Mar 7, 2026

ਪ੍ਰੋ ਮੋਹਣ ਸਿੰਘ ਫਾਊਂਡੇਸ਼ਨ ਵਲੋਂ ਸ਼ਹੀਦ ਮੇਵਾ ਸਿੰਘ ਦਾ ਅਦਾਲਤੀ ਰਿਕਾਰਡ ਦਰੁਸਤ ਕਰਨ, ਗੁਰੂ ਨਾਨਕ ਸਟੀਮਰ ਕੰਪਨੀ ਦਾ ਨਾਮ ਸ਼ਾਮਿਲ ਕਰਨ ਅਤੇ 128 ਸਟਰੀਟ ਦਾ ਨਾਮ ਗੁਰੂ ਨਾਨਕ ਦੇਵ ਮਾਰਗ ਰੱਖਣ ਲਈ ਮਤੇ ਪਾਸ-
ਉਘੇ ਗਾਇਕ ਸੁਖਵਿੰਦਰ ਸੁੱਖੀ ,ਜਸਵੰਤ ਸੰਦੀਲਾ ,ਸੁੱਖੀ ਬਰਾੜ ,ਵਿਜੇ ਯਮਲਾ, ਅਰਸ਼ ਰਿਆਜ ਸਮੇਤ ਹੋਰ ਗਾਇਕ ਕਲਾਕਾਰਾਂ ਦੇ ਗੀਤਾਂ ਦੀ ਛਹਿਬਰ-
ਵੈਨਕੂਵਰ ,27 ਜੁਲਾਈ (ਮਲਕੀਤ ਸਿੰਘ )-ਗਦਰੀ ਬਾਬਿਆਂ ਦੀ  ਯਾਦ ਹਰ ਸਾਲ ਵਾਂਗ ਐਤਕੀ ਵੀ  ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵਲੋਂ ਸਰੀ ਚ ਆਯੋਜਿਤ ਕਰਵਾਇਆ ਗਿਆ 29ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਦੇਰ ਸ਼ਾਮ ਸਮਾਪਤ ਹੋ ਗਿਆ|
ਸਰੀ ਦੇ ਸਭ ਤੋਂ ਵੱਡੇ ਬੇਅਰ ਕ੍ਰੀਕ ਪਾਰਕ ਚ ਦੁਪਹਿਰ 12 ਵਜੇ ਆਰੰਭ ਹੋਏ  ਇਸ ਵਿਸ਼ਵ ਪੱਧਰੀ ਮੇਲੇ ਚ ਗਦਰੀ ਬਾਬਿਆਂ ਦੀਆਂ ਇਤਿਹਾਸਿਕ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਬੜੇ ਹੀ ਸੁਚਾਰੂ ਢੰਗ ਨਾਲ ਉਲੀਕੀ ਵਿਉਂਤਬੰਦੀ ਤਹਿਤ ਪਾਰਕ ਦੇ ਇੱਕ ਹਿੱਸੇ ਦੀ ਗਰਾਊਂਡ ਚ ਸਜਾਏ ਗਏ ਵੱਡ ਅਕਾਰੀ ਮੰਚ ਤੋਂ ਪੰਜਾਬ  ਚੋ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਮੁੱਖ ਗਾਇਕ ਅਤੇ ਕਲਾਕਾਰਾਂ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੜਾਵਾਰ ਲਗਾਈ ਗਈ ਛਹਿਬਰ  ਨਾਲ ਰਾਤ 9 ਵਜੇ ਤੱਕ ਮਾਹੌਲ ਰੰਗੀਨ  ਬਣਿਆ ਨਜ਼ਰੀਂ ਆਇਆ| ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁਖੀ ,ਜਸਵੰਤ ਸੰਦੀਲਾ, ਸੁੱਖੀ ਬਰਾੜ ,ਹਰਜਿੰਦਰ ਸਹੋਤਾ ,ਸੁਖ ਧਾਲੀਵਾਲ ,ਸਿਮਰਨ ਸਹੋਤਾ ,ਇੰਦਰ ਢੱਟ ,ਰਣਜੀਤ ਕੌਰ ,ਗੁਰਵਿੰਦਰ ਬਰਾੜ ,ਚਮਕੌਰ ਸੇਖੋਂ ,ਵਿਜੇ ਯਮਲਾ ,ਨਵਦੀਪ ,ਅਰਸ਼ ਰਿਆਜ , ਪਰਵੇਜ਼ ਗਿੱਲ ਅਤੇ ਜੱਸੜ ਵੱਲੋਂ ਪੇਸ਼ ਕੀਤੇ ਗੀਤਾਂ  ਤੇ ਉੱਥੇ ਮੌਜੂਦ ਸੈਂਕੜੇ ਸਰੋਤੇ ਝੂਮਦੇ ਵੇਖੇ ਗਏ|
ਇਸ ਰੰਗਾ ਰੰਗ ਪ੍ਰੋਗਰਾਮ ਦੌਰਾਨ ਉੱਘੇ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਜਦੋਂ ਆਪਣਾ ਚਰਚਿਤ ਗੀਤ  ‘ ਨੀ ਤੇਰੇ ਵੰਗਾਂ ਪਸੰਦ ਨਾ ਆਈਆਂ , ਸਾਰਾ ਤੂੰ ਪੰਜਾਬ ਗਾਹ ਲਿਆ ……!’ ਪੇਸ਼ ਕੀਤਾ ਗਿਆ ਤਾਂ ਗਰਾਊਂਡ ਚ ਮੌਜੂਦ ਸੈਂਕੜੇ ਪੰਜਾਬੀ ਆਪ ਮੁਹਾਰੇ ਨੱਚਣ ਲਈ ਮਜਬੂਰ ਹੋਏ ਵੇਖੇ ਗਏ| ਅਰਸ਼ ਰਿਆਜ, ਪਰਵਾਜ਼ ਗਿੱਲ ਤੇ ਜੱਸੜ ਦੀ ਤਿੱਕੜੀ ਦੀ ਲੋਕਰੰਗ ਵਾਲੀ ਪੇਸ਼ਕਾਰੀ ‘ਭਾਬੋ ਨੀ ਇੱਕ ਜੋਗੀ ਆ ਗਿਆ’ ਨੂੰ ਵੀਂ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਗਿਆ। ਇਸ ਮੌਕੇ ਤੇ ਹਾਜ਼ਰ ਹੋਈਆਂ ਸਿਆਸੀ ਸ਼ਖਸੀਅਤਾਂ  ਚ ਸਪੀਕਰ ਰਾਜ ਚੌਹਾਨ,ਐਮ ਪੀ ਸੁਖ ਧਾਲੀਵਾਲ , ਐਮ ਪੀ ਗੁਰਬਖਸ਼ ਸੈਣੀ , ਕੈਬਨਿਟ ਮੰਤਰੀ ਜਗਰੂਪ ਬਰਾੜ ,ਸਿੱਖਿਆ ਮੰਤਰੀ ਜੈਸੀ ਸੁੰਨੜ , ਐਮ ਐਲ ਏ ਆਮਨਾ ਸ਼ਾਹ, ਗੈਰੀ ਬੱਗ ਦੇ ਨਾਮ ਜ਼ਿਕਰਯੋਗ ਹਨ। ਕੈਬਨਿਟ ਮੰਤਰੀ ਗਰੈਗ ਰੋਬਰਟਸਨ ਦੇ ਸਲਾਹਕਾਰ ਸੁਖਵਿੰਦਰਪਾਲ ਸਿੰਘ ਨੇ ਮੰਤਰੀ ਵਲੋਂ ਸਨਮਾਨ ਪੱਤਰ ਫਾਊਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੂੰ ਭੇਟ ਕੀਤਾ। ਹੋਰ ਸ਼ਖਸੀਅਤਾਂ ਵਿਚ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਰਾਜਿੰਦਰਜੀਤ ਸਿੰਘ ਧਾਮੀ, ਬਲਬੀਰ ਸਿੰਘ ਬੈਂਸ, ਰੁਪਿੰਦਰ ਸਿੰਘ ਕਾਹਲੋਂ, ਪ੍ਰੀਤਮ ਸਿੰਘ ਭਰੋਵਾਲ, ਡਾ ਜਸਵੀਰ ਸਿੰਘ ਰੋਮਾਣਾ, ਡਾ ਰਾਮਿੰਦਰ ਸਿੰਘ ਕੰਗ, ਸਾਬਕਾ ਮੰਤਰੀ ਜਿੰਨੀ ਸਿਮਸ, ਕੁਲਵੰਤ ਸਿੰਘ ਢੇਸੀ, ਜਸਵਿੰਦਰ ਦਿਲਾਵਰੀ, ਡਾ ਕੁਲਦੀਪ ਸਿੰਘ ਚਾਹਲ, ਨਵਲਪ੍ਰੀਤ ਰੰਗੀ, ਰਣਜੀਤ ਸਿੰਘ ਸੰਧੂ, ਜਗੀਰ ਸਿੰਘ ਵਿਰਕ, ਪ੍ਰੋ ਗੋਪਾਲ ਸਿੰਘ ਬੁੱਟਰ,ਨਿਰੰਜਣ ਸਿੰਘ ਲੇਹਲ, ਮਹੇਸ਼ਇੰਦਰ ਸਿੰਘ ਮਾਂਗਟ,ਨਵਰੂਪ ਸਿੰਘ ਤੇ ਹੋਰ ਸ਼ਾਮਿਲ ਸਨ।

ਇਸ ਮੌਕੇ ਤੇ ਫਾਊਂਡੇਸ਼ਨ ਵੱਲੋਂ ਪਾਸ ਕੀਤੇ ਗਏ ਮਤਿਆਂ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਦਾ ਅਦਾਲਤੀ ਰਿਕਾਰਡ ਦਰੁਸਤ ਕਰਨ,ਸਰੀ ਦੀ 128 ਸਟਰੀਟ  ਦਾ ਨਾਮ ਗੁਰੂ ਨਾਨਕ ਦੇਵ ਜੀ ਮਾਰਗ ਰੱਖਣ  ਅਤੇ ਸਰਕਾਰੀ ਦਸਤਾਵੇਜ਼ਾਂ ਵਿਚ ਗੁਰੂ ਨਾਨਕ ਦੇਵ  ਜੀ ਸਟੀਮਰ ਕੰਪਨੀ ਦਾ ਨਾਮ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਉੱਘੇ  ਦੌੜਾਕ ਫੌਜਾ ਸਿੰਘ ਅਤੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ| ਅਖੀਰਲੇ ਪੜਾਅ ਦੌਰਾਨ ਪ੍ਰਬੰਧਕਾਂ ਵੱਲੋਂ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ। ਸਭ ਤੋਂ ਅਖੀਰ ਚ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੇਲੇ ਚ ਆਏ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਘੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਮੰਚ ਸੰਚਾਲਕ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਮੇਲੇ ਦੌਰਾਨ ਸ ਗੁਰਜੰਟ ਸਿੰਘ ਸੰਧੂ ਦੀ ਅਗਵਾਈ ਹੇਠ ਹਿਲਟਨ ਸੀਕਿਊਰਿਟੀ ਵਲੋਂ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ। ਮੇਲੇ ਦੌਰਾਨ ਗੁਲਾਟੀ ਪਬਲਿਸ਼ਰ ਵਲੋਂ ਪੁਸਤਕਾਂ ਦੀ ਪ੍ਰਦਰਸ਼ਨ ਲਗਾਈ ਗਈ ਜਿਸਨੂੰ ਸਾਹਿਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲੀਆ। ਪੱਤਰਕਾਰ ਤੇ ਕਵੀ ਹਰਦਮ ਮਾਨ ਵਲੋਂ ਲਗਾਏ ਪੁਸਤਕਾਂ ਦੇ ਸਟਾਲ ਤੇ ਉਘੇ ਕਵੀ ਜਸਵਿੰਦਰ, ਮੋਹਣ ਗਿੱਲ, ਤਰਲੋਚਨ ਤਰਨ ਤਾਰਨ, ਅੰਗਰੇਜ਼ ਬਰਾੜ, ਨਵਰੂਪ ਸਿੰਘ, ਸੁਖਵਿੰਦਰ ਸਿੰਘ ਚੋਹਲਾ ਐਡੀਟਰ ਦੇਸ਼ ਪ੍ਰਦੇਸ ਟਾਈਮਜ਼ ਤੇ ਹੋਰ ਕਈ ਲੇਖਕਾਂ ਤੇ ਪੱਤਰਕਾਰਾਂ ਨੇ ਹਾਜ਼ਰੀ ਭਰੀ।
ਕੈਪਸ਼ਨ -ਮੇਲੇ ਦੀਆਂ ਵੱਖ ਵੱਖ ਝਲਕੀਆਂ|