ਸਾਬਕਾ ਹਾਕੀ ਉਲੰਪੀਅਨ ਗੁਰਮੇਲ ਸਿੰਘ ਤੇ ਏਸ਼ੀਅਨ ਹਾਕੀ ਸਟਾਰ ਰਾਜਬੀਰ ਕੌਰ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਸ਼ਾਮਿਲ ਹੋਏ-
ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨੀਂ ਵੈਨਕੂਵਰ ਨਿਵਾਸੀ ਤੇਜਿੰਦਰ ਸਿੰਘ ਥਿਆੜਾ ਤੇ ਸ੍ਰੀਮਤੀ ਨਵਨੀਤ ਕੌਰ ਥਿਆੜਾ ਦੇ ਸਪੁੱਤਰ ਕਾਕਾ ਅਵਜੀਤ ਸਿੰਘ ਥਿਆੜਾ ਦਾ ਸ਼ੁਭ ਆਨੰਦ ਕਾਰਜ ਬੀਬਾ ਪ੍ਰਿਯਾ ਕੌਰ ਪਰਿਹਾਰ (ਸਪੁੱਤਰੀ ਸ ਅਮਰਜੀਤ ਸਿੰਘ ਪਰਿਹਾਰ ਤੇ ਸ੍ਰੀਮਤੀ ਪਰਮਜੀਤ ਕੌਰ) ਨਾਲ ਖਾਲਸਾ ਦੀਵਾਨ ਸੁਸਾਇਟੀ ਗੁਰੂ ਰੌਸ ਸਟਰੀਟ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਕੈਨੇਡਾ, ਅਮਰੀਕਾ , ਯੂਕੇ ਅਤੇ ਇੰਡੀਆਂ ਤੋਂ ਰਿਸ਼ਤੇਦਾਰ ਅਤੇ ਭਾਈਚਾਰਕ ਸਾਂਝ ਵਾਲੇ ਲੋਕ ਸ਼ਾਮਿਲ ਹੋਏ ਜਿਹਨਾਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਲੜਕੇ ਦੇ ਪਰਿਵਾਰ ਵਲੋਂ ਸਾਬਕਾ ਹਾਕੀ ਉਲੰਪੀਅਨ ਤੇ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਅਤੇ ਉਹਨਾਂ ਦੀ ਪਤਨੀ ਸਾਬਕਾ ਹਾਕੀ ਏਸ਼ੀਅਨ ਗੋਲਡਨ ਸਟਾਰ ਰਾਜਬੀਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਨਵ ਵਿਆਹੀ ਜੋੜੀ ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ ਅਤੇ ਗੁਰਦੁਆਰਾ ਸਿੰਘ ਸਭਾ ਸਰੀ ਦੇ ਪ੍ਰਧਾਨ ਬਲਬੀਰ ਸਿੰਘ ਨਿਝਰ ਨੇ ਵੀ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ।
