Mar 7, 2026

ਐਡਮਿੰਟਨ ਟਾਊਨ ਹਾਲ ਮੀਟਿੰਗ ਵਿਚ ਪੀੜਤ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ-

ਸਰੀ ( ਦੇ ਪ੍ਰ ਬਿ)- ਐਡਮਿੰਟਨ ਪੁਲਿਸ ਵਲੋਂ ਸ਼ਹਿਰ ਵਿਚ ਜਬਰੀ ਵਸੂਲੀ ਅਤੇ ਅਗਜਨੀ ਦੀਆਂ ਘਟਨਾਵਾਂ ਸਬੰਧੀ ਵਿਚ ਇਕ ਟਾਊਨ ਹਾਲ ਮੀਟਿੰਗ ਵਿਚ ਲੋਕਾਂ ਨੂੰ ਅਜਿਹੀਆਂ ਧਮਕੀਆਂ ਮਿਲਣ ਦੀ ਸੂਰਤ ਵਿਚ ਤੁਰੰਤ ਪੁਲਿਸ ਨੂੰ ਰਿਪੋਰਟ ਕੀਤੇ ਜਾਣ ਦੀ ਅਪੀਲ ਦੇ ਨਾਲ ਸਰੀ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ 29 ਜੁਲਾਈ ਤੱਕ ਪੁਲਿਸ ਕੋਲ ਜਬਰੀ ਵਸੂਲੀ ਦੀਆਂ 26 ਰਿਪੋਰਟਾਂ ਦਰਜ ਹੋਈਆਂ ਹਨ।  ਸਰੀ ਪੁਲਿਸ ਦੇ ਮੀਡੀਆ ਰਿਲੇਸ਼ਨ ਅਧਿਕਾਰੀ ਸਾਰਜੈਂਟ ਟਾਈਗ ਪੋਲਕ ਦਾ ਕਹਿਣਾ ਹੈ ਕਿ ਭਾਵੇਂਕਿ ਜਬਰੀ ਵਸੂਲੀ ਦੀ ਕੋਈ ਤਾਜ਼ਾ ਘਟਨਾ ਸਾਹਮਣੇ ਨਹੀ ਆਈ ਪਰ ਪੁੁਲਿਸ ਵਲੋਂ ਪੀੜਤਾਂ ਨੂੰ ਅੱਗੇ ਆਉਣ ਸੱਦੇ ਉਪਰੰਤ 12 ਰਿਪੋਰਟਾਂ ਦੀ ਗਿਣਤੀ ਵਿਚ 26 ਰਿਪੋਰਟਾਂ ਦਾ ਵਾਧਾ ਹੋਇਆ ਹੈ। ਅਜਿਹਾ ਕਮਿਊਨਿਟੀ ਮੀਟਿੰਗਾਂ, ਜਨਤਕ ਮੰਚਾਂ ਅਤੇ ਕ੍ਰਾਈਮ ਸਟੋਪਰਾਂ ਨੂੰ ਕੀਤੀ ਗਈ ਫੰਡਿੰਗ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੈ। ਪੋਲਕ ਦਾ ਕਹਿਣਾ ਹੈ ਕਿ ਉਹ ਇਹ ਯਕੀਨ ਨਾਲ ਤਾਂ ਨਹੀ ਕਹਿ ਸਕਦੇ ਕਿ ਕ੍ਰਾਈਮਸਟੌਪਰਾਂ ਰਾਹੀਂ ਕਿੰਨੇ ਕੇਸ ਸਾਹਮਣੇ ਆਏ ਹਨ ਪਰ ਪੁਲਿਸ ਵਲੋਂ ਬੀਸੀ ਕ੍ਰਾਈਮ ਸਟੌਪਰਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ 60 ਦਿਨਾਂ ਦੀ “ਜਬਰੀ ਵਸੂਲੀ ਜਾਗਰੂਕਤਾ ਮੁਹਿੰਮ” ਚਲਾਉਣ ਵਿੱਚ ਮਦਦ ਕਰਨ ਲਈ $100,000 ਫੰਡ ਪ੍ਰਦਾਨ ਕੀਤੇ ਜਾਣ ਦੇ ਚੰਗੇ ਨਤੀਜੇ ਮਿਲੇ ਹਨ। ਪਿਛਲੇ ਦਿਨੀਂ ਇਕ ਨਿਊਜ ਕਾਨਫਰੰਸ ਦੌਰਾਨ ਸਰੀ ਪੁਲਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਕਿਹਾ ਕਿ ਪੁਲਿਸ 2025 ਦੀ ਸ਼ੁਰੂਆਤ ਤੋਂ ਸਰੀ ਵਿੱਚ ਜਬਰੀ ਵਸੂਲੀ ਦੇ 12 ਮਾਮਲਿਆਂ ਤੋਂ ਜਾਣੂ ਸੀ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਪਰਾਧ ਦੀ ਰਿਪੋਰਟ ਘੱਟ ਹੈ। ਦੋ ਸ਼ੱਕੀ ਜਿਨ੍ਹਾਂ ਦੀ ਜਬਰੀ ਵਸੂਲੀ ਕੇਸ ਵਿਚ ਜਾਂਚ ਕੀਤੀ ਜਾ ਰਹੀ ਸੀ, ਨੂੰ 3 ਜੁਲਾਈ ਨੂੰ ਸਰੀ ਵਿੱਚ 2024 ਵਿੱਚ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਗੋਲੀਬਾਰੀ ਕਰਨ ਅਤੇ ਅੱਗ ਲਗਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਰੀ ਦੇ ਕਾਰੋਬਾਰੀ ਸਤੀਸ਼ ਕੁਮਾਰ ਦੇ ਦੋ ਬਿਜਨੈਸਾਂ ਉਪਰ ਗੋਲੀਬਾਰੀ ਉਪਰੰਤ ਉਹਨਾਂ ਨੇ  15 ਜੂਨ ਨੂੰ ਇੱਕ ਜਨਤਕ ਸੁਰੱਖਿਆ ਫੋਰਮ ਦੀ ਮੇਜ਼ਬਾਨੀ ਕੀਤੀ ਸੀ ਜਿਸਦਾ ਉਦੇਸ਼ “ਸੰਵਾਦ ਨੂੰ ਉਤਸ਼ਾਹਿਤ ਕਰਨਾ” ਅਤੇ ਜਬਰੀ ਫਿਰੌਤੀ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਪੁਲਿਸ ਨੇ ਕਿਹਾ ਕਿ ਮਈ ਵਿੱਚ ਪੈਨੋਰਮਾ ਰਿਜ ਵਿੱਚ ਇੱਕ ਘਰ ਵਿੱਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਜਬਰੀ ਵਸੂਲੀ ਕੇਸ ਵਜੋਂ ਜਾਂਚ ਕੀਤੀ ਜਾ ਰਹੀ ਹੈ। 13 ਮਈ ਦੀ ਸਵੇਰ ਨੂੰ 12000-ਬਲਾਕ ਦੇ ਕੌਲਥਾਰਡ ਰੋਡ ‘ਤੇ ਇੱਕ ਘਰ ‘ਤੇ ਗੋਲੀਬਾਰੀ ਕੀਤੀ ਗਈ ਅਤੇ ਫਿਰ 25 ਮਈ ਨੂੰ ਸਵੇਰੇ 3 ਵਜੇ ਦੇ ਕਰੀਬ ਗੋਲੀਬਾਰੀ ਹੋਈ ਸੀ।

ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ  11 ਜੂਨ ਨੂੰ ਸਰੀ ਵਿੱਚ ਐਬਟਸਫੋਰਡ ਨਿਵਾਸੀ ਸਤਵਿੰਦਰ ਸ਼ਰਮਾ ਦੀ ਗੋਲੀਬਾਰੀ ਵਿੱਚ ਹੋਈ ਮੌਤ ਵੀ ਜਬਰੀ ਵਸੂਲੀ ਦੀ ਘਟਨਾ ਨਾਲ ਸਬੰਧਤ ਸੀ। ਭਾਵੇਂਕਿ  ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਗਿਆ ਕਿ ਇਹ ਮਿਥਕੇ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਸੀ।  ਸ਼ਹਿਰ ਵਿਚ  ਕਈ ਹੋਰ  ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ  ਜਿਨ੍ਹਾਂ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਜਬਰੀ ਵਸੂਲੀ ਨਾਲ ਸਬੰਧਤ ਹਨ, ਇਸ ਵਿੱਚ 10 ਜੁਲਾਈ ਨੂੰ ਕੈਪਸ ਕੈਫੇ ਵਿੱਚ ਹੋਈ ਗੋਲੀਬਾਰੀ ਵੀ ਸ਼ਾਮਲ ਹੈ। ਪੁਲਿਸ ਨੇ ਇਹ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ 21 ਜੁਲਾਈ ਨੂੰ ਪਾਇਲ ਬਿਜ਼ਨਸ ਸੈਂਟਰ ਦੇ ਰਾਇਲ ਕਿੰਗ ਬੈਂਕੁਏਟ ਹਾਲ ਵਿੱਚ ਰਾਤ ਨੂੰ ਹੋਈ ਗੋਲੀਬਾਰੀ ਜਬਰੀ ਵਸੂਲੀ ਨਾਲ ਸਬੰਧਤ ਸੀ ਜਾਂ ਨਹੀਂ।

ਐਡਮਿੰਟਨ ਟਾਉਨਹਾਲ ਮੀਟਿੰਗ-ਬੀਤੇ ਸੋਮਵਾਰ ਐਡਮਿੰਟਨ ਪੁਲਿਸ ਵਲੋਂ ਟਾਊਨ ਹਾਲ ਮੀਟਿੰਗ ਦੌਰਾਨ ਪੀੜਤ ਲੋਕਾਂ ਨੂੰ ਜਬਰੀ ਵਸੂਲੀ ਜਾਂ ਧਕਮੀਆਂ ਬਾਰੇ ਤੁਰੰਤ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਦੀ ਅਪੀਲ ਕੀਤੀ। ਪੁਲਿਸ ਮੁਖੀ ਨੇ ਕਾਰੋਬਾਰੀਆਂ ਤੇ ਸਥਾਨਕ ਨਿਵਾਸੀਆਂ ਦੀ ਮੀਟਿੰਗ ਨੂੁੰ ਸੰਬੋਧਨ ਕਰਦਿਆਂ ਪਿਛਲੇ ਸਾਲ ਸ਼ਹਿਰ ਵਿਚ ਫਿਰੌਤੀਆਂ, ਗੋਲੀਬਾਰੀ ਤੇ ਅਗਜਨੀ ਦੀਆਂ 40 ਘਟਨਾਵਾਂ ਵਾਪਰੀਆਂ ਸਨ ਤੇ ਇਸ ਸਾਲ ਮਈ ਮਹੀਨੇ ਤੋਂ ਬਾਦ 6 ਹੋਰ ਅਜਿਹੇ ਕੇਸ ਸਾਹਮਣੇ ਆਏ ਹਨ। ਉਹਨਾਂ ਦੱਸਿਆਂ ਕਿ ਅਜਿਹੀਆਂ ਅਪਰਾਧਿਕ ਘਟਨਾਵਾਂ ਦੇ ਸਬੰਧ ਵਿਚ ਦਰਜਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਬਰੀ ਵਸੂਲੀ ਗਰੁੱਪ ਦੇ ਇਕ ਸਰਗਨਏ ਮਨਿੰਦਰ ਧਾਲੀਵਾਲ ਜੋ ਇਸ ਸਮੇਂ ਦੁਬਈ ਵਿਚ ਹੈ, ਦੀ ਹਵਾਲਗੀ ਲਈ ਪੁਲਿਸ ਵਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਟਾਊਨਹਾਲ ਮੀਟਿੰਗ ਦੌਰਾਨ ਕਈ ਪੀੜਤ ਕਾਰੋਬਾਰੀਆਂ ਨੇ ਮੀਡੀਆ ਸਾਹਮਣੇ ਆਪਣੇ ਦੁਖੜੇ ਸੁਣਾਏ।