Mar 7, 2026

ਸਰੀ ( ਦੇ ਪ੍ਰ ਬਿ )- ਬੀਤੇ ਦਿਨੀਂ ਦਸਮੇਸ਼ ਫੀਲਡ ਹਾਕੀ ਕਲੱਬ ਵਲੋਂ ਟਮੈਨਵਿਸ ਪਾਰਕ ਸਰੀ ਦੀ ਗਰਾਉਂਡ ਵਿਚ ਤਿੰਨ ਦਿਨਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਆਖਰੀ ਦਿਨ 20 ਜੁਲਾਈ ਨੂੰ ਖੇਡੇ ਗਏ ਫਾਈਨਲ ਮੈਚ ਵਿਚ ਵੈਸਟ ਕੋਸਟ ਕਿੰਗਜ਼ ਹਾਕੀ ਕਲੱਬ ਦੀ ਟੀਮ ਨੇ ਇੰਡੀਆ ਕਲੱਬ ਦੀ ਟੀਮ ਨੂੰ 4-0 ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਵਿਚ ਵੈਸਟ ਕੋਸਟ ਕਿੰਗਜ਼ ਕਲੱਬ ਦੀ ਇਹ ਲਗਾਤਾਰ ਤੀਸਰੀ ਜਿੱਤ ਰਹੀ। ਕੰਪੀਟੀਟਵ ਵਰਗ ਵਿਚ ਸੁਰਿੰਦਰ ਲਾਇਨ ਦੀ ਟੀਮ ਫਸਟ ਅਤੇ ਯੂਨਾਈਟਡ ਬ੍ਰਦਰਜ਼ ਦੀ ਟੀਮ ਸੈਕੰਡ ਰਹੀ। ਸੋਸ਼ਲ ਵਰਗ ਵਿਚ ਆਰਮੀ ਵਲੰਟੀਅਰ ਦੀ ਫਸਟ ਅਤੇ ਸਰੀ ਰੇਡਲਜ ਦੀ ਟੀਮ ਸੈਕੰਡ ਰਹੀ। ਟੂਰਨਾਮੈਂਟ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਾਬਕਾ ਉਲੰਪੀਅਨ ਤੋਚੀ ਸੰਧੂ, ਗਿਆਨੀ ਨਰਿੰਦਰ ਸਿੰਘ ਵਾਲੀਆ, ਉਘੇ ਰੇਡੀਓ ਹੋਸਟ ਹਰਜੀਤ ਗਿੱਲ, ਗੁਰਜੰਟ ਸਿੰਘ ਸੰਧੂ ਤੇ ਹੋਰਾਂ ਨੇ ਹਾਜ਼ਰੀ ਭਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਟੂਰਨਾਮੈਂਟ ਦੀ ਸਫਲਤਾ ਲਈ ਕਲੱਬ ਦੇ ਪ੍ਰਬੰਧਕਾਂ ਅਮਰਪ੍ਰੀਤ ਸਿੰਘ ਗਿੱਲ, ਜਸਪਾਲ ਸਿੰਘ ਸੰਘੇੜਾ, ਚਰਨਜੀਤ ਰਾਏ, ਹਰਤਿੰਦਰ ਸਿੰਘ ਖੰਗੂੜਾ ਨੇ ਵਲੰਟੀਅਰਾਂ ਅਤੇ ਟੀਮਾਂ ਦਾ ਧੰਨਵਾਦ ਕੀਤਾ। ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਲਈ ਅਤੁਟ ਲੰਗਰ ਤੇ ਚਾਹ ਪਕੌੜੇ ਆਦਿ ਚਲਦੇ ਰਹੇ। ਟੂਰਨਾਮੈਂਟ ਦੌਰਾਨ ਉਘੇ ਕੁਮੈਂਟੇਟਰ ਲੱਖਾ ਸਿਧਵਾਂ ਨੇ ਮੰਚ ਸੰਚਾਲਕ ਦੀ ਸ਼ਾਨਦਾਰ ਜਿੰਮੇਵਾਰੀ ਨਿਭਾਈ।