Mar 7, 2026

ਸਰੀ ( ਦੇ ਪ੍ਰ ਬਿ)- ਸਰੀ ਦੀਆਂ ਸਿੱਖ ਸੰਸਥਾਵਾਂ ਦੇ ਬਾਨੀ ਤੇ ਚਰਚਿਤ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਜਿਹਨਾਂ ਨੂੰ ਉਹਨਾਂ ਦੇ ਬਿਜਨਸ ਅਦਾਰੇ ਦੇ ਬਾਹਰ 14 ਜੁਲਾਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ, ਦੀ ਬੀਤੀ 14 ਜੁਲਾਈ ਨੂੰ ਪਰਿਵਾਰ ਵਲੋਂ ਤੀਸਰੀ ਬਰਸੀ ਮਨਾਈ ਗਈ। ਇਸ ਮੌਕੇ ਪਰਿਵਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਸਾਡੇ ਪਿਆਰੇ ਪਤੀ, ਪਿਤਾ, ਦਾਦਾ ਜੀ, ਅਤੇ ਭਾਈਚਾਰਕ ਨੇਤਾ, ਰਿਪੁਦਮਨ ਸਿੰਘ ਮਲਿਕ ਦੇ ਬੇਤੁਕੇ ਕਤਲ ਨੂੰ ਤਿੰਨ ਸਾਲ ਹੋ ਗਏ ਹਨ। ਕੋਈ ਵੀ ਦਿਨ ਅਜਿਹਾ ਨਹੀਂ ਗਿਆ ਜਦੋਂ ਅਸੀਂ ਉਨ੍ਹਾਂ ਦੀ ਮੌਜੂਦਗੀ, ਉਨ੍ਹਾਂ ਦੀ ਬੁੱਧੀ ਅਤੇ ਨਿਰਸਵਾਰਥ ਸੇਵਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦੇ ਵੱਡੇ ਨੁਕਸਾਨ ਨੂੰ ਮਹਿਸੂਸ ਨਾ ਕੀਤਾ ਹੋਵੇ। ਪਰਿਵਾਰ ਨੇ ਆਪਣੇ ਪਰਿਵਾਰਕ ਮੁਖੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਕਤਲ ਲਈ ਦੋ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਦੇ ਬਾਵਜੂਦ ਕਤਲ ਪਿੱਛੇ ਸਾਜਿਸ਼ੀਆਂ ਦੇ ਹੁਣ ਤੱਕ ਬੇਨਕਾਬ ਨਾ ਹੋਣ ਤੇ ਦੁਖ ਪ੍ਰਗਟ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਲ ਹੀ ਵਿੱਚ ਆਰ.ਸੀ.ਐਮ.ਪੀ. ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ, ਅਸੀ ਉਨ੍ਹਾਂ ਦੁਆਰਾ ਕੀਤੀ ਗਈ ਜਾਂਤ ਤੋਂ ਉਤਸ਼ਾਹਿਤ ਵੀ ਹਾਂ ਤੇ ਬਹੁਤ ਨਿਰਾਸ਼ ਵੀ ਹਾਂ। ਦੋ ਦੋਸ਼ੀਆਂ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੂੰ ਕਤਲ  ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਜ਼ਾ ਸੁਣਾਈ ਗਈ ਹੈ, ਪਰ ਜਿਨ੍ਹਾਂ ਲੋਕਾਂ ਨੇ ਇਸ ਕਤਲ ਦੀ ਯੋਜਨਾ ਬਣਾਈ ਅਤੇ ਸੁਪਾਰੀ ਦਿੱਤੀ  ਉਹ ਅਜੇ ਵੀ ਆਜ਼ਾਦ ਹਨ। ਇਹ ਸਹਿਣਯੋਗ ਨਹੀਂ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਸ ਕਤਲ ਦਾ ਆਦੇਸ਼ ਦਿੱਤਾ ਅਤੇ ਪੈਸਾ ਦਿੱਤਾ, ਉਨ੍ਹਾਂ ਨੂੰ ਵੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਸੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੇ ਨਿਆਂ ਸੰਸਥਾਵਾਂ  ਨੂੰ ਤੁਰੰਤ ਕਾਰਵਾਈ ਕਰਨ ਅਤੇ ਪੂਰੀ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਅਪੀਲ ਕਰਦੇ ਹਾਂ।