ਕਪਿਲ ਵਲੋਂ ਹਿੰਸਾ ਖਿਲਾਫ ਦ੍ਰਿੜਤਾ ਨਾਲ ਖੜੇ ਹੋਣ ਦਾ ਸੁਨੇਹਾ-
ਵੈਨਕੂਵਰ ( ਦੇ ਪ੍ਰ ਬਿ)– ਪ੍ਰਸਿਧ ਕਾਮੇਡੀਅਨ ਕਪਿਲ ਸ਼ਰਮਾ ਦੇ ਸਰੀ ਦੀ ਸਕੌਟ ਰੋਡ ਉਪਰ ਨਵੇਂ ਖੋਹਲੇ ਗਏ ਕੈਫੇ ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀਬਾਰੀ ਕੀਤੇ ਜਾਣ ਤੋਂ ਬਾਦ ਇਸਨੂੰ ਭਾਰਤੀ ਮੀਡੀਆ ਦੁਆਰਾ ਖਾਲਿਸਤਾਨੀ ਕਾਰਕੁੰਨਾਂ ਨਾਲ ਜੋੜਨ ਤੇ ਖਾਲਿਸਤਾਨੀ ਸਮਰਥਕਾਂ ਵਲੋਂ ਇਸਨੂੰ ਭੰਡੀ ਪ੍ਰਚਾਰ ਦਾ ਨਾਮ ਦੇਣ ਦੇ ਦਰਮਿਆਨ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵਲੋਂ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ਰਾਹੀ ਕਪਿਲ ਸ਼ਰਮਾ ਨੂੰ ਕੈਨੇਡਾ ਦੀ ਧਰਤੀ ਤੋਂ ਆਪਣਾ ਕਾਰੋਬਾਰ ਤੁਰੰਤ ਸਮੇਟਣ ਦੀ ਧਮਕੀ ਦਿੱਤੀ ਹੈ। ਉਧਰ ਕਪਿਲ ਦੀ ਤਰਫੋ ਕੈਪਸ ਕੈਫੇ ਵਲੋਂ ਇਕ ਸੁਨੇਹੇ ਰਾਹੀਂ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਤੋ ਡਰਕੇ ਆਪਣਾ ਕੰਮ ਬੰਦ ਕਰਨ ਵਾਲੇ ਨਹੀਂ।
ਖਾਲਿਸਤਾਨ ਪੱਖੀ ਸਿਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਰਾਹੀਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ “ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ”। ਉਹਨਾਂ ਕਪਿਲ ਵਲੋਂ ਕੈਨੇਡਾ ਵਿਚ ਕਾਰੋਬਾਰ ਦੇ ਰਾਹੀਂ ਮੋਦੀ ਸਰਕਾਰ ਦੇ ਹਿੰਦੂਤਵੀ ਏਜੰਡੇ ਦਾ ਪ੍ਰਚਾਰ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਖੂਨ ਦੀ ਕਮਾਈ ਨੂੰ ਕੈਨੇਡਾ ਚੋਂ ਸਮੇਟ ਕੇ ਹਿੰਦੁਸਤਾਨ ਵਾਪਿਸ ਪਰਤ ਜਾਵੇ। ਕੈਨੇਡਾ ਦੀ ਧਰਤੀ ਤੇ ਅਜਿਹੇ ਕਾਰੋਬਾਰ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਪੰਨੂੰ ਵਲੋਂ ਇਹ ਧਮਕੀ ਕਪਿਲ ਸ਼ਰਮਾ ਦੇ ਸਰੀ ਵਿੱਚ ਨਵੇਂ ਖੁੱਲ੍ਹੇ ਰੈਸਟੋਰੈਂਟ, ਕੈਪਸ ਕੈਫੇ, ‘ਤੇ 4 ਜੁਲਾਈ ਬੁੱਧਵਾਰ ਰਾਤ ਅਣਪਛਾਤੇ ਵਿਅਕਤੀਆਂ ਦੁਆਰਾ ਹਮਲਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ। ਇਸ ਹਮਲੇ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਨਾਮ ਦੀ ਇਕ ਪਾਬੰਦੀਸ਼ੁਦਾ ਜਥੇਬੰਦੀ ਦੇ ਕਾਰਕੁੰਨ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਵਲੋਂ ਲਈ ਗਈ ਹੈ। ਲਾਡੀ ਭਾਰਤੀ ਰਾਸ਼ਟਰੀ ਜਾਂਚ ਏਜੰਸੀ ਦੀ ਮੋਸਟ-ਵਾਂਟੇਡ ਸੂਚੀ ਵਿੱਚ ਸ਼ਾਮਿਲ ਹੈ। ਐਸਐਫਜੇ ਦੇ ਆਗੂ ਵਿਰੁੱਧ ਵੀ ਕੁੱਲ 104 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਸਾਰਿਆਂ ਦੀ ਜਾਂਚ ਐਨਆਈਏ ਜਾਂ ਉਨ੍ਹਾਂ ਰਾਜਾਂ ਦੁਆਰਾ ਕੀਤੀ ਜਾ ਰਹੀ ਹੈ ਜਿੱਥੇ ਉਹ ਦਰਜ ਕੀਤੇ ਗਏ ਹਨ।
ਇਸੇ ਦੌਰਾਨ ਕੈਪਸ ਕੈਫੇ ਵਲੋਂ ਕਪਿਲ ਦੀ ਤਰਫੋਂ ਸੋਸ਼ਲ ਮੀਡੀਆ ਉਪਰ ਇਕ ਸੁਨੇਹੇ ਰਾਹੀ ਕਿਹਾ ਗਿਆ ਹੈ ਕਿ ਅਸੀਂ ਇਸ ਕੈਫੇ ਨੂੰ ਟੇਸਟੀ ਕੌਫੀ ਅਤੇ ਦੋਸਤਾਨਾ ਗੱਲਬਾਤ ਰਾਹੀਂ ਨਿੱਘ, ਭਾਈਚਾਰਕ ਸਾਂਝ ਅਤੇ ਖੁਸ਼ੀ ਲਿਆਉਣ ਦੀ ਉਮੀਦ ਨਾਲ ਖੋਲ੍ਹਿਆ ਹੈ। ਹਿੰਸਾ ਦਾ ਉਸ ਸੁਪਨੇ ਨਾਲ ਸਾਹਮਣਾ ਹੋਣਾ ਦਿਲ ਤੋੜਨ ਵਾਲਾ ਹੈ। ਅਸੀਂ ਇਸ ਸਦਮੇ ਚੋ ਬਾਹਰ ਨਿਕਲ ਰਹੇ ਹਾਂ ਪਰ ਅਸੀਂ ਹਾਰ ਮੰਨਣ ਵਾਲੇ ਨਹੀਂ।ਤੁਹਾਡੇ ਸਮਰਥਨ ਲਈ ਧੰਨਵਾਦ। ਆਓ ਹਿੰਸਾ ਦੇ ਵਿਰੁੱਧ ਦ੍ਰਿੜਤਾ ਨਾਲ ਖੜ੍ਹੇ ਹੋਈਏ ਅਤੇ ਇਹ ਯਕੀਨੀ ਬਣਾਈਏ ਕਿ ਕੈਪਸ ਕੈਫੇ ਨਿੱਘ ਅਤੇ ਭਾਈਚਾਰੇ ਦਾ ਸਥਾਨ ਬਣਿਆ ਰਹੇ।
ਕੈਪਸ ਕੈਫੇ ਵਿਖੇ ਸਾਡੇ ਸਾਰਿਆਂ ਵੱਲੋਂ, ਤੁਹਾਡਾ ਧੰਨਵਾਦ ਅਤੇ ਜਲਦੀ ਹੀ ਮਿਲਦੇ ਹਾਂ।
