ਸੁਣਿਆ ਸੀ ਪਰ ਦੇਖਿਆ ਨਾ ਸੀ, ਚਿੜੀਆਂ ਮੌਤ ਗੰਵਾਰਾਂ ਹਾਸਾ |
ਦਿੱਲੀ ਦੇ ਦਰਵਾਜ਼ੇ ਅੱਗੇ , ਵੇਖ ਲਿਆ ਹੈ ਇਹ ਵੀ ਪਾਸਾ |
ਹੱਕਾਂ ਨੂੰ ਮੰਗਾਂ ਪਏ ਆਖਣ, ਤਖ਼ਤ ਨਸ਼ੀਨਾਂ ਦੀ ਮੱਤ ਵੇਖੋ |
ਦਾਨਵੀਰ ਦੇ ਹੱਥ ਵਿੱਚ ਦੇਣਾ ਚਾਹੁੰਦੇ ਨੇ ਇਹ ਸੱਖਣਾ ਕਾਸਾ |
( ਗੁਰਭਜਨ ਗਿੱਲ)
ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਸੰਘਰਸ਼ ਨੇ ਪੂਰੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕੀ ਹੁੰਦਾ ਹੈ , ਆਪਣੀ ਲੜਾਈ ਕਿਵੇਂ ਲੜੀ ਜਾਂਦੀ ਹੈ ਤੇ ਜਾਬਰ ਹਾਕਮਾਂ ਨੂੰ ਕਿਵੇਂ ਪੜ੍ਹਨੇ ਪਾਇਆ ਜਾ ਸਕਦਾ ਹੈ | ਇਹ ਕਿਸਾਨ ਭਰਾਵਾਂ ਦਾ ਸਿਦਕ ਤੇ ਸਿਰੜ ਹੀ ਸੀ ਕਿ ਇਹ ਸੂਰਮੇ ਨਾ ਅੰਤ ਤੀਕ ਡੋਲੇ ਤੇ ਨਾ ਹੀ ਭੋਰਾ ਥਿੜਕੇ | ਇਹ ਇੱਕ ਐਸਾ ਸੰਘਰਸ਼ ਸੀ, ਅੰਦੋਲਨ ਸੀ , ਜਿਸਨੇ ਤਖ਼ਤਾਂ ਨੂੰ ਵੀ ਡੋਲਣ ਲਾ ਦਿੱਤਾ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਅੰਦੋਲਨ ਵਿੱਚ ਕਿਸਾਨਾਂ ਦੇ ਨਾਲ ਨਾਲ ਲੇਖਕਾਂ, ਕਵੀਆਂ, ਗੀਤਕਾਰਾਂ, ਗਵੰਤਰੀਆਂ , ਵਿਦਵਾਨਾਂ ਤੇ ਚਿੰਤਕਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪੋ ਆਪਣਾ ਹਿੱਸਾ ਪਾਇਆ , ਯੋਗਦਾਨ ਪਾਇਆ | ਓਸੇ ਯੋਗਦਾਨ ਦਾ ਹਿੱਸਾ ਹੈ
ਇਹ ਖ਼ੂਬਸੂਰਤ ਪੋਥੀ ‘ ਧਰਤਿ ਵੰਗਾਰੇ ਤਖ਼ਤ ਨੂੰ ‘ |
ਇਸ ਕਿਤਾਬ ਵਿੱਚ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਨੇ | ਕਵਿਤਾ, ਗੀਤ ਤੇ ਗ਼ਜ਼ਲ , ਸਭ ਦਾ ਆਪੋ ਆਪਣਾ ਵੱਖਰਾ ਹੀ ਰੰਗ ਹੈ , ਜਿਨ੍ਹਾਂ ਵਿੱਚ ਕਿਸਾਨਾਂ ਦੀ ਪੀੜ ਹੈ , ਉਹਨਾਂ ਦਾ ਦਰਦ ਹੈ ਤੇ ਉਹਨਾਂ ਦੇ ਸੂਰਮਗਤੀ ਦੇ ਕਿੱਸੇ ਨੇ | ਜਿਸ ਤਰ੍ਹਾਂ ਕਿਸੇ ਬਹੁਤ ਹੀ ਖ਼ੂਬਸੂਰਤ ਗੁਲਦਸਤੇ ਵਿੱਚ ਰੰਗੇ ਬਰੰਗੇ ਮਹਿਕਾਂ ਵੰਡਦੇ ਫੁੱਲ ਕਿਸੇ ਦੇਖਣ ਵਾਲੇ ਨੂੰ ਆਕਰਸ਼ਿਤ ਕਰਦੇ, ਆਪਣੇ ਵੱਲ ਖਿੱਚਦੇ ਨੇ , ਇੰਨ ਬਿੰਨ ਓਸੇ ਤਰਾਂ ਇਹ ਕਿਤਾਬ ਵੀ ਤੁਹਾਨੂੰ ਆਪਣੇ ਵੱਲ ਖਿੱਚੇਗੀ | ਇਹ ਮੇਰਾ ਪੱਕਾ ਵਿਸ਼ਵਾਸ ਹੈ |
ਏਨੇ ਕਵੀਆਂ ਨੂੰ ਇੱਕੋ ਥਾਂ ‘ਤੇ ਇਕੱਠੇ ਕਰਨਾ ਤੇ ਸਭਨਾਂ ਕਵੀਆਂ ਦੀਆਂ ਕਵਿਤਾਵਾਂ ਨੂੰ ਇੱਕੋ ਜਿਲਦ ਵਿੱਚ ਦਰਜ ਕਰਨਾ, ਮੈਂ ਸਮਝਦਾਂ ਕਿ ਇਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ | 344 ਪੰਨਿਆਂ ‘ਚ ਫੈਲੀ ਇਹ ਕਿਤਾਬ, ਸਿਰਫ਼ ਕਿਤਾਬ ਹੀ ਨਹੀਂ ਸਗੋਂ ਇੱਕ ਸਾਂਭਣਯੋਗ ਦਸਤਾਵੇਜ਼ ਹੈ |
ਇਸ ਕਿਤਾਬ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇਸ ਕਿਤਾਬ ਵਿੱਚ ਪੁਰਾਣੇ ਤੇ ਨਵੇਂ ਕਵੀਆਂ ਦੇ ਕਲਾਮ ਸ਼ਾਮਿਲ ਨੇ |
ਕੁਝ ਕਾਵਿ ਸਤਰਾਂ ਪੇਸ਼ ਨੇ…
ਇਹ ਬਾਤ ਨਿਰੀ ਏਨੀ ਹੀ ਨਹੀਂ,
ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ |
ਇਹ ਪਿੰਡ ਦੇ ਵੱਸਦੇ ਰਹਿਣ ਦਾ ਏ ,
ਜੀਹਨੂੰ ਤੌਖ਼ਲਾ ਉੱਜੜ ਜਾਣ ਦਾ ਏ |
( ਸੁਰਜੀਤ ਪਾਤਰ)
ਪਿਆਸੇ ਖੇਤ ਸਿੰਜਣ ਦਾ ਕੋਈ ਹੀਲਾ ਨਹੀਂ ਕਰਦਾ,
ਉਹ ਆ ਕੇ ਰੇਡੀਓ ‘ਤੇ ਗੀਤ ਪਾਣੀ ਦਾ ਸੁਣਾ ਦੇਵੇ |
( ਅਨੂ ਬਾਲਾ )
ਧਰਤੀ ਜਦ ਵੀ ਆਹ ਭਰਦੀ ਹੈ |
ਰੂਹ ਮਿਰਜ਼ੇ ਦੀ ਉੱਠ ਖੜ੍ਹਦੀ ਹੈ |
ਰਣ ਤੱਤੇ ਹਿੱਕ ਡਾਹ ਲੜਦੀ ਹੈ |
( ਡਾ. ਸੁਖਦੇਵ ਸਿੰਘ ਸਿਰਸਾ)
ਜੱਟ ਖੇਤ ‘ਚ ਖੜਾ ਪੁੱਛੇ ਰੱਬ ਨੂੰ,
ਦਾਣੇ ਮੇਰੇ ਕੌਣ ਲੈ ਗਿਆ |
( ਸੁਸ਼ੀਲ ਦੁਸਾਂਝ)
ਮੱਝ ਦੇ ਚਾਰ ਥਣ ਹੁੰਦੇ
ਦੋ ਕੱਟੀਆਂ ਲਈ ਛੱਡ ਦਿੰਦੇ ਹਾਂ ਅਸੀਂ
ਦੋ ਰੱਖ ਲੈਂਦੇ ਹਾਂ ਆਵਦੇ ਲਏ
ਆ ਲੰਗਰ ਛਕ
( ਸਵਾਮੀ ਅੰਤਰ ਨੀਰਵ)
ਇਹ ਹੱਲਾ ਬੋਲ ਕਿਸਾਨ ਦਾ ਏ ,
ਹੱਕ ਮੰਗਦੇ ਹਰ ਇਨਸਾਨ ਦਾ ਏ|
ਵਰ੍ਹਿਆਂ ਤੋਂ ਸੁਲਗਦੇ ਹਰਖ ਦਾ ਏ,
ਸਾਡੀ ਹਰ ਪਲ ਹੁੰਦੀ ਪਰਖ਼ ਦਾ ਏ |
( ਸੁਰਜੀਤ ਜੱਜ )
ਜੇ ਤੂੰ ਰੋਕ ਸਕਦੈਂ ਤਾਂ ਰੋਕ ਲੈ ,
ਇਸ ਰੋਹ ਦੇ ਵਹਿਣ ਨੂੰ ਮੁਨਸਿਫ਼ਾ |
ਅਸੀਂ ਜਾ ਰਹੇ ਹਾਂ ਉਲੰਘਕੇ ,
ਤੇਰੇ ਹੁਕਮ ਨੂੰ , ਫ਼ੁਰਮਾਨ ਨੂੰ |
( ਸੁਖਵਿੰਦਰ ਅੰਮ੍ਰਿਤ)
ਕੰਮ ਦੇਖ ਲਏ ਬੇਈਮਾਨਾਂ ਦੇ, ਹੱਥ ਵੱਢ ਸੁੱਟੇ ਕਿਰਸਾਨਾਂ ਦੇ|
ਸਭ ਰਣ ਤੱਤੇ ਵਿੱਚ ਆ ਜਾਓ, ਕਦ ਵੱਟ ‘ਤੇ ਬੈਠਿਆਂ ਸਰਨਾ ਏਂ |
ਜੇ ਬਚਣਾ , ਅੱਜ ਹੀ ਮਰ ਜਾਓ,
ਕੱਲ੍ਹ ਭੁੱਖਿਆਂ ਵੀ ਤਾਂ ਮਰਨਾ ਏਂ…
( ਸੁਰਿੰਦਰਪ੍ਰੀਤ ਘਣੀਆ)
ਅਸੀਂ ਸੁਣ ਲਈ ਬਥੇਰੀ ਤੇਰੇ ਲਾਰਿਆਂ ਦੀ ਗੱਲ,
ਬੰਦ ਕਰ ਨੀ ਤੂੰ ਝੂਠ ਦੇ ਗੁਬਾਰਿਆਂ ਦੀ ਗੱਲ |
ਤੇਰੀ ਫੂਕਣੀ ਏ ਕੂੜ ਦੀ ਕਿਤਾਬ ਦਿੱਲੀਏ ,
ਨੀ ਪਾਈ ਪਾਈ ਦਾ ਹੈ ਕਰਨਾ ਹਿਸਾਬ ਦਿੱਲੀਏ
( ਸੁਖਚਰਨ ਜੀਤ ਕੌਰ ਗਿੱਲ)
ਫਸਲਾਂ ਦੇ ਵਾਰਸੋ ਓਏ ਮਿੱਟੀ ਦੇ ਦੁਲਾਰਿਓ ,
ਕਿਰਤਾਂ ਦੇ ਪਹਿਰੂਓ ! ਪੰਜਾਬੀਓ ਪਿਆਰਿਓ |
ਪੈਲੀਆਂ ‘ਚ ਉੱਤਰੇ ਦਲਾਲ ਚੇਤੇ ਰੱਖਿਓ ,
ਦਿੱਲੀ ਨੇ ਜੋ ਕੀਤੀ ਖੇਤਾਂ ਨਾਲ ਚੇਤੇ ਰੱਖਿਓ |
( ਗੁਰਤੇਜ ਕੋਹਾਰਵਾਲਾ)
ਸਾਡੇ ਰਾਹੀਂ ਭਾਵੇਂ ਰੋੜ ਬੜੇ ਨੇ
ਦੁਸ਼ਮਣ ਰਫਲਾਂ ਤਾਣ ਖੜੇ ਨੇ
ਸਹਿਜ ਨੇ ਵੇਖੀਂ ਪੜ੍ਹਨੇ ਪਾਉਣੇ
ਝੁਕ ਜਾਵਣਗੇ ਜੋ ਅੱਜ ਅੜੇ ਨੇ
( ਸਹਿਜਪ੍ਰੀਤ ਮਾਂਗਟ)
ਸੜਕਾਂ ‘ਤੇ…ਧਰਨੇ ਦੇ ਰਹੇ ਕਿਸਾਨ
ਲਾਠੀਆਂ ਲੈ ਕੇ ਖੜ੍ਹੇ ਸਿਪਾਹੀ
ਘਰੋਂ ਆਏ ਖਾ ਕੇ ਪਰੌਂਠੇਂ
ਪਰੌਂਠੇਂ ਕਣਕ ਦੇ
ਕਣਕ ਕਿਸਾਨ ਦੀ…..
( ਹਰਪ੍ਰੀਤ ਕੌਰ ਸੰਧੂ)
ਚਿਣਗਾਂ ਦੱਬੀਆਂ ਇਹ ਭਾਂਬੜ ਬਣਨਗੀਆਂ
ਇਹਨਾਂ ਜ਼ੁਲਮ ਦੇ ਮਹਿਲ ਸਭ ਸਾੜ ਦੇਣੇ |
ਸਾਡੇ ਰਿਜ਼ਕ ਨੂੰ ਕਿਸੇ ਜੇ ਹੱਥ ਪਾਇਆ ,
ਢਿੱਡੋਂ ਭੁੱਖਿਆਂ ਨੇ ਢਿੱਡ ਪਾੜ ਦੇਣੇ |
( ਕਵਿੰਦਰ ਚਾਂਦ )
ਜਦੋਂ ਜਦੋਂ ਵੀ ਕਾਮਿਆਂ ਕਿਸਾਨਾਂ ਦੀ
ਕਿਰਤ ਦੀ ਲੁੱਟ ਤੇਜ਼ ਹੁੰਦੀ ਹੈ
ਲੋਕਾਂ ਵਿੱਚ ਸੁੱਤਾ
ਕਾਮਾ ਕਿਸਾਨ ਬਾਬਾ ਨਾਨਕ
ਜਾਗ ਪੈਂਦਾ ਹੈ
ਮਾਰਕਸ ਉੱਠ ਪੈਂਦਾ ਹੈ
( ਹਰਵਿੰਦਰ)
ਪੋਹ ਦੀਆਂ ਠੰਡੀਆਂ ਰਾਤਾਂ ਵਿੱਚ
ਦਿੱਲੀ ਦੇ ਬਾਡਰ ‘ਤੇ ਸਾਂਝੀਵਾਲਤਾ ਦਾ ਸੂਰਜ ਮਘਦਾ ਹੈ
ਮੁਲਕ ਦੀ ਰਾਜਧਾਨੀ ਦੇ ਚੁਫੇਰੇ
ਪੰਜਾਬ ਜਾਗਦਾ ਹੈ, ਗਾਉਂਦਾ ਹੈ
( ਹਰਮੀਤ ਵਿਦਿਆਰਥੀ)
ਐਨੇ ਵੀ ਕਮਜ਼ੋਰ ਨੀ ਦਾਣੇ |
ਕੱਚਾ ਧਾਗਾ ਡੋਰ ਨੀ ਦਾਣੇ |
ਫੜ ਕੇ ਪਿੰਜਰੇ ਪਾ ਲੇਂ ਗਾ ਤੂੰ,
ਚਿੜੀਆਂ, ਕੁੱਕਰ, ਮੋਰ ਨੀ ਦਾਣੇ |
( ਗੁਰਸੇਵਕ ਲੰਬੀ)
ਰੱਖੀਂ ਆਪਣਾ ਖ਼ਿਆਲ ਸਦਾ ਬੱਲਿਆ,
ਅਸੀਂ ਸੁਪਨੇ ਹੰਗਾਲਾਂਗੀਆਂ ਪਿੰਡ ਦੇ |
ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ,
ਅਸੀਂ ਮੋਰਚੇ ਸੰਭਾਲਾਂਗੀਆਂ ਪਿੰਡ ਦੇ |
( ਗੁਰਦਿਆਲ ਰੌਸ਼ਨ)
ਉਹ ਬੈਠੇ ਨੇ ਸੜਕਾਂ ‘ਤੇ, ਪ਼ਾਲੇ ‘ਚ ਠਰਦੇ ,
ਹਨੇਰੀ ਤੇ ਬਾਰਿਸ਼ ਨੂੰ, ਪਿੰਡਿਆਂ ‘ਤੇ ਜਰਦੇ |
ਉਹ ਦੇਂਦੇ ਸ਼ਹਾਦਤ ਨੇ ਹਰ ਰੋਜ਼ ਕੋਚਰ ,
ਸ਼ਹਾਦਤ ਉਨ੍ਹਾਂ ਦੀ , ਅਜਾਈਂ ਨਾ ਜਾਣੀ |
( ਗੁਰਚਰਨ ਕੌਰ ਕੋਚਰ)
ਸੁਲਗ਼ਦੇ ਹਰ ਖੇਤ ‘ਚੋੰ ਤੂਫ਼ਾਨ ਚੜ੍ਹਿਆ ਆ ਰਿਹਾ |
ਹਲ ਦੇ ਫ਼ਾਲੇ ਨਾਲ ਹੁਣ ਇਤਿਹਾਸ ਲਿਖਿਆ ਜਾ ਰਿਹਾ |
( ਜਸਵਿੰਦਰ)
ਹਕੂਮਤ ਹੈ ਹਨੇਰੇ ਦੀ ਚੁਫੇਰੇ |
ਤਰਸਦੇ ਰੌਸ਼ਨੀ ਨੂੰ ਇਹ ਬਨੇਰੇ |
ਤੁਸੀਂ ਚਾਨਣ ਖਿੰਡਾਓ..ਮਿਹਰਬਾਨੋ
ਚਿਰਾਗ਼ਾਂ ਨੂੰ ਜਗਾਓ…ਮਿਹਰਬਾਨੋ
( ਤ੍ਰੈਲੋਚਨ ਲੋਚੀ)
ਜਦ ਖੇਤ ਜਾਗਦੇ ਨੇ, ਕਿਰਸਾਨ ਜਾਗਦੇ ਨੇ |
ਧਰਤੀ ਦੀ ਹਿੱਕ ਵਿੱਚੋਂ, ਤੂਫ਼ਾਨ ਜਾਗਦੇ ਨੇ |
( ਜਸਪਾਲ ਘਈ)
ਰੋਹ ਹੈ ਵਿਦਰੋਹ ਹੈ,
ਹਨੇਰਿਆਂ ਵਿੱਚ ਲੋਅ ਹੈ |
ਇਹ ਕਿਰਤੀਆਂ ਦਾ ਕਾਫ਼ਲਾ ,
ਮਨੁੱਖਤਾ ਦਾ ਮੋਹ ਹੈ |
( ਦਲਜਿੰਦਰ ਰਹਿਲ, ਇਟਲੀ )
ਤੈਥੋਂ ਰੌਸ਼ਨੀ ਕੈਦ ਨਹੀਂਓੰ ਹੋਣੀ,
ਓ ਪਿੰਜਰੇ ਬਣਾਉਣ ਵਾਲਿਆ |
ਤੈਥੋਂ ਹਵਾ ਉੱਤੇ ਲੱਗਣੇ ਨਾ ਪਹਿਰੇ ,
ਓ ਹੁਕਮ ਸੁਣਾਉਣ ਵਾਲਿਆ |
( ਦਵਿੰਦਰ ਸੈਫ਼ੀ )
ਜੇ ਤੁਸੀਂ ਕਦੇ
ਮਿੱਟੀ ਸੁੰਘ ਕੇ
ਵੇਖੀ ਹੁੰਦੀ
ਸਾਡੇ ਨਾਲ ਇਉਂ ਨਾ ਕਰਦੇ
( ਨਵਤੇਜ ਭਾਰਤੀ)
ਵਿੱਚ ਝੋਲੇ ਦੇ ਕਫ਼ਨ ਹੈ ਜਿਸਦੇ,
ਉਸਨੂੰ ਕੋਈ ਡਰਾ ਨਹੀਂ ਸਕਦਾ |
ਕਿੰਨੇ ਜਾਬਰ ਆ ਕੇ ਤੁਰ ਗਏ ,
ਤੈਨੂੰ ਕੋਈ ਹਰਾ ਨਹੀਂ ਸਕਦਾ |
( ਪ੍ਰਭਜੋਤ ਸੋਹੀ)
ਕੀਕਣ ਧੌਲੇ ਆ ਜਾਂਦੇ ਨੇ,
ਸਾਨੂੰ ਵਿੱਚ ਜਵਾਨੀ ਦੇ |
ਕਾਸ਼ ! ਕਿਤੇ ਤੂੰ ਜਾਣੇ ਦਿੱਲੀਏ,
ਸਾਡੇ ਦਰਦ ਕਿਸਾਨੀ ਦੇ |
(ਪ੍ਰਤਾਪ ਪਾਰਸ ਗੁਰਦਾਸਪੁਰੀ)
ਤੇਰੇ ਚਿਹਰੇ ‘ਤੇ ਮੁਰਦਾਬਾਦ ਹੀ ਛਪਿਆ ਰਹੇ ਦਿੱਲੀਏ,
ਕਿਸਾਨ ਨੇ ਤਾਂ ਅਪਣੇ ਦਿਲ ‘ਤੇ ਜ਼ਿੰਦਾਬਾਦ ਲਿਖਿਆ ਹੈ |
(ਪਰਮਜੀਤ ਕੌਰ ਦਿਓਲ)
ਕਲਮ ਕਰ ਤੂੰ ਸਿਰ ਮੇਰਾ ਜਾਂ ਕੈਦ,
ਮੈਂ ਤੇਰਾ ਇਹ ਫ਼ੈਸਲਾ ਮੰਨਣਾ ਨਹੀਂ |
ਹੈ ਬੜਾ ਤੂੰ ਜ਼ੋਰਾਵਰ, ਐ ਹਾਕਮਾਂ ,
ਤੇਰੇ ਅੱਗੇ ਸਿਰ ਮੇਰਾ ਝੁਕਣਾ ਨਹੀਂ |
( ਪਾਲ ਕੌਰ)
ਫਿਰ ਮੇਰੇ ਖੇਤਾਂ ਵਿੱਚ ਸੱਤਿਆ ਜਾਗੀ
ਫਿਰ ਜਗਮਗਾਉਂਦੇ ਜੁਗਨੂੰਆਂ ਨੇ
ਕੁਤਬ ਦੀ ਲਾਠ
ਪਿਘਲਾ ਦਿੱਤੀ
( ਬਲਵਿੰਦਰ ਸੰਧੂ)
ਜੇਬਾਂ ਨੂੰ ਤਾਂ ਪੈਂਦੇ ਹੀ ਸੀ ਖੇਤਾਂ ਨੂੰ ਵੀ ਪੈ ਗਏ |
ਰਾਜ,ਬਹਾਏ ਪਾਰੇ ਵਾਂਗੂ ਹੱਡਾਂ ਦੇ ਵਿੱਚ ਬਹਿ ਗਏ |
( ਬੂਟਾ ਸਿੰਘ ਚੌਹਾਨ )
ਜਾਗ ਕਿਸਾਨਾ ਜਾਗ ਬਈ ,
ਜਾਗਣ ਦਾ ਵੇਲਾ |
ਕੁੱਕੜਾਂ ਦਿੱਤੀ ਬਾਂਗ ਬਈ,
ਜਾਗਣ ਦਾ ਵੇਲਾ |
( ਮੋਹਨ ਗਿੱਲ)
ਸੁਣ ਨੀ ਦਿੱਲੀਏ,ਪੁੱਛੀਏ ਤੈਥੋਂ, ਦੱਸਦੇ ਸੱਚ ਕਹਾਣੀ |
ਜਬਰ ਜ਼ੁਲਮ ਦੇ ਸਾਹਵੇਂ ਖੜ੍ਹ ਕੇ , ਕਿਸ ਕਿਸ ਨੇ ਹਿੱਕ ਤਾਣੀ |
( ਮੰਗਾ ਸਿੰਘ ਬਾਸੀ)
ਛਿੜ ਜਦ ਪੁੱਠੇ ਰਾਗ ਪਏ ਨੇ |
ਖੇਤਾਂ ਦੇ ਪੁੱਤ ਜਾਗ ਪਏ ਨੇ |
( ਮਨਪ੍ਰੀਤ ਟਿਵਾਣਾ)
ਮੇਰੇ ਨੈਣਾਂ ਦੀ ਲਾਲੀ ਵਿੱਚ, ਚੜ੍ਹਦਾ ਸੋਨ ਸਵੇਰਾ ਹੈ |
ਅੱਜ ਦੀ ਰਾਤ ਜੇ ਤੇਰੀ ਹੈ ਤਾਂ, ਕੱਲ੍ਹ ਦਾ ਸੂਰਜ ਮੇਰਾ ਹੈ |
(ਮਨਜਿੰਦਰ ਧਨੋਆ)
ਸ਼ਹੀਦੀਆਂ, ਸਾਕੇ, ਛੋਟੇ ਵੱਡੇ ਘੱਲੂਘਾਰੇ
ਜੈਤੋ, ਚਾਬੀਆਂ, ਗੁਰੂ ਕੇ ਬਾਗ ਦੇ ਮੋਰਚੇ
ਅਸਿਹਯੋਗ , ਸੱਤਿਆਗ੍ਰਹਿ, ਧਰਨੇ, ਮੁਜ਼ਾਹਰੇ
ਕਿਹੜਾ ਰੰਗਾਂ ਰੂਪਾਂ ਵਿੱਚ ਵਾਪਰਨੇ
ਕੋਈ ਨਾ ਜਾਣੇ
( ਮਨਮੋਹਨ)
ਲੋਕਾਂ ਦਾ ਬਦਲਿਆ ਰੂਪ ਦੇਖ
ਦਿੱਲੀ ਦਹਿਲ ਗਈ
ਹਾਕਮਾਂ ਨੂੰ ਦੰਦਲਾਂ
ਸੱਤਾ ਨੂੰ ਆ ਗਈ ਤਰੇਲੀ
( ਰਵਿੰਦਰ ਭੱਠਲ)
ਦਿੱਲੀਏ ਨੀ ਦਿੱਲੀਏ ਜਗਾਉਣ ਤੈਨੂੰ ਆਏ ਹਾਂ |
ਤੇਰੀ ਕੀ ਔਕਾਤ ਹੈ ਵਿਖਾਉਣ ਤੈਨੂੰ ਆਏ ਹਾਂ |
( ਰਾਜਦੀਪ ਤੂਰ)
ਕਿੱਥੇ ਰੋਟੀ ਕਿੱਥੇ ਉਸ ਵਿੱਚ
ਦੁੱਧ ਦੀਆਂ ਧਾਰਾਂ ਹੁਣ
ਅੱਕਿਆ ਉਕਤਾਇਆ ਅੱਜ ਫਿਰ
ਨਾਨਕ ਨੂੰ ‘ਵਾਜ਼ਾਂ ਮਾਰਾਂ
ਮੈਂ ਭਾਈ ਲਾਲੋ ਕਿਆ ‘ਚੋੰ ਹਾਂ
( ਰਣਜੀਤ ਸਰਾਂਵਾਲੀ )
ਖ਼ਤਰੇ ‘ਚ ਖੇਤ ਹੋਏ,
ਖ਼ਾਲੀ ਜਦੋਂ ਪੇਟ ਹੋਏ |
ਜਦੋਂ ਸਾਰਿਆਂ ਦੇ ਚਿਹਰਿਆਂ ਤੋਂ ਉੱਡੀ ਮੁਸਕਾਨ
ਦੇਸ਼ ਦੇ ਕਿਸਾਨ
ਆ ਵਿੱਚ ਮੈਦਾਨ..
( ਲਖਵਿੰਦਰ ਜੌਹਲ)
ਅਸੀਂ ਤੈਨੂੰ ਸੌਣ ਨਹੀਂ ਦੇਵਾਂਗੇ
ਆਪਣੇ ਧੁਰ ਅੰਦਰੋਂ…ਡੂੰਘੀ ਤਹਿ ‘ਚੋਂ
ਸਦੀਆਂ ਦਾ ਹਿਸਾਬ ਲੈਣ ਲਈ
ਅਸੀਂ ਆ ਗਏ ਹਾਂ
ਵੇਖ ਵਧ ਰਹੇ ਹਾਂ
ਤੇਰੀ ਸਲਤਨਤ ਵੱਲ….
( ਵਿਸ਼ਾਲ)
ਇਸ ਕਿਤਾਬ ਵਿੱਚ ਹੋਰ ਵੀ ਕਵੀਆਂ ਦੇ ਬਹੁਤ ਹੀ ਪਿਆਰੇ ਕਲਾਮ ਨੇ, ਜਿਵੇਂ ਜਿਵੇਂ ਤੁਸੀਂ ਇਸ ਪੁਸਤਕ ਦੇ ਪੰਨੇ ਫਰੋਲੋੰਗੇ ਤਾਂ ਉਹ ਵੀ ਤੁਹਾਡੇ ਰੁਬਰੂ ਹੋਣਗੇ |
‘ ਧਰਤਿ ਵੰਗਾਰੇ ਤਖ਼ਤ ਨੂੰ ‘ ਇਹ ਇੱਕ ਐਸੀ ਕਿਤਾਬ ਹੈ ਕਿ ਜਿਸਦਾ ਘਰ ਘਰ ਵਿੱਚ ਪਹੁੰਚਣਾ ਬਣਦਾ ਹੈ ਕਿਉਂਕਿ ਇਸ ਵਿੱਚ ਧਰਤੀ ਪੁੱਤਰਾਂ ਦੇ ਸਿਦਕ ਦੀ ਕਹਾਣੀ ਹੈ |
ਭਾ ਗੁਰਭਜਨ ਗਿੱਲ ਹੁਰੀਂ ਇਸ ਕਿਤਾਬ ਦੇ ਸੰਪਾਦਕ ਨੇ, ਉਹਨਾਂ ਦੇ ਇਸ ਵੱਡੇ ਕਾਰਜ ਲਈ ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਤਾਂ ਸੱਚੀੳੰ ਸ਼ਬਦ ਹੀ ਨਹੀਂ ਹਨ…ਮੈਂ ਤਾਂ ਹਾਲ ਦੀ ਘੜੀ ਉਹਨਾਂ ਨੂੰ ਸਲਾਮ ਹੀ ਕਰ ਸਕਦਾ ਹਾਂ |
ਤ੍ਰੈਲੋਚਨ ਲੋਚੀ
ਮੋਬਾਈਲ 98142 53315
