Mar 7, 2026

ਸਰੀ ( ਦੇ ਪ੍ਰ ਬਿ)– ਕੋਈ ਸਮਾਂ ਸੀ ਕਿ ਪੱਛਮੀ ਤੇ ਵਿਕਸਿਤ ਮੁਲਕਾਂ ਵਿਚ ਰੰਗਦਾਰ ਤੇ ਕਾਲੇ ਲੋਕਾਂ ਨੂੰ ਗੋਰਿਆਂ ਦੇ  ਨਸਲੀ ਵਿਤਕਰੇ ਤੇ ਹਮਲਿਆਂ  ਦਾ ਅਕਸਰ ਸਾਹਮਣਾ ਕਰਨਾ ਪੈਂਦਾ ਸੀ ਪਰ ਸਮੇਂ ਦੀ ਤੋਰ ਨਾਲ ਹੁਣ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ ਤੇ ਅਗਰ ਕਿਤੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਵਲੋਂ ਇਸਦਾ ਸਖਤ ਨੋਟਿਸ ਲਿਆ ਜਾਂਦਾ ਹੈ। ਭਾਵੇਂਕਿ ਪਰਵਾਸੀ ਪੰਜਾਬੀਆਂ ਦੇ ਗੜ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਵਿਚ ਅਜਿਹੀ ਕਿਸੇ ਘਟਨਾ ਦੀ ਕਲਪਨਾ ਕਰਨਾ ਔਖਾ ਹੈ ਪਰ ਦੁਖਦਾਈ ਪਹਿਲੂ ਇਹ ਹੈ ਕਿ ਅੱਜ ਵੀ ਕੁਝ ਸ਼ਰਾਰਤੀ ਲੋਕ ਅਜਿਹੀਆਂ ਨਸਲੀ ਹਰਕਤਾਂ ਤੋ ਬਾਜ ਨਹੀ ਆਉਂਦੇ।

ਬੀਤੇ ਦਿਨ 21 ਜੁਲਾਈ ਦੀ ਸ਼ਾਮ ਨੂੰ ਅਜਿਹੇ ਨਸਲੀ ਹਮਲੇ ਦੀ ਘਟਨਾ ਸਰੀ ਸ਼ਹਿਰ ਦੇ ਇਕ ਵੱਡੇ ਪਾਰਕ ਵਿਚ ਉਘੇ ਪੰਜਾਬੀ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਨਾਲ ਵਾਪਰਨ ਦਾ ਪਤਾ ਲੱਗਾ ਹੈ। ਦੇਸ ਪ੍ਰਦੇਸ ਟਾਈਮਜ਼ ਨਾਲ ਗੱਲ ਕਰਦਿਆਂ ਸ ਬਾਦਲ ਹੁਰਾਂ ਦੱਸਿਆ ਕਿ ਉਹ ਸ਼ਾਮੀਂ ਤਕਰੀਬਨ ਅੱਠ ਕੁ ਵਜੇ ਸਰੀ ਵਿਚ ਆਪਣੇ ਘਰ ਦੇ ਨੇੜੇ ਹੀ ਨਿਊਟਨ ਅਥਲੈਟਿਕਸ ਪਾਰਕ ਵਿਚ ਰੋਜ਼ਾਨਾ ਵਾਂਗ ਸੈਰ ਕਰ ਰਹੇ ਸਨ। ਇਸ ਦੌਰਾਨ ਥੋੜੀ ਥਕਾਵਟ ਮਹਿਸੂਸ ਕਰਕੇ ਨੇੜੇ ਹੀ ਬਣੀ ਹੋਈ ਬੰਨੀ ( ਨਿੱਕੀ ਦੀਵਾਰ) ਉੱਤੇ ਬੈਠ ਗਏ ਜਿੱਥੇ ਦੋ ਤਿੰਨ ਬਜ਼ੁਰਗ ਹੋਰ ਵੀ ਬੈਠੇ ਹੋਏ ਸਨ। ਅਚਾਨਕ ਪੰਜ, ਛੇ ਅੱਲੜ ਵਰੇਸ ਦੇ  ਮੁੰਡੇ ਆਏ ਅਤੇ ਕੁਝ ਕਾਲ਼ੀ ਜਿਹੀ ਮਿੱਟੀ ਦਾ ਗੋਲਾ ਵਟਦਿਆਂ ਉਹਨਾਂ ਦੇ ਚਿਹਰੇ ਤੇ ਮਾਰਿਆ। ਨਾਲ਼ ਹੀ ਅੰਗਰੇਜ਼ੀ ਵਿਚ  ਗਾਲ੍ਹ ਕੱਢਦਿਆਂ ਚਿਲਾਏ ‘ਲੀਵ ਦਿਸ ਕੰਟਰੀ’। ਬਦਲ ਸਾਹਿਬ ਚਾਣਚੱਕ ਹੋਏ ਇਸ ਹਮਲੇ ਕਾਰਣ ਘਬਰਾਅ ਗਏ ਤੇ ਮਦਦ ਲਈ ਰੌਲ਼ਾ ਪਾਇਆ। ਜਦ ਨੂੰ ਨੇੜਲੇ ਲੋਕਾਂ ਨੂੰ ਪਤਾ ਲੱਗਾ ਉਹ ਮੁੰਡੇ ਦੌੜ ਗਏ। ਬਾਦਲ ਸਾਹਿਬ ਨੇ ਗੋਰੇ ਮੁੰਡਿਆਂ ਦੀ ਇਸ ਘਟੀਆ ਹਰਕਤ ਤੋਂ ਦੁਖੀ ਹੁੰਦਿਆਂ ਅਫਸੋਸ ਪ੍ਰਗਟ ਕੀਤਾ ਕਿ ਅੱਜ ਵੀ ਪਰਵਾਸੀਆਂ ਨੂੰ ਕੈਨੇਡਾ ਵਰਗੇ ਮੁਲਕ ਵਿਚ ਅਜਿਹੇ ਵਿਤਕਰੇ ਤੇ ਨਸਲੀ ਨਫਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਯਾਦ ਕੀਤਾ ਕਿ ਲਗਪਗ 25 ਸਾਲ ਪਹਿਲਾਂ ਵੀ ਕੁਝ ਗੋਰੇ ਮੁੰਡਿਆਂ ਨੇ ਉਸਦੀ ਦਸਤਾਰ ਤੇ ਭੈੜੀ ਟਿਪਣੀ ਕਰਦਿਆਂ ਉਸ ਉਪਰ ਪਟਾਕਾ ਸੁੱਟਿਆ ਸੀ ਜਿਸ ਕਾਰਣ ਉਹਨਾਂ ਦੀ ਪੱਗ ਦਾ ਇਕ ਲੜ ਸੜ ਗਿਆ ਸੀ।

ਇਕ ਸੀਨੀਅਰ ਹੋਣ ਦੇ ਨਾਤੇ ਉਹਨਾਂ ਨੇ ਪ੍ਰਸ਼ਾਸ਼ਨ ਤੇ ਸਰੀ ਪੁਲਿਸ ਤੋਂ ਮੰਗ ਕੀਤੀ ਹੈ ਸ਼ਹਿਰ ਦੇ ਪਾਰਕਾਂ ਵਿਚ ਅਜਿਹੇ ਨਸਲੀ ਤੇ ਸ਼ਰਾਰਤੀ ਲੋਕਾਂ ਤੋਂ ਬਜੁਰਗਾਂ ਦੀ ਸੁਰੱਖਿਆ ਲਈ ਪੁਲਿਸ ਗਾਰਡ ਤਾਇਨਾਤ ਕੀਤੇ ਜਾਣ। ਉਹਨਾਂ ਮੀਡੀਆ ਨੂੰ ਵੀ ਇਸ ਨਫਰਤੀ ਘਟਨਾ ਨੂੰ ਸਿਆਸੀ ਆਗੂਆਂ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਮੰਗ ਕੀਤੀ ਹੈ।

ਸ ਗੁਰਦਰਸ਼ਨ ਸਿੰਘ  ‘ਬਾਦਲ’ ਨਾਲ ਉਹਨਾਂ ਦੇ ਫੋਨ ਨੰਬਰ 604-316-7686 ਤੇ ਸੰਪਰਕ ਕੀਤਾ ਜਾ ਸਕਦਾ ਹੈ।