ਸਰੀ ( ਗੁਰਵਿੰਦਰ ਸਿੰਘ)- -ਸਿਟੀ ਆਫ ਸਰੀ ਦੀ ਮੇਅਰ ਮਾਨਯੋਗ ਬਰੈਂਡਾ ਲੌਕ ਵੱਲੋਂ ਸੋਮਵਾਰ 14 ਜੁਲਾਈ ਨੂੰ, ਸਿਟੀ ਹਾਲ ਵਿਖੇ ‘ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ’ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਦੀ ਧਰਤੀ ਤੋਂ, ਨਸਲੀ ਵਿਤਕਰੇ ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਵਾਪਸ ਮੋੜ ਦਿੱਤਾ ਗਿਆ ਸੀ। ਸਿਟੀ ਆਫ ਸਰੀ ਨੇ 23 ਜੁਲਾਈ ਦੇ ਦਿਹਾੜੇ ਨੂੰ ‘ਗੁਰੂ ਨਾਨਕ ਜਹਾਜ਼ ਰਿਮੈਬਰਸ ਡੇਅ’ ਘੋਸ਼ਤ ਕੀਤਾ ਹੈ। ਮੇਅਰ ਬਰੈਂਡਾ ਲੌਕ ਵੱਲੋਂ ਇਹ ਪ੍ਰੋਕਲੇਮੇਸ਼ਨ ਕੌਂਸਲ ਮੀਟਿੰਗ ਵਿੱਚ ਰੱਖਿਆ ਗਿਆ, ਜਿਸ ਨੂੰ ਕੌਂਸਲਰ ਹੈਰੀ ਬੈਂਸ ਨੇ ਪੜਿਆ। ਇਸ ਉਪਰਾਲੇ ਲਈ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਨੇ ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ, ਸਮੁੱਚੀ ਸਿਟੀ ਕੌਂਸਲ ਅਤੇ ਵਿਸ਼ੇਸ਼ ਕਰ ਸ. ਸਰਬਜੀਤ ਸਿੰਘ ਬੈਂਸ ਹੁਰਾਂ ਦੇ ਅਣਥਕ ਉਪਰਾਲੇ ਦਾ ਧੰਨਵਾਦ ਕੀਤਾ। 23 ਜੁਲਾਈ, ਦਿਨ ਬੁਧਵਾਰ ਨੂੰ ਸਿਟੀ ਹਾਲ ਸਰੀ ਦੇ ਮੇਅਰ ਦੇ ਚੈਂਬਰ ਵਿਖੇ ਗੁਰੂ ਨਾਨਕ ਜਹਾਜ਼ ਦਿਹਾੜੇ ਤੇ ਸਮਾਗਮ ਹੋਵੇਗਾ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਸ਼ਾਮਿਲ ਹੋਣਗੀਆਂ। ਗੁਰੂ ਨਾਨਕ ਜਹਾਜ਼ ਰਿਮੈਬਰਸ ਡੇਅ ਦੇ ਸਿਟੀ ਆਫ ਸਰੀ ਦੇ ਐਲਾਨਨਾਮੇ ਤੋਂ ਪਹਿਲਾਂ, ਸਿਟੀ ਆਫ ਵੈਨਕੂਵਰ ਵੱਲੋਂ ਇਸ ਸਾਲ 23 ਮਈ ਨੂੰ ਗੁਰੂ ਨਾਨਕ ਜਹਾਜ਼ ਦਿਹਾੜਾ ਘੋਸ਼ਤ ਕਰਕੇ ਇਤਿਹਾਸਿਕ ਕਦਮ ਚੁੱਕਿਆ ਜਾ ਚੁੱਕਿਆ ਗਿਆ ਹੈ।
