ਸਰੀ ਸਿਟੀ ਹਾਲ ਵਿਚ ਵਿਸ਼ੇਸ਼ ਸਮਾਗਮ ਆਯੋਜਿਤ-
‘ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਲਈ ਧਾਰਮਿਕ, ਵਿਦਿਅਕ, ਸਮਾਜਿਕ ਸੰਸਥਾਵਾਂ ਇਕਜੁਟ-
ਸਰੀ ( ਦੇ ਪ੍ਰ ਬਿ )–23 ਜੁਲਾਈ ਨੂੰ ਇਤਿਹਾਸਿਕ ਉਪਰਾਲਾ ਕਰਦਿਆਂ ਸਰੀ ਸਿਟੀ ਕੌਂਸਲ ਵੱਲੋਂ ਸਿਟੀ ਹਾਲ ਵਿਚ ਗੁਰੂ ਨਾਨਕ ਜਹਾਜ਼ 111ਵੀਂ ਵਰੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲ ਚੈਂਬਰ ਦੇ ਖਚਾ-ਖਚ ਭਰੇ ਹਾਲ ਵਿਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇੱਕਜੁਟਤਾ ਵਿਖਾਉਂਦਿਆਂ ਬ੍ਰਿਟਿਸ਼ ਬਸਤੀਵਾਦੀ ਨਾਮ ਕਾਮਾਗਾਟਾਮਾਰੂ ਦੀ ਥਾਂ ਬਾਬਾ ਗੁਰਦਿਤ ਸਿੰਘ ਜੀ ਅਤੇ ਮੁਸਾਫਿਰਾਂ ਵੱਲੋਂ ਜਹਾਜ਼ 66,000 ਡਾਲਰ ‘ਤੇ ਚਾਰਟਰ ਕਰਨ ਮਗਰੋਂ ਰੱਖੇ ਗਏ ‘ਗੁਰੂ ਨਾਨਕ ਜਹਾਜ਼’ ਨਾਂ ਨੂੰ ਬਹਾਲ ਕਰਨ ਲਈ ਅਹਿਦ ਲਿਆ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਇਤਿਹਾਸਿਕ ਮਾਨਤਾ ਮਿਲਣ ‘ਤੇ ਇਸ ਸਮਾਗਮ ਵਿੱਚ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਬੇਮਿਸਾਲ ਉਤਸ਼ਾਹ ਦਿਖਾਇਆ।
ਸਰੀ ਸਿਟੀ ਦੀ ਮੇਅਰ ਮੇਅਰ ਬਰੈਂਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ ਤੇ ਲਿੰਡਾ ਐਨਿਸ ਵਲੋਂ ਸ਼ਹੀਦ ਭਾਈ ਜਸਸੰਤ ਸਿੰਘ ਖਾਲੜਾ ਦੇ ਸਪੁੱਤਰ ਜਨਮੀਤ ਸਿੰਘ ਖਾਲੜਾ ਨੂੰ ਭੇਟ ਕੀਤਾ, ਜਿਸ ਦੇ ਪੜਦਾਦਾ ਭਾਈ ਹਰਨਾਮ ਸਿੰਘ ਖਾਲੜਾ ਗੁਰੂ ਨਾਨਕ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਇਸ ਐਲਾਨਨਾਮੇ ਦੇ ਉਪਰਾਲੇ ਵਿੱਚ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸ. ਸਰਬਜੀਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਇਸ ਮੌਕੇ ‘ਤੇ ਸੈਨੇਟਰ ਬਲਤੇਜ ਸਿੰਘ ਢਿੱਲੋ ਨੇ ਸ਼ਬਦ ਸਾਂਝੇ ਕਰਦਿਆਂ ਗੁਰੂ ਨਾਨਕ ਜਹਾਜ਼ ਦੀ ਅਹਿਮੀਅਤ ਬਾਰੇ ਗੱਲ ਕੀਤੀ। ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸਿੰਘ ਸੈਣੀ, ਐਮ ਐਲ ਏ ਆਮਨਾ ਸ਼ਾਹ, ਐਮ ਐਲ ਏ ਤੇ ਸਾਬਕਾ ਮੰਤਰੀ ਗੈਰੀ ਬੈਗ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਐਮ ਐਲ ਏ ਹਰਮਨ ਭੰਗੂ ਤੇ ਐਮ ਐਲ ਏ ਜੋਡੀ ਤੂਰ ਨੇ ਵਿਚਾਰ ਸਾਂਝੇ ਕੀਤੇ।
ਪੰਜਾਬ ਤੋਂ ਪ੍ਰਸਿੱਧ ਸੰਗੀਤਕਾਰ ਭਾਈ ਬਲਦੀਪ ਸਿੰਘ ਅਤੇ ਸਿੱਖ ਵਿਦਵਾਨ ਹਰਿੰਦਰ ਸਿੰਘ ਅਤੇ ਪੰਜਾਬ ਪਾਕਿਸਤਾਨ ਤੋਂ ਸਤਿਕਾਰਤ ਸ਼ਖਸੀਅਤ ਰਾਏ ਅਜੀਜ ਉਲਾ ਖਾਨ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਮੌਕੇ ਵਿਸ਼ੇਸ਼ ਪਹੁੰਚੇ ਹੋਏ ਸਨ। ਪ੍ਰੋਗਰਾਮ ਦੀ ਆਰੰਭਤਾ ਮੂਲ ਨਿਵਾਸੀ ਪ੍ਰਤੀਨਿਧ ਵਲੋਂ ਪ੍ਰਾਥਨਾ ਦੇ ਭਾਵਪੂਰਤ ਤਰੀਕੇ ਨਾਲ ਕੀਤੀ। ਇਸ ਮਗਰੋਂ ਕੈਨੇਡਾ ਦਾ ਰਾਸ਼ਟਰੀ ਗੀਤ ਅਤੇ ਸ਼ਬਦ ਗਾਇਨ ਕੀਤੇ ਗਏ। ਖਾਲਸਾ ਸਕੂਲ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ।
ਸਮਾਗਮ ਵਿੱਚ ਹਾਜ਼ਰ ਸੰਸਥਾਵਾਂ ਨੂੰ ਗੁਰੂ ਨਾਨਕ ਦਾ ਜਹਾਜ਼ ਯਾਦਗਾਰੀ ਦਿਹਾੜੇ ‘ਤੇ ਜਾਰੀ ਐਲਾਨਨਾਮੇ ਭੇਟ ਕੀਤੇ ਗਏ। ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਧੰਨਵਾਦ ਰਾਜ ਸਿੰਘ ਭੰਡਾਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਤਿਹਾਸਿਕ ਹਵਾਲਿਆਂ ਦੀ ਗੱਲ ਕਰਦਿਆਂ, ਕੈਨੇਡਾ ਵਿੱਚ ਫੈਡਰਲ ਪੱਧਰ ਦੇ ਮਾਫੀਨਾਮੇ ਵਿੱਚ ਵੀ ਮੁੱਖ ਨਾਂ ਗੁਰੂ ਨਾਨਕ ਜਹਾਜ਼ ਦੀ ਸੁਧਾਈ ਦਾ ਸੁਨੇਹਾ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋਂ 23 ਜੁਲਾਈ ਦਾ ਦਿਨ ਪੰਜਾਬ ਅਤੇ ਭਾਰਤ ਪੱਧਰ ‘ਤੇ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨੇ ਜਾਣ ਅਤੇ ਇਸ ਸਬੰਧੀ ਇਤਿਹਾਸ ਦੀਆਂ ਕਿਤਾਬਾਂ ਦਰੁਸਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।























