Mar 7, 2026

Screenshot

ਸੈਨਹੋਜੇ ( ਚਰਨਜੀਤ ਸਿੰਘ ਪੰਨੂ)– ਦੁਰਘਟਨਾ ਦੀ ਜਗ੍ਹਾ: ਨਮਸਤੇ ਪਲਾਜ਼ਾ ਤੇ ਸਪਰਾਊਟਸ ਵਿਚਕਾਰ ਬਿਲਡਿੰਗ 1171 ਦੇ ਸਾਹਮਣੇ ਪਾਰਕਿੰਗ ਲਾਟ ਕੈਪੀਟਲ ਐਕਸਪ੍ਰੈੱਸ ਵੇ, ਸੈਨਹੋਜ਼ੇ। ਮਿਤੀ ਜੁਲਾਈ 19, 2025, ਸਮਾਂ 11. 48-11. 53 ਦੇ ਵਿਚਕਾਰ। ਮੈਂ ਨਮਸਤੇ ਪਲਾਜ਼ਾ ਤੋਂ ਕੁੱਝ ਸਮਾਨ ਲੈ ਕੇ ਆਪਣੀ ਕਾਰ ਵੱਲ ਆਇਆ ਤਾਂ ਅਚਾਨਕ ਇੱਕ ਸਫ਼ੈਦ ਰੰਗ ਦੀ ਪੁਰਾਣੀ ਜਿਹੀ ਵੱਡੀ ਕਾਰ ਮੇਰੇ ਸਾਹਮਣੇ ਆ ਰੁਕੀ। ਪਸੰਜਰ ਸਾਈਡ ਤੇ ਬੈਠੀ ਔਰਤ ਨੇ ਦਰਵਾਜ਼ਾ ਖੋਲ੍ਹਦੇ ‘ਹੈਲੋ ਪਾਪਾ ਜੀ! ਕੈਸੇ ਓ!’ ਹੱਥ ਵਿਚ ਇੱਕ ਮੁੰਦੀ ਸਮੇਤ ਕੁੱਝ ਹੋਰ ਸਮਾਨ ਮੇਰੇ ਵੱਲ ਵਧਾਉਂਦੇ ਹੱਸਦੇ ਮੁਸਕਰਾਉਂਦੇ ਮੇਰਾ ਖੱਬਾ ਹੱਥ ਫੜ ਲਿਆ। ਮੈਂ ਇੱਕ ਮੁੰਦੀ ਸਮੇਤ ਕੁੱਝ ਕਾਗ਼ਜ਼ ਆਪਣੇ ਸੱਜੇ ਹੱਥ ਵਿਚ ਪਕੜ ਲਏ। ‘ਮੈਂ ਠੀਕ ਹਾਂ ਧੰਨਵਾਦ।’ ਮੈਂ ਉਹ ਬਾਈਬਲ ਪ੍ਰਚਾਰਕ ਸਮਝੇ ਜੋ ਰਾਹਾਂ ਗਲੀਆਂ ਵਿਚ ਪ੍ਰਚਾਰ ਕਰਦੇ ਆਮ ਹੀ ਮਿਲ ਜਾਂਦੇ ਹਨ। ਔਰਤ ਨੇ ਮੂੰਹ ਵਿਚ ਕੁੱਝ ਗੁਣਗੁਣਾਉਂਦੀ ਮੇਰੇ ਖੱਬੇ ਗੁੱਟ ਦੇ ਕਮੀਜ਼ ਕਫ਼ ਤੇ ਕੁੱਝ ਘਸਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਏਅਰਪੋਰਟ ਤੇ ਪਗੜੀ ਚੈੱਕ ਕਰਨ ਲਈ ਪੇਪਰ ਸਕੈਨਰ ਵਰਤਦੇ ਹਨ। ‘ਤੁਸੀਂ ਵੀ ਇਹਦੇ ਲਈ ਅਰਦਾਸ ਕਰੋ।’ ਡਰਾਈਵਰ ਨੇ ਤਰਲਾ ਜਿਹਾ ਕੀਤਾ। ਮੈਂ ਸਮਝਿਆ ਹੱਥ ਤੇ ਫੁਲਬਹਿਰੀ ਜਿਹੀ ਵਾਲੀ ਇਹ ਔਰਤ ਬਿਮਾਰ ਹੈ ਤੇ ਮੈਨੂੰ ਕੋਈ ਧਾਰਮਿਕ ਫੱਕਰ ਸਮਝ ਕੇ ਅਸ਼ੀਰਵਾਦ ਮੰਗ ਰਹੇ ਹਨ। ਚਾਲੀ ਕੁ ਸਾਲ ਦੀ ਉਸ ਮੈਕਸੀਕਨ ਮੂਲ ਦੀ ਜਾਪਦੀ ਔਰਤ ਨੇ ਪਲਕ ਝਲਕ ਵਿਚ ਇੱਕ ਮੁੰਦੀ ਮੇਰੀ ਉਂਗਲ ਵਿਚ ਫਸਾ ਦਿੱਤੀ। ‘ਇਹ ਤੁਹਾਡੇ ਲਈ ਸੁਹੰਢਣੀ ਰਹੇਗੀ।’ ਉਸੇ ਵੇਲੇ ਮੇਰੀ ਵਿਚਕਾਰਲੀ ਉਂਗਲ ਵਿਚੋਂ ਮੇਰੀ ਮੁੰਦੀ ਲਾਹ ਕੇ ਮੇਰੀ ਛਾਤੀ ਵਾਲੀ ਜੇਬ ਵਿਚ ਪਾ ਦਿੱਤੀ ਤੇ ਆਪਣੇ ਵਾਲੀ ਇਸ ਜਗ੍ਹਾ ਪਾ ਦਿੱਤੀ। ਆਪਣੇ ਡੈਸ਼ ਬੋਰਡ ਵਿਚੋਂ ਸੌ ਡਾਲਰ ਦਾ ਨੋਟ, ਇੱਕ ਚੇਨ ਤੇ ਮੁੰਦੀ ਕੱਢ ਕੇ ਹੱਥ ਵਿਚ ਪਕੜ ਲਏ। ‘ਨੋ ਨੋ ਮੈਂ ਇਹ ਨਹੀਂ ਲੈਣੇ।’ ਮੈਂ ਮਨ੍ਹਾ ਕਰ ਕੇ ਪਿੱਛੇ ਮੁੜਨ ਲੱਗਾ। ਮੇਰੇ ਨਾਂਹ ਨਾਂਹ ਕਰਦੇ ਉਸ ਨੇ ਉਹ ਮੇਰੀ ਜੇਬ ਤੱਕ ਵਧਾਏ ਜਿਵੇਂ ਜਬਰੀ ਪ੍ਰੇਮ ਨਾਲ ਮੇਰੀ ਜੇਬ ਵਿਚ ਪਾਉਣਾ ਚਾਹੁੰਦੀ ਹੋਵੇ। ਪਿੱਛੇ ਹਟਦੇ ਮੈਂ ਜਾਚਿਆਂ ਉਹ ਨੋਟ ਤੋਂ ਬਿਨਾਂ ਹੋਰ ਹੱਥ ਵਾਲਾ ਸਮਾਨ ਮੇਰੀ ਜੇਬ ਵਿਚ ਸੁੱਟ ਗਈ! ਮੈਂ ਬਿਨਾਂ ਕਿਸੇ ਸ਼ੱਕ ਸ੍ਹੁਭਾਹ ਪਿੱਛੇ ਮੁੜ ਗਿਆ। ਇੱਕ ਮੇਰੀ ਮੁੰਦੀ! ਸਮੇਤ ਚੈਨੀ ਮੇਰੀ ਜੇਬ ਵਿਚ ਰੜਕ ਰਹੀ ਸੀ ਜੋ ਮੈਂ ਟੋਹ ਕੇ ਵੇਖੀ। ਉਨ੍ਹਾਂ ਦੀਆਂ ਸੰਦੇਹ ਭਿੱਜੀਆਂ ਹਰਕਤਾਂ ਚਿੱਥਦੇ ਘਰ ਜਾ ਕੇ ਘੰਟੇ ਕੁ ਬਾਦ ਮੈਂ ਸੋਚਿਆ ਮੈਂ ਆਪਣੀ ਮੁੰਦੀ ਪਾ ਲਵਾਂ ਤੇ ਉਨ੍ਹਾਂ ਵਾਲਾ ਨਕਲੀ ਜਿਹਾ ਮਾਲ ਬਾਹਰ ਸੁੱਟ ਮਾਰਾਂ। ਪਰ! ਪਰ! ਇੱਥੇ ਮੇਰੀ ਮੁੰਦੀ ਨਹੀਂ ਸੀ ਜੋ ਉਹ ਆਪਣਾ ਰੱਦੀ ਮਾਲ ਪਾਉਣ ਦੇ ਬਹਾਨੇ ਮੇਰਾ ਅਸਲੀ ਖਰਾ ਮਾਲ ਝਪਟ ਕੇ ਲੈ ਗਈ! ਪੰਜ ਮਿੰਟਾਂ ਦੇ ਇਸ ਡਰਾਮੇ ਦੇ ਜਾਦੂਮਈ ਵਰਤਾਰੇ ਨੇ ਮੈਨੂੰ ਪੜ੍ਹਿਆ ਲਿਖਿਆ ਬੇਵਕੂਫ਼ ਬਣਾ ਦਿੱਤਾ! ਹਾਏ ਮੇਰੀ ਪਿਆਰੀ ਡੁਬਈ ਮਾਰਕਾ ਪੰਦਰਾਂ ਗਰਾਮ ਤੋਂ ਵਧੀਕ ਐਂਕਰ ਮੋਹਰ ਵਾਲੀ ਭਾਰੀ ਜਿਹੀ ਸੋਨ ਮੁੰਦੀ ਜੋ ਕੁੱਝ ਦੇਰ ਪਹਿਲਾਂ ਮੇਰੀ ਸੀ, ਹੁਣ ਪਤਾ ਨਹੀਂ ਕੀਹਦੀ? ਕਿੱਥੇ? ਉਸ ਨਾਲ ਕੀ ਬੀਤੀ ਜਾਂ ਬੀਤਦੀ ਹੋਵੇਗੀ ਜਾਂ ਕਿਸੇ ਸੁਨਿਆਰੇ ਦੀ ਭੱਠੀ ਪੈ ਕੇ ਨਵੇਂ ਜਾਮੇ ਜਾ ਚੁੱਕੀ ਹੋਵੇਗੀ! ਕੈਲੀਫੋਰਨੀਆ ਦੇ ਸੈਨਹੋਜ਼ੇ ਨਗਰ ਨਿਗਮ ਦੀ ਪੁਲਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਮਿਲਿਆ। ਮੈਂ ਦੋ ਵੇਰਾਂ ਡਾਊਨ ਟਾਊਨ  ਥਾਣੇ ਵੀ ਜਾ ਆਇਆ। ਨਫ਼ਰੀ ਬਹੁਤ ਘੱਟ ਤੇ ਵਾਰਦਾਤਾਂ ਜ਼ਿਆਦਾ ਹੋਣ ਕਾਰਨ ਮਾੜੀ ਮੋਟੀ ਚੋਰੀ ਡਾਕਾ ਰਪਟ ਉਹ ਲਿਖਦੇ ਵੀ ਨਹੀਂ। ਕਹਿੰਦੇ ਨਾਨ-ਐਮਰਜੈਂਸੀ ਨੰਬਰ ਤੇ ਰਿਪੋਰਟ ਲਿਖਾਓ, ਉਹ ਵੀ ਨਹੀ ਮਿਲਿਆ। ਦੋ ਲੱਖ ਦੇ ਕਰੀਬ ਨੁਕਸਾਨ ਕਰਾਇਆ, ਨਾਲੇ ਬਾਹਰੋਂ ਭੜਵਾ ਕਹਾਇਆ! ਮੇਰਾ ਇਹ ਲਿਖਣ ਦਾ ਮਤਲਬ ਉੱਪਰ ਵਾਲੀ ਆਪਣੀ ‘ਸਤਨਾਜਾ’ ਕਹਾਣੀ ਮਾਲਾ ਜਾਂ ਕੁਲਵਿੰਦਰ ਦੀ ਫ਼ੋਟੋ ਦਿਖਾਉਣਾ ਨਹੀਂ ਸਗੋਂ ਇਸ ਫ਼ੋਟੋ ਵਿਚਲੀ ਮੇਰੀ ਉਸ ਪਿਆਰੀ ਨਿਆਰੀ ਮੁੰਦਰੀ ਦੇ ਤੁਹਾਨੂੰ ਦਰਸ਼ਨ ਕਰਾਉਣਾ ਹੈ। ਉਨ੍ਹਾਂ ਦਾ ਛੱਡਿਆ ਹੋਰ ਸਾਮਾਨ ਵੀ ਨੁਮਾਇਸ਼ ਹਾਜਰ ਹੈ। ਸ਼ਾਇਦ ਤੁਸੀਂ ਮੇਰੇ ਇਸ ਤਜਰਬੇ ਤੋਂ ਸਤਰਕ ਚੁਕੰਨੇ ਹੋ ਜਾਓ। ਕਿਸੇ ਦੇ ਮੂੰਹ ਤੇ ਚੋਰ ਠਗ ਨਹੀਂ ਲਿਖਿਆ ਹੁੰਦਾ! ਮੁਸਾਫ਼ਰ ਆਪਣੀ ਗਠੜੀ ਦਾ ਆਪ ਜ਼ਿੰਮੇਵਾਰ ਹੈ। ਮੈਂ ਠਗਿਆ ਗਿਆ ਹਾਂ, ਤੁਸੀਂ ਬਚੋ, ਨਾ ਠੱਗੇ ਜਾਇਓ।