Mar 7, 2026

ਸੱਜਣ ਅਦੀਬ, ਕੋਰੇਵਾਲ ਮਾਨ ਤੇ ਅਮਨ ਰੋਜ਼ੀ ਨੇ ਸਰੋਤੇ ਨਚਾਏ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਸਾਲਾਨਾ ਪੰਜਾਬੀ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਉਘੇ ਗਾਇਕਾਂ ਸੱਜਣ ਅਦੀਬ, ਕੋਰੇਵਾਲਾ ਮਾਨ, ਅਮਨ ਰੋਜ਼ੀ ਤੋਂ ਇਲਾਵਾ ਹਰਿੰਦਰ ਸੰਧੂ -ਅਮਨਦੀਪ ਕੌਰ, ਸੁਰਿੰਦਰ ਮਾਨ-ਕਰਮਜੀਤ ਕੰਮੋ, ਹੈਰੀ ਸੰਧੂ ਤੇ ਹੋਰਾਂ ਨਾਲ ਆਪਣੇ ਗੀਤਾਂ ਦੀ ਛਹਿਬਰ ਲਾਉਂਦਿਆਂ ਦਰਸ਼ਕਾਂ-ਸਰੋਤਿਆਂ ਦਾ ਭਾਰੀ ਮਨੋਰੰਜਨ ਕੀਤਾ। ਅਮਨ ਰੋਜ਼ੀ, ਸੱਜਣ ਅਦੀਬ ਤੇ ਕੋਰੇਵਾਲਾ ਮਾਨ ਮੇਲੇ ਦੀ ਸਿਖਰ ਹੋ ਨਿਬੜੇ ਤੇ ਦੇਰ ਰਾਤ ਸਟੇਡੀਅਮ ਵਿਚ ਲੋਕਾਂ ਨੇ ਇਹਨਾਂ ਗਾਇਕ ਕਲਾਕਾਰਾਂ ਦਾ ਭਰਪੂਰ ਆਨੰਦ ਮਾਣਿਆ।  ਕਲੱਬ ਦੇ ਪ੍ਰਧਾਨ ਜੋਧਾ ਚੱਕਰ, ਹਰਵਿੰਦਰ ਸਿੰਘ ਤੂਰ, ਨਿਰਵੇੈਰ ਪੱਡਾ, ਬਲਜਿੰਦਰ ਬਰਾੜ, ਜਸਕਰਨ ਧਾਲੀਵਾਲ, ਜਗਜੀਤ ਬਾਸੀ, ਜੀਤਾ ਢਿੱਲੋਂ, ਦੀਪ ਦਿਓਲ, ਸੁੱਖਾ ਸ਼ੇਰਪੁਰ, ਸਟੀਵ ਗਿੱਲ ਤੇ ਹੋਰਾਂ ਨੇ ਹੋਰ ਵਲੰਟੀਅਰਾਂ ਨਾਲ ਮਿਲਕੇ ਮੇਲੇ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਪਾਇਆ। ਮੇਲੇ ਦੌਰਾਨ ਕਈ ਉਘੀਆਂ ਹਸਤੀਆਂ ਜਿਹਨਾਂ ਵਿਚ ਐਮ ਪੀ ਬਰੈਡ ਵਿਸ, ਕੌਂਸਲਰ ਕੈਲੀ ਚਾਹਲ, ਕੌਂਸਲਰ ਦੇਵ ਸਿੱਧੂ, ਮਿਸ਼ਨ ਕੌਂਸਲਰ ਜੈਗ ਗਿੱਲ ਤੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਸਪਾਂਸਰਾਂ ਅਤੇ ਹੋਰ ਕਈ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਮੰਚ ਸੰਚਾਨਲ ਦੀ ਜਿੰਮੇਵਾਰੀ ਸੁਖੀ ਰੰਧਾਵਾ ਤੇ ਮੋਮੀ ਢਿੱਲੋਂ  ਬਾਖੂਬੀ ਨਿਭਾਈ। ਮੇਲੇ ਦੇ ਅਖੀਰ ਵਿਚ ਪ੍ਰਧਾਨ ਜੋਧਾ ਚੱਕਰ ਨੇ ਕਲੱਬ ਦੇ ਅਹੁਦੇਦਾਰਾਂ,ਮੈਂਬਰਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਮੇਲੇ ਦੌਰਾਨ ਗੁਲਾਟੀ ਪਬਲਿਸ਼ਰ ਵਲੋਂ ਹਰਦਮ ਮਾਨ ਨੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਿਸਨੂੰ ਸਾਹਿਤ ਪ੍ਰੇਮੀਆਂ ਨੇ ਭਰਵਾਂ ਹੁੰਗਾਰਾ ਦਿੱਤਾ।