Mar 7, 2026
ਸਾਨ ਡੀਗੋ-ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ 18 ਦਿਨ ਰਹਿਣ ਮਗਰੋਂ ਮੰਗਲਵਾਰ ਨੂੰ ਧਰਤੀ ’ਤੇ ਸੁੱਖੀ-ਸਾਂਦੀ ਪਰਤ ਆਇਆ ਹੈ। ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਦੇ ਆਪਣੇ ਮਾਨਵੀ ਪੁਲਾੜ ਵਾਹਨ ਦੀਆਂ ਉਮੀਦਾਂ ਨੂੰ ਖੰਭ ਲੱਗ ਗਏ ਹਨ। ਲਖਨਊ ’ਚ ਜੰਮੇ ਸ਼ੁਕਲਾ ਅਤੇ ਪ੍ਰਾਈਵੇਟ ਐਕਸੀਓਮ-4 ਮਿਸ਼ਨ ਦੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਮੰਗਲਵਾਰ ਨੂੰ ਦੱਖਣੀ ਕੈਲੀਫੋਰਨੀਆ ’ਚ ਪ੍ਰਸ਼ਾਂਤ ਸਾਗਰ ’ਚ ਸਾਨ ਡੀਗੋ ਨੇੜੇ ਪੈਸੇਫਿਕ ਸਮੇਂ ਮੁਤਾਬਕ ਵੱਡੇ ਤੜਕੇ 2 ਵਜ ਕੇ 31 ਮਿੰਟ (ਭਾਰਤੀ ਸਮੇਂ ਮੁਤਾਬਕ 3.01 ਮਿੰਟ) ’ਤੇ ਉਤਰੇ। ਭਾਰਤੀ ਹਵਾਈ ਫੌਜ ’ਚ ਗਰੁੱਪ ਕੈਪਟਨ ਸ਼ੁਕਲਾ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਦਾ ਸਫ਼ਰ ਤੈਅ ਕਰਨ ਵਾਲੇ ਦੂਜੇ  ਭਾਰਤੀ ਬਣ ਗਏ ਹਨ। ਉਹ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪੁੱਜਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ ਜਿਸ ਨੇ ਸਟੇਸ਼ਨ ’ਤੇ ਲੰਬੇ ਸਮੇਂ ਤੱਕ ਰੁਕ ਕੇ ਇਤਿਹਾਸ ਸਿਰਜਿਆ ਹੈ। ਕਰੀਬ 28 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਯਾਤਰਾ ਕਰਦਿਆਂ ਐਕਸੀਓਮ-4 ਦੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਡਰੈਗਨ ਪੁਲਾੜ ਯਾਨ ਨੇ ਹੌਲੀ-ਹੌਲੀ ਗਤੀ ਘਟਾਉਣ ਅਤੇ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਲਈ ਕਈ ਢੰਗ-ਤਰੀਕੇ ਵਰਤੇ। ਕੁਝ ਮਿੰਟਾਂ ਬਾਅਦ ਪੁਲਾੜ ਵਾਹਨ ਨੂੰ ਸਪੇਸਐਕਸ ਦੇ ਰਿਕਵਰੀ ਜਹਾਜ਼ ‘ਸ਼ੈਨਨ’ ਉੱਤੇ ਖਿੱਚਿਆ ਗਿਆ, ਜਿੱਥੇ ਸ਼ੁਕਲਾ ਅਤੇ ਦੂਜੇ ਪੁਲਾੜ ਯਾਤਰੀ ਮੁਸਕਰਾਉਂਦੇ ਹੋਏ ਅਤੇ ਕੈਮਰਿਆਂ ਵੱਲ ਹੱਥ ਹਿਲਾਉਂਦੇ ਹੋਏ ਬਾਹਰ ਨਿਕਲੇ। ਉਥੇ ਮੌਜੂਦ ਮੁਲਾਜ਼ਮਾਂ ਨੇ ਪੁਲਾੜ ਯਾਤਰੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿੱਚ ਮਦਦ ਕੀਤੀ। ਡਰੈਗਨ ਗਰੇਸ ਪੁਲਾੜ ਵਾਹਨ ਨੇ 25 ਜੂਨ ਨੂੰ ਫਲੋਰਿਡਾ ਤੋਂ ਉਡਾਣ ਭਰੀ ਸੀ ਅਤੇ ਇਹ 28 ਘੰਟਿਆਂ ਦੇ ਸਫ਼ਰ ਮਗਰੋਂ 26 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜ ਗਿਆ ਸੀ। ਐਕਸੀਓਮ-4 ਮਿਸ਼ਨ ਦੇ ਅਮਲੇ ’ਚ ਸ਼ੁਭਾਂਸ਼ੂ ਸ਼ੁਕਲਾ, ਕਮਾਂਡਰ ਪੈਗੀ ਵ੍ਹਿਟਸਨ, ਮਿਸ਼ਨ ਮਾਹਿਰ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਸ਼ਾਮਲ ਸਨ ਜਿਨ੍ਹਾਂ 18 ਦਿਨਾਂ ਤੱਕ 60 ਤਜਰਬੇ ਕੀਤੇ। ਐਕਸੀਓਮ-4 ਅਮਲੇ ਦੇ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਕੰਢੇ ’ਤੇ ਪਹੁੰਚਾਉਣ ਤੋਂ ਪਹਿਲਾਂ ਸਮੁੰਦਰੀ ਜਹਾਜ਼ ’ਚ ਉਨ੍ਹਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਚਾਰੋਂ ਪੁਲਾੜ ਯਾਤਰੀ ਅਗਲੇ ਸੱਤ ਦਿਨ ਮੁੜ ਵਸੇਬਾ ਕੇਂਦਰ ’ਚ ਰਹਿਣਗੇ ਤਾਂ ਜੋ ਉਨ੍ਹਾਂ ਦਾ ਸਰੀਰ ਧਰਤੀ ਮੁਤਾਬਕ ਵਿਹਾਰ ਕਰ ਸਕੇ।