ਵਿਲੀਅਮ ਲੇਕ ( ਦੇ ਪ੍ਰ ਬਿ)- ਬੀਤੇ ਦਿਨੀਂ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਭਾਗ ਵਿਚ ਵਸਦੇ ਸ਼ਹਿਰ ਵਿਲੀਅਮ ਲੇਕ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਦੀ 50ਵੀਂ ਵਰੇਗੰਢ ਮਨਾਈ ਗਈ। ਵੈਨਕੂਵਰ ਤੋਂ ਲਗਪਗ ਸਾਢੇ 500 ਕਿਲੋਮੀਟਰ ਸੈਂਟਰ ਵਿਚ ਸਥਿਤ ਇਸ ਸ਼ਹਿਰ ਵਿਚ ਪੰਜਾਬੀ ਭਾਈਚਾਰਾ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਅੱਜਕੱਲ ਇਸ ਸ਼ਹਿਰ ਦੇ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ ਹਨ। ਸਰੀ-ਫਲੀਟਵੁੱਡ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਜੋ ਇਸ ਸ਼ਹਿਰ ਵਿਚ ਲੰਬਾ ਸਮਾਂ ਰਹੇ ਹਨ, ਵਿਸ਼ੇਸ਼ ਤੌਰ ਤੇ ਪੁੱਜੇ ਤੇ ਵਰੇਗੰਢ ਜਸ਼ਨਾਂ ਵਿਚ ਭਾਗ ਲਿਆ। ਇਸ ਮੌਕੇ ਸਥਾਨਕ ਸਿੱਖ ਸੰਗਤ ਵਲੋਂ ਕੱਢੀ ਗਈ ਚੌਕੀ ਦੀ ਉਹਨਾਂ ਨੇ ਅਗਵਾਈ ਕੀਤੀ ਤੇ ਗੁਰਬਾਣੀ ਤੇ ਗੁਰੂ ਘਰ ਦਾ ਜਸ ਗਾਇਨ ਕੀਤਾ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਦੇ ਜਥੇ ਵਲੋਂ ਗੁਰੂ ਜੱਸ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।


