ਐਬਸਫੋਰਡ – ਮਿਸ਼ਨ ਸ਼ਹਿਰ ਵਿਚ ਵਸਦੇ ਉੱਘੇ ਲੇਖਕ ਅਤੇ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਦੇ ਘਰ ਨੂੰ ਅਚਾਨਕ ਅੱਗ ਲੱਗਣ ਕਾਰਣ ਭਾਰੀ ਨੁਕਸਾਨ ਹੋਣ ਦੀ ਖਬਰ ਹੈ।ਅੱਗ ਲੱਗਣ ਦੀ ਘਟਨਾ ਵੀਰਵਾਰ ਸਵੇਰੇ ਗਿਆਰਾਂ ਵਜੇ ਵਾਪਰੀ। ਮੌਕੇ ਤੇ ਪਹੁੰਚੇ ਅੱਗ ਬੁਝਾਊ ਅਮਲੇ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ।
ਸ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਨੇ ਫੋਨ ਤੇ ਦੱਸਿਆ ਕਿ ਘਰ ਨੂੰ ਲੱਗੀ ਅੱਗ ਤੇ ਬਚਾਓ ਅਮਲੇ ਵਲੋਂ ਕਾਬੂ ਪਾ ਲਿਆ ਗਿਆ ਪਰ ਅਚਾਨਕ ਅੱਗ ਦੁਬਾਰਾ ਭੜਕ ਉਠੀ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਸਾਰੇ ਕੱਪੜੇ ਅਤੇ ਗੈਰਾਜ ਵਿੱਚ ਪਿਆ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਲਈ ਵਰਤੇ ਗਏ ਪਾਣੀ ਨਾਲ ਵੀ ਕਾਫ਼ੀ ਨੁਕਸਾਨ ਹੋ ਗਿਆ । ਅੱਗ ਲੱਗਣ ਮੌਕੇ ਘਰ ਵਿੱਚ ਦੋ ਮਹਿੰਗੀਆਂ ਟੈਸਲਾ ਗੱਡੀਆਂ ਵੀ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਕੋਈ ਵੀ ਕਾਰ ਚਾਰਜ ਨਹੀਂ ਕੀਤੀ ਜਾ ਰਹੀ ਸੀ ਇਸ ਲਈ ਟੈਸਲਾ ਗੱਡੀਆਂ ਦਾ ਬਚਾਅ ਹੋ ਗਿਆ ਪਰੰਤੂ ਅੱਗ ਲੱਗਣ ਨਾਲ ਡਰਾਈਵਿੰਗ ਸਕੂਲ ਵਾਲੀ ਇੱਕ ਹਾਈਬ੍ਰਿਡ ਕਾਰ ਬੁਰੀ ਤਰਾਂ ਨੁਕਸਾਨੀ ਗਈ।
