ਐਬਸਫੋਰਡ ( ਦੇ ਪ੍ਰ ਬਿ)-ਬੀਤੇ ਦਿਨ ਸਥਾਨਕ ਬਿਜਨੈਸ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਦੇ ਮਾਲਕ ਸ੍ਰੀਕਾਂਤ ਮੋਗੂਲਾਲਾ ਤੇ ਪ੍ਰੇਮ ਸਿੰਘ ਵਲੋਂ ਪੰਜਾਬ ਤੋਂ ਆਏ ਸਿਆਸ , ਸੋਸ਼ਲ ਅਤੇ ਧਾਰਮਿਕ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨਾਲ ਇਕ ਸਾਂਝੀ ਮਿਲਣੀ ਰੱਖੀ ਗਈ | ਇਸ ਵਿੱਚ ਸਾਬਕਾ ਐਮ ਐਲ ਏ ਸ: ਕੁਲਬੀਰ ਸਿੰਘ ਜ਼ੀਰਾ , ਫਰੀਦਕੋਟ ਦੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ ਨਵਦੀਪ ਸਿੰਘ ਬੱਬੂ ਬਰਾੜ ਅਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਸ਼ਾਮਿਲ ਸਨ | ਬੁਲਾਰਿਆਂ ਨੇ ਜਿਥੇ ਕੈਨੇਡਾ ਦੀ ਫੇਰੀ ਤੇ ਇਥੋਂ ਦੀਆਂ ਵਧੀਆ ਗੱਲਾਂ ਦਾ ਜ਼ਿਕਰ ਕੀਤਾ ਉਥੇ ਪੰਜਾਬ ਵਿੱਚ ਜਵਾਨੀ ਦਾ ਹੋ ਰਿਹਾ ਨਿਘਾਰ ਤੇ ਵਿਦੇਸ਼ਾਂ ਵੱਲ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਦੱਸਦਿਆਂ ਇਸ ਦੇ ਸਹੀ ਹੱਲ ਨੂੰ ਲੱਭਣ ਦੇ ਯਤਨ ਕਰਨ ਲਈ ਕਿਹਾ | ਸ: ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਸ਼ਿਆਂ ਤੇ ਰਿਸ਼ਵਤ ਖੋਰੀ ਵਿਰੁੱਧ ਐਕਸ਼ਨ ਲੈਣ ਲਈ ਕਿਹਾ ਤੇ ਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਦੁਹਾਈ ਦਿੱਤੀ| ਨਵਦੀਪ ਸਿੰਘ ਬੱਬੂ ਬਰਾੜ ਨੇ ਸਾਰੇ ਆਏ ਹੋਏ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿੱਚ ਵੱਸਦੇ ਆਪਣੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਮਨੁੱਖਤਾ ਬਚਾਉਣ ਲਈ ਜ਼ੋਰ ਲਾਉਣ ਤਾਂ ਕਿ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕੇ | ਸ; ਮਨਜੀਤ ਸਿੰਘ ਭੋਮਾ ਨੇ ਸਿੱਖੀ ਨਾਲ ਜੁੜਣ, ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਚੱਲਣ ਅਤੇ ਕੈਨੇਡਾ ਵਸਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਸ਼ਬਦ ਨਾਲ ਸਾਂਝਾਂ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੀ ਫੇਸ (C FACE) ਸੁਸਾਇਟੀ ਦੇ ਫਾਊਂਡਰ ਕੰਵਲਜੀਤ ਸਿੰਘ ਮਾਨਾਂਵਾਲਾ ਨੇ ਸਟੇਜ ਸੰਭਾਲਦੇ ਹੋਏ ਜਿਥੇ ਵਾਰੀ ਵਾਰੀ ਆਏ ਹੋਏ ਮਹਿਮਾਨਾਂ ਨੂੰ ਸੱਦਾ ਦਿੱਤਾ ਨਾਲ ਦੀ ਨਾਲ ਪੰਜਾਬ ਪ੍ਰਤੀ ਮੋਹ ਰੱਖਦੇ ਹੋਏ ਆਪਣੇ ਸ਼ਿਅਰਾਂ ਨਾਲ ਦਿਲਖਿੱਚਵੀਂ ਪੇਸ਼ਕਾਰੀ ਕੀਤੀ| ਆਏ ਹੋਏ ਮਹਿਮਾਨਾਂ ਵਿੱਚ C FACE ਸੁਸਾਇਟੀ ਦੇ ਡਾਇਰੈਕਟਰ ਭੁਪਿੰਦਰ ਸਿੰਘ ਲੱਧੜ, ਅੰਮ੍ਰਿਤ ਪਾਲ ਸਿੰਘ ਢੋਟ , ਮੈਡੀਸਨ ਫਲਾਈਸ਼ਰ , ਲੀਜ਼ਾ ਫਲਾਈਸ਼ਰ ਤੋਂ ਇਲਾਵਾ ਸਥਾਨਕ ਆਗੂ ਰਾਜਾ ਗਿੱਲ ,ਅਰਸ਼ ਕਲੇਰ ,ਰੇਸ਼ਮ ਸਿੰਘ ਬਰਾੜ , ਰਣਧੀਰ ਸਿੰਘ ਖੰਗੂੜਾ, ਜਗਰੂਪ ਜੌਹਲ , ਮਨਜੀਤ ਸੰਧੂ, ਮਨਜੀਤ ਸਿੱਧੂ , ਜਸਵੀਰ ਸਿੰਘ ਮੱਲ੍ਹੀ ,ਤਨਵੀਰ ਬਰਾੜ ,ਸੁਖਦੇਵ ਸਿੰਘ ਸੇਖੋਂ ਅਤੇ ਹੋਰ ਬਹੁਤ ਸਾਰੇ ਮਹਿਮਾਨਾਂ ਨੇ ਹਿੱਸਾ ਲਿਆ | ਅੰਤ ਵਿੱਚ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਦੇ ਮਾਲਿਕ ਅਤੇ C FACE ਸੁਸਾਇਟੀ ਦੇ ਡਾਇਰੈਕਟਰ ਸ੍ਰੀ ਕਾਂਤ ਮੋਗੁਲਾਲਾ ਅਤੇ ਪ੍ਰੇਮ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ |







