਲਜ਼ਾਮ ਵੀ ਲਗਾਏ ਗਏ ਹਨ ਕਿ
ਜਿੱਥੇ ਟੈਂਡਰ ਜਾਰੀ ਕਰਨ ਦੌਰਾਨ ਕੈਨੇਡੀਅਨ ਬਿਜਨਸ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ ਉੱਥੇ ਟੈਂਡਰ ਨਿਯਮਾਵਲੀ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਤਾਂ ਜੋ ਚਾਈਨਾ ਦੀ ਸਰਕਾਰੀ ਕੰਪਨੀ ਇਸ ਕੰਮ ਨੂੰ ਆਸਾਨੀ ਨਾਲ ਹਾਸਲ ਕਰ ਸਕੇ। ਦੁੱਖ ਦੀ ਗੱਲ ਇਹ ਵੀ ਹੈ ਕਿ ਕੈਨੇਡੀਅਨ ਇੰਫਰਾਸਟਰਕਚਰ ਬੈਂਕ ਵੱਲੋਂ ਆ ਰਿਹਾ ਇੱਕ ਬਿਲੀਅਨ ਡਾਲਰ ਜੋ ਕਿ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ, ਕੈਨੇਡਾ ਵਿੱਚ ਜੋਬਸ ਕ੍ਰੀਏਟ ਕਰਨ ਅਤੇ ਕੈਨੇਡਾ ਦੀ ਇਕਾਨਮੀ ਨੂੰ ਇੱਕ ਹਲਾਰਾ ਦੇਣ ਲਈ ਰੱਖਿਆ ਗਿਆ ਸੀ ਉਹ ਪੈਸਾ ਹੁਣ ਚੀਨ ਦੀ ਸਰਕਾਰੀ ਕੰਪਨੀ ਦੀ ਜੇਬ ਵਿੱਚ ਪਾਉਣ ਦਾ ਕੰਮ ਡੇਵਿਡ ਈਬੀ ਦੀ ਸਰਕਾਰ ਕਰ ਰਹੀ ਹੈ। ਜਿਸ ਕੈਨੇਡਾ ਫਸਟ ਦਾ ਦਮ ਡੇਵਿਡ ਈਬੀ ਭਰ ਰਹੇ ਸਨ ਦਾ ਚੇਤਾ ਦੋ ਬਿਲੀਅਨ ਡਾਲਰ ਦਾ ਠੇਕਾ ਚੀਨੀ ਕੰਪਨੀ ਨੂੰ ਦੇਣ ਤੋਂ ਪਹਿਲਾਂ ਕਿਉਂ ਵਿਸਾਰ ਦਿੱਤਾ ਗਿਆ ? । ਕਹਿਣੀ ਤੇ ਕਰਨੀ ਵਿੱਚ ਅੰਤਰ ਭਾਵੇਂ ਪਹਿਲਾਂ ਵੀ ਦੇਖਿਆ ਗਿਆ ਹੈ ਪਰ ਇਹਨਾਂ ਹਾਲਾਤਾਂ ਵਿੱਚ ਜਦੋਂ ਕੈਨੇਡਾ ਨੂੰ ਕੈਨੇਡੀਅਨ ਇਕਾਨਮੀ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਪੂੰਜੀ ਨਿਵੇਸ਼ ਦੀ ਲੋੜ ਹੈ ਤਾਂ ਅਜਿਹੇ ਵੇਲੇ ਇਸ ਤਰ੍ਹਾਂ ਦੀ ਮੁਜ਼ਰਮਾਨਾ ਚੁੱਪ ਧਾਰ ਲੈਣਾ ਕੀ ਇੱਕ ਸੂਬੇ ਦੇ ਪ੍ਰੀਮੀਅਰ ਨੂੰ ਸ਼ੋਭਾ ਦਿੰਦਾ ਹੈ ?
ਜੇ ਗੱਲ ਜਨਤਕ ਸੁਰੱਖਿਆ ਦੀ ਕਰੀਏ ਤਾਂ ਬੀਸੀ ਖਾਸ ਤੌਰ ਤੇ ਲੋਅਰ ਮੇਨ ਲੈਂਡ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਆਏ ਦਿਨ ਕਾਰੋਬਾਰਾਂ ਉੱਪਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਗੈਰ ਸਮਾਜਿਕ ਅਨਸਰਾਂ ਵੱਲੋਂ ਵਪਾਰੀ ਵਰਗ ਦੇ ਕੋਲੋਂ ਡਰਾ ਧਮਕਾ ਕੇ ਫਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਤਕਰੀਬਨ ਦੋ ਸਾਲ ਤੋਂ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਫਰੌਤੀਆਂ ਦੇ ਮਸਲੇ ਵਿੱਚ ਜਦੋਂ ਬੀਸੀ
ਦੀ ਕਾਰਗੁਜ਼ਾਰੀ ਨੂੰ ਓਂਟਾਰੀਓ ਜਾਂ ਅਲਬਰਟਾ ਨਾਲ ਮਿਲਾਨ ਕਰਕੇ ਦੇਖਿਆ ਜਾਂਦਾ ਹੈ ਤਾਂ ਬੀਸੀ ਇਹਨਾਂ ਗੈਰ ਸਮਾਜਿਕ ਤੱਤਾਂ ਨੂੰ ਫੜਨ ਅਤੇ ਚਾਰਜ ਕਰਨ ਵਿੱਚ ਕਾਫੀ ਪਿੱਛੇ ਹੈ। ਸਮਾਜਿਕ ਸੁਰੱਖਿਆ ਦੇ ਨਾਮ ਉੱਤੇ ਸਿਰਫ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਜਦੋਂ ਕਿ ਲੋਕਾਂ ਦੇ ਜਾਨ ਤੇ ਮਾਲ ਦੀ ਰਖਵਾਲੀ ਜੋ ਕਿ ਕਿਸੇ ਵੀ ਸਰਕਾਰ ਦਾ ਮੁੱਢਲਾ ਫਰਜ਼ ਹੈ ਨੂੰ ਯਕੀਨੀ ਬਣਾਉਣ ਵਿੱਚ ਸੂਬਾ ਸਰਕਾਰ ਫੇਲ ਰਹੀ ਹੈ। ਚਾਹੇ ਸਰੀ ਪੁਲਿਸ ਤਬਾਦਲੇ ਦੀ ਗੱਲ ਹੋਵੇ ਜਾਂ ਕਿਸੇ ਇੱਕ ਮੁਜਰਮ ਗਰੋਹ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ, ਈਬੀ ਵੱਲੋਂ ਕੀਤੀ ਜਾਂਦੀ ਮੰਗ ਵਿੱਚੋਂ ਸਿਰਫ ਤੇ ਸਿਰਫ ਰਾਜਨੀਤੀ ਝਲਕਦੀ ਹੈ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਫਿਕਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਸਵਾਲ ਉੱਠਦਾ ਹੈ ਕਿ ਕੀ ਕਿਸੇ ਇੱਕ ਗਰੋਹ ਨੂੰ ਅੱਤਵਾਦੀ ਗਰੋਹ ਐਲਾਨ ਦੇਣ ਨਾਲ ਫਰੌਤੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ, ਕੀ ਸਿਰਫ ਇੱਕ ਹੀ ਗਿਰੋਹ ਬੀਸੀ ਦੇ ਲੋਕਾਂ ਤੋਂ ਫਰੌਤੀਆਂ ਵਸੂਲ ਕਰ ਰਿਹਾ ਹੈ, ਕਿ ਡੇਵਿਡ ਈਬੀ ਇਸ ਤੱਥ ‘ਤੇ ਚਾਨਣਾ ਪਾ ਸਕਦੇ ਹਨ ?। ਪਿਛਲੇ ਦਿਨੀ ਸਰੀ ਦੇ ਸਕਾਟ ਰੋਡ ਉੱਪਰ ਵਿਸ਼ਵ ਪ੍ਰਸਿੱਧ ਕੈਮੇਡੀਅਨ ਕਪਿਲ ਸ਼ਰਮਾ ਵੱਲੋਂ ਖੋਲ੍ਹੇ ਗਏ ‘ਕੈਪਸ ਕੈਫੇ’ ਉੱਤੇ ਹੋਈ ਗੋਲੀਬਾਰੀ ਨੇ ਕੈਨੇਡਾ, ਬੀਸੀ ਅਤੇ ਸਰੀ ਸ਼ਹਿਰ ਦਾ ਨਾਮ ਵਿਸ਼ਵ ਪੱਧਰ ‘ਤੇ ਬਦਨਾਮ ਕੀਤਾ ਹੈ। ਜੇ ਟੈਰਿਫ ਨਾਲ ਜੂਝ ਰਹੀ ਆਰਥਿਕਤਾ ਵਿੱਚ ਇਸ ਤਰਾਂ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਜਾਰੀ ਰਹੇਗਾ ਤਾਂ ਕੌਣ ਵਿਅਕਤੀ ਆਪਣਾ ਸਰਮਾਇਆ ਬੀਸੀ ਅਤੇ ਸਰੀ ਸ਼ਹਿਰ ਵਿੱਚ ਲਗਾਉਣ ਲਈ ਰਾਜ਼ੀ ਹੋਵੇਗਾ। ਇਸ ਘਟਨਾ ਤੋਂ ਪਹਿਲਾਂ ਆਰਸੀਐਮਪੀ ਵੱਲੋਂ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਨ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਲੋਕ ਇਸ ਗੱਲ ਨੂੰ ਸੈਲੀਬਰੇਟ ਕਰਨ ਅਤੇ ਜਸ਼ਨ ਮਨਾਉਣ ਕਿ ਫਰੌਤੀ ਮੰਗਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ
ਇਹ ਖੁਸ਼ੀ ਜਿਆਦਾ ਦੇਰ ਨਹੀਂ ਚੱਲੀ ਕਿਉਂਕਿ ਅਗਲੇ ਦਿਨ ਹੀ ਖਬਰ ਆ ਗਈ ਕਿ ਉਹਨਾਂ ਦੋਸ਼ੀਆਂ ਨੂੰ ਬਿਨਾਂ ਚਾਰਜ ਲਾਏ ਛੱਡ ਦਿੱਤਾ ਗਿਆ ਹੈ। ਕੀ ਇਹ ਪ੍ਰੈਸ ਕਾਨਫਰੰਸ ਸਿਰਫ ਲੋਕਾਂ ਦੇ ਹੰਝੂ ਪੂੰਝਣ ਲਈ ਕੀਤੀ ਗਈ ਸੀ ? ਕੀ ਬੀਸੀ ਦੇ ਸਲਿਸਟਰ ਜਨਰਲ ਜੋ ਕਿ ਸਰੀ ਸ਼ਹਿਰ ਤੋਂ ਹੀ ਐਮਐਲਏ ਗੈਰੀ ਬੈਗ ਹਨ ਇਸ ਗੱਲ ਦਾ ਜਵਾਬ ਦੇ ਸਕਦੇ ਹਨ ਕਿ ਲੋਕਾਂ ਨੂੰ ਇਸ ਗੰਭੀਰ ਮਸਲੇ ‘ਤੇ ਹਨੇਰੇ ਵਿੱਚ ਕਿਉਂ ਰੱਖਿਆ ਜਾ ਰਿਹਾ ਹੈ ਅਤੇ ਧਿਆਨ ਭਟਕਾਊ ਕਾਰਵਾਈਆਂ ਕਿਉਂ ਕੀਤੀਆਂ ਜਾ ਰਹੀਆਂ ਹਨ ? ਅੱਜ ਬ੍ਰਿਟਿਸ਼ ਕੋਲੰਬੀਆ ਨੂੰ ਗਲੋਬਲ ਫੈਂਟਾਨਿਲ ਕੈਪੀਟਲ ਯਾਨੀ ਕਿ ਦੁਨੀਆ ਦੀ ਨਸ਼ੇ ਦੀ ਰਾਜਧਾਨੀ ਬਣਨ ਦਾ ਕਲੰਕ ਝੱਲਣਾ ਪੈ ਰਿਹਾ ਹੈ। ਅਮਰੀਕਾ ਨੇ ਕੈਨੇਡਾ ਉੱਤੇ ਟੈਰਿਫ ਲਗਾਉਣ ਲੱਗੇ ਇਸੇ ਫੈਂਟਾਨਿਲ ਵਪਾਰ ਦਾ ਹਵਾਲਾ ਦਿੱਤਾ ਸੀ। ਬੀਸੀ ਵਿੱਚ ਡਰੱਗ ਦੀਆਂ ਵੱਡੀਆਂ ਵੱਡੀਆਂ ਸੁਪਰ ਲੈਬਸ ਸਥਾਪਿਤ ਹੋ ਚੁੱਕੀਆਂ ਹਨ ਅਤੇ ਵੱਡੇ ਵੱਡੇ ਡਰੱਗ ਸਿੰਡੀਕੇਟ ਇੱਥੇ ਕੰਮ ਕਰ ਰਹੇ ਹਨ, ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਡਰੱਗ ਸੁਪਰ ਲੈਬ ਬੀਸੀ ਵਿੱਚ ਫੜੀ ਗਈ ਅਤੇ ਬੀਸੀ ਦੇ ਵਸਨੀਕ ਵਿਅਕਤੀ ਆਸਟਰੇਲੀਆ ਤੱਕ ਡਰੱਗ ਰੈਕਟ ਵਿੱਚ ਗ੍ਰਿਫਤਾਰ ਹੋਏ। ਬੀਸੀ ਦੇ ਪੋਰਟਸ ਨੂੰ ਸੁਰੱਖਿਅਤ ਕਰਨ ਲਈ ਅਤੇ ਨਸ਼ੇ ਦੀ ਇਸ ਅਲਾਮਤ ਜਿਸਦੇ ਕਾਰਨ ਹਜ਼ਾਰਾਂ ਹੀ ਲੋਕ ਬ੍ਰਿਟਿਸ਼ ਕਲੰਬੀਆ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਨੂੰ ਠੱਲ ਪਾਉਣ ਲਈ ਸਰਕਾਰ ਦੀ ਕੀ ਰਣਨੀਤੀ ਹੈ ਉਹ ਅੱਜ ਤੱਕ ਲੋਕਾਂ ਦੇ ਸਾਹਵੇਂ ਨਹੀਂ ਆ ਸਕੀ।
ਅੱਜ ਬੀਸੀ ਸੂਬਾ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਵਿੱਚ ਘਿਰਿਆ ਹੋਇਆ ਦਿਸ ਰਿਹਾ ਹੈ ਜਿਸ ਨੂੰ ਮੌਜੂਦਾ ਲੀਡਰਸ਼ਿਪ ਪ੍ਰੀਮੀਅਰ ਡੇਵਿਡ ਈਬੀ, ਸਲਿਸਟਰ ਜਨਰਲ ਗੈਰੀ ਬੈਗ ਅਤੇ ਅਟਾਰਨੀ ਜਨਰਲ ਨਿਕੀ ਸ਼ਰਮਾ ਹੱਲ ਕਰਨ ਵਿੱਚ ਨਾ ਕਾਮਯਾਬ ਰਹੇ ਹਨ ਇਸ ਲਈ ਲੋਕਾਂ ਦਾ ਐਨਡੀਪੀ ਸਰਕਾਰ ‘ਤੋਂ ਭਰੋਸਾ ਉੱਠ ਚੁੱਕਾ ਹੈ।
ਹਰ ਸੁਹਿਰਦ ਸੂਬਾ ਵਾਸੀ ਹੁਣ ਖੁੱਲ੍ਹੇਆਮ ਮੰਗ ਕਰ ਰਿਹਾ ਹੈ ਕਿ ਸੂਬੇ ਦੀ ਸਾਖ਼ ਬਚਾਉਣ ਲਈ ਪ੍ਰੀਮੀਅਰ ਡੇਵਿਡ ਈਬੀ, ਗੈਰੀ ਬੈੱਗ ਅਤੇ ਨਿੱਕੀ ਸ਼ਰਮਾ ਨੂੰ ਤੁਰੰਤ ਅਸਤੀਫੇ ਦੇਕੇ ਲਾਂਭੇ ਹੋ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਬੀਸੀ ਪੱਖੀ ਸੋਚ ਵਾਲੀ ਲੀਡਰਸ਼ਿੱਪ ਅੱਗੇ ਆਕੇ ਇਸਦੀ ਦਿੱਖ ਬਹਾਲ ਕਰ ਸਕੇ।

