Mar 7, 2026

ਸੀਨੀਅਰ ਆਗੂ ਐਂਡਰਿਊ ਸ਼ੀਅਰ, ਐਮ ਪੀ ਕ੍ਰਿਸ ਤੇ ਹੋਰ ਕੰਸਰਵੇਟਿਵ ਆਗੂ ਪੁੱਜੇ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਐਬਸਫੋਰਡ-ਸਾਊਥ ਲੈਂਗਲੀ ਤੋਂ ਕੰਸਰਵੇਟਿਵ ਐਮ ਪੀ ਸੁਖਮਨ ਗਿੱਲ ਵਲੋਂ 204-2825 ਗਾਰਡਨ ਪਾਰਕ ਟਾਵਰ ਕਲੀਅਰਬਰੁੱਕ ਰੋਡ ਐਬਸਫੋਰਡ ਵਿਖੇ ਆਪਣੇ ਹਲਕਾ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਹਾਊਸ ਆਫ ਕਾਮਨਜ਼ ਵਿਚ ਆਗੂ ਤੇ ਰਜਾਈਨਾ ਤੋਂ ਐਮ ਪੀ ਐਂਡਰਿਊ ਸ਼ੀਅਰ, ਗਰੈਂਡ ਪ੍ਰੇਰੀ (ਅਲਬਰਟਾ) ਤੋਂ ਐਮ ਪੀ ਕ੍ਰਿਸ ਵਾਰਕੈਨਟਿਨ ਵਿਸ਼ੇਸ਼ ਰੂਪ ਵਿਚ ਪੁੱਜੇ। ਇਸ ਮੌਕੇ ਐਂਡਰਿਊ ਸ਼ੀਅਰ ਤੇ ਕ੍ਰਿਸ ਨੇ ਸੁਖਮਨ ਗਿੱਲ ਵਲੋਂ ਹਲਕਾ ਦਫਤਰ ਖੋਹਲੇ ਜਾਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਮੀਦ ਪ੍ਰਗਟ ਕੀਤੀ ਉਹ ਇਸ ਦਫਤਰ ਰਾਹੀਂ ਪਾਰਟੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਆਪਣੇ ਵੋਟਰਾਂ ਤੇ ਸਮਰਥਕਾਂ ਲਈ ਬੇਹਤਰ ਕੰਮ ਕਰ ਸਕਣਗੇ। ਇਸ ਮੌਕੇ ਐਮ ਪੀ ਸੁਖਮਨ ਗਿੱਲ ਨੇ ਹਲਕਾ ਨਿਵਾਸੀ ਵੋਟਰਾਂ ਤੇ ਸਮਰਥਕਾਂ ਨੂੰ ਕਿਸੇ ਵੀ ਨਿੱਜੀ ਜਾਂ ਹਲਕੇ ਦੇ ਸਾਂਝੇ ਕੰਮ ਲਈ ਦਫਤਰ ਨਾਲ ਰਾਬਤਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਆਮ ਲੋਕਾਂ ਦੀ ਸੇਵਾ ਵਿਚ ਸਦਾ ਹਾਜ਼ਰ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਹਲਕਾ ਨਿਵਾਸੀ, ਸਹਿਯੋਗੀ ਤੇ ਸਮਰਥਕਾਂ ਨੇ ਸ਼ਮੂਲੀਅਤ ਕਰਦਿਆਂ ਸੁਖਮਨ ਗਿੱਲ ਨੂੰ ਸ਼ੁਭ ਇਛਾਵਾਂ ਦਿੱਤੀਆਂ। ਪੁੱਜੀਆਂ ਸ਼ਖਸੀਅਤਾਂ ਵਿਚ ਮੁੱਖ ਰੂਪ ਵਿਚ ਰਿਚਮੰਡ ਸੈਂਟਰ ਤੋਂ ਐਮ ਪੀ ਚਾਕ ਆਓ, ਲੈਂਗਲੀ ਵਿਲੋਬਰੁੱਕ ਤੋਂ ਐਮ ਐਲ ਏ ਜੋਡੀ ਤੂਰ, ਐਬਸਫੋਰਡ ਸਾਊਥ ਤੋਂ ਐਮ ਐਲ ਏ ਬਰੂਸ ਬੈਨਮੈਨ, ਲੈਂਗਲੀ ਐਬਸਫੋਰਡ ਤੋ ਐਲ ਐਲ ਏ ਹਰਮਨ ਭੰਗੂ, ਐਬਸਫੋਰਡ ਕੌੰਸਲਰ ਕੈਲੀ ਚਾਹਲ, ਲੈਂਗਲੀ ਟਾਊਨਸ਼ਿਪ ਮੇਅਰ ਐਰਿਕ ਵੁਡਵਾਰਡ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਜਗਦੇਵ  ਗਿੱਲ,ਸੋਨੀ ਸਿੱਧੂ, ਰਾਜਾ ਗਿੱਲ ਤੇ ਹੋਰ ਸ਼ਾਮਿਲ ਸਨ। ਮਹਿਮਾਨਾਂ ਲਈ ਖਾਸ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।