Mar 7, 2026

ਕੈਨੇਡਾ ਤੋਂ ਸੁਰਜੀਤ ਸਿੰਘ ਮਾਧੋਪੁਰੀ ਮੁੱਖ ਮਹਿਮਾਨ ਤੇ ਦਰਸ਼ਨ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ-

ਮਿਲਵਾਕੀ – ਸ਼ਿਕਾਗੋ ਦੀ ਸੰਸਥਾ ਗਲੋਬਲ ਪੰਜਾਬੀ ਮਿਲਾਪ ਵਲੋ ਹਰ ਸਾਲ ਦੀ ਤਰਾਂ ਇਸ ਵਾਰ ਸਾਲਾਨਾ ਸਮਾਗਮ 16 ਅਗਸਤ ਦਿਨ ਸ਼ਨੀਵਾਰ ਨੂੰ  ਟੱਚ ਆਫ ਸਪਾਈਸ 913 ਡਬਲਿਊ ਇਰਵਿੰਗ ਪਾਰਕ ਰੋਡ ਇਟਾਸਕਾ, ਸ਼ਿਕਾਗੋ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਕ ਅਜਿਹੀ ਸੰਸਥਾ ਹੈ ਜੋ 2003 ਤੋਂ ਹਰ ਸਾਲ ਚੜਦੇ ਤੇ ਲਹਿੰਦੇ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਇਕ ਮੰਚ ਲਿਆਕੇ ਸਾਂਝ ਦੀਆਂ ਤੰਦਾਂ ਨੂੰ ਪੱਕਿਆਂ ਕਰਦੀ ਆ ਰਹੀ ਹੈ। ਇਹ ਆਪਣੀ ਕਿਸਮ ਦੀ ਨਿਵੇਕਲੀ ਸੰਸਥਾ ਹੈ ਜਿਸਨੇ ਕਦੀ ਵੀ ਨਾ ਤਾਂ ਟਿਕਟਾਂ ਖਰੀਦ ਕੇ ਸ਼ਾਮਿਲ ਹੋਣ ਦੀ ਸ਼ਰਤ ਰੱਖੀ ਹੈ ਨਾਹੀ ਫੰਡ ਇਕੱਠੇ ਕੀਤੇ ਹਨ। ਪੰਜਾਬੀ ਪਿਆਰੇ ਆਪਣੀ ਇੱਛਾ ਨਾਲ ਮਾਇਕ ਸਹਾਇਤਾ ਕਰਦੇ ਹਨ।

ਹਰ ਸਾਲ ਕਿਸੇ ਇਕ ਵਿਸ਼ੇ ਦੀ ਚੋਣ ਕਰਕੇ ਬੁਲਾਰਿਆਂ ਨੂੰ ਬੋਲਣ ਦੀ ਅਰਜ਼ ਕੀਤੀ ਜਾਂਦੀ ਹੈ। ਚੜਦੇ ਤੇ ਲਹਿੰਦੇ ਪੰਜਾਬਾਂ ਦੇ ਸ਼ਾਇਰ ਆਪਣਾ ਕਲਾਮ ਪੇਸ਼ ਕਰਦੇ ਹਨ। ਇਸ ਵਰੇ ਦਾ ਵਿਸ਼ਾ ਪੰਜਾਬੀ ਦੇ ਲੋਕ ਅਖਾਣ ਰੱਖਿਆ ਗਿਆ ਹੈ। ਪਿਛਲੇ ਵਰਿਆਂ ਤੋਂ ਕਿਸੇ ਨਾ ਕਿਸੇ ਕਿਤਾਬ ਦੀ ਮੂੰਹ ਵਿਖਾਈ ਵੀ ਕੀਤੀ ਜਾਂਦੀ ਹੈ। ਸੂਝਵਾਨ ਸੱਜਣ ਆਪਣੇ ਵਿਚਾਰ ਪੇਸ਼ ਕਰਦੇ ਹਨ। ਇਸ ਸਾਲ ਪੰਜਾਬੀ ਲੇਖਕ ਤੇ ਸ਼ਾਇਰ ਰਵਿੰਦਰ ਸਹਿਰਾਅ ਦਾ ਸਫਰਨਾਮਾ ਲਾਹੌਰ ਨਾਲ ਗੱਲਾਂ ਲੋਕ ਅਰਪਿਤ ਕੀਤਾ ਜਾਵੇਗਾ। ਇਸ ਵਾਰ ਕੈਨੇਡਾ ਦੀ ਪੰਜਾਬੀ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਸੁਰਜੀਤ ਸਿੰਘ ਮਾਧੋਪੁਰੀ ਮੁੱਖ ਪ੍ਰਾਹੁਣੇ ਹੋਣਗੇ। ਵਿਸ਼ੇਸ਼ ਮਹਿਮਾਨ ਉਘੇ ਕਾਰੋਬਾਰੀ ਸ ਦਰਸ਼ਨ ਸਿੰਘ ਧਾਲੀਵਾਲ ਹੋਣਗੇ। ਬਾਲਟੀਮੋਰ ਤੋਂ ਡਾ ਸੁਰਿੰਦਰ ਸਿੰਘ ਗਿੱਲ ਸ਼ਿਰਕਤ ਕਰਨਗੇ। ਡਾ ਗਿੱਲ ਅੰਬੈਸਡਰ ਆਫ ਪੀਸ ਅਤੇ ਪੰਜਾਬੀ ਤੇ ਪ੍ਰਚਾਰ ਪ੍ਰਸਾਰ ਲਈ ਦੋਵਾਂ ਪੰਜਾਬਾਂ ਵਿਚ ਜਾਣੀ ਪਹਿਚਾਣੀ ਸ਼ਖਸੀਅਤ ਹਨ। ਉਹਨਾਂ ਨਾਲ ਬਾਲਟੀਮੋਰ ਤੋਂ ਹੀ ਮਾਸਟਰ ਧਰਮਪਾਲ ਸਿੰਘ ਉਗੀ ਵੀ ਹਾਜ਼ਰੀ ਲਵਾਉਣਗੇ।

ਵਧੇਰੇ ਜਾਣਕਾਰੀ ਲਈ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਠਾਕਰ ਸਿੰਘ ਬਸਾਤੀ ਫੋਨ ਨੰਬਰ 847-736-6062, ਸਾਜਿਦ ਚੌਧਰੀ 773-213-3775, ਨਰਿੰਦਰ ਸੂਦ 847-915-0098 ਜਾਂ ਰਵਿੰਦਰ ਸਹਿਰਾਅ ਨਾਲ 219-900-1115 ਤੇ ਸੰਪਰਕ ਕੀਤਾ ਜਾ ਸਕਦਾ ਹੈ।