ਸਰੀ ( ਦੇ ਪ੍ਰ ਬਿ)- ਕੈਨੇਡਾ ਦੇ ਕੌਮਾਂਤਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮਨਿੰਦਰ ਸਿੱਧੂ ਦੇ ਮਾਣ ਵਿਚ ਸਰੀ ਵਿਚ ਵਸਦੇ ਉਹਨਾੰ ਦੇ ਜੱਦੀ ਪਿੰਡ ਮਲਸੀਆੰ ਵਾਸੀਆਂ ਵੱਲੋ ਧਾਲੀਵਾਲ ਬੈਂਕੁਇਟ ਹਾਲ ਵਿਚ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ ਬਲਵੰਤ ਸਿੰਘ ਨੇ ਮਨਿੰਦਰ ਸਿੱਧੂ ਦੇ ਮਲਸੀਆਂ ਨਾਲ ਪਰਿਵਾਰਕ ਸਾਂਝ ਤੇ ਪਿਛੋਕੜ ਦਾ ਜਿਕਰ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣੇ ਇਸ ਹੋਣਹਾਰ ਸਪੁੱਤਰ ਤੇ ਮਾਣ ਹੈ। ਇਸ ਮੌਕੇ ਬੋਲਦਿਆਂ ਮਨਿੰਦਰ ਸਿੱਧੂ ਨੇ ਦੱਸਿਆ ਕਿ ਭਾਵੇਂ ਕਿ ਉਹਨਾਂ ਦੇ ਪਿਤਾ ਜੀ ਪਰਿਵਾਰ ਸਮੇਤ ਅਸਵੀਆਂ ਤੋਂ ਪਹਿਲਾਂ ਕੈਨੇਡਾ ਪਰਵਾਸ ਕਰ ਆਏ ਸਨ ਪਰ ਉਹ ਬਚਪਨ ਵਿਚ ਪਿੰਡ ਜਾਂਦੇ ਰਹੇ ਹਨ। ਉਹਨਾਂ ਪਿੰਡ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਉਹਨਾਂ ਪਿੰਡ, ਇਲਾਕੇ ਅਤੇ ਇੰਡੋ ਕੈਨੇਡੀਅਨ ਭਾਈਚਾਰੇ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਆਪਣੀ ਤਰਫੋਂ ਸਨਮਾਨ ਕੀਤਾ। ਇਹਨਾਂ ਵਿਚ ਡਾ ਬਲਵੰਤ ਸਿੰਘ, ਸ ਮਨਜੀਤ ਸਿੰਘ ਤੇ ਗੁਰਮੇਜ ਸਿੰਘ ਸਿੱਧੂ ਸ਼ਾਮਿਲ ਸਨ, ਜਿਹਨਾਂ ਨੂੰ ਸੀਨੀਅਰ ਐਮ ਪੀ ਸੁਖ ਧਾਲੀਵਾਲ ਨਾਲ ਮਿਲਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਦੇਵ ਸਿੰਘ ਸਾਬੀ ਖਹਿਰਾ, ਹਰਮੀਤ ਸਿੰਘ ਖੁੱਡੀਆਂ, ਜੱਗਾ ਖਹਿਰਾ, ਗੁਰਚਰਨ ਸਿੰਘ ਮਿਨਹਾਸ, ਗੈਰੀ ਖਹਿਰਾ, ਹਰਮੇਲ ਸਿੰਘ ਸੁੰਨੜ, ਪਰਮਜੀਤ ਪਿੰਟਾ ਤੇ ਹੋਰ ਕਈ ਹਾਜ਼ਰ ਸਨ।
ਤਸਵੀਰਾਂ-ਕੁਲਜੀਤ ਸਿੰਘ














