Mar 7, 2026

Screenshot

-ਸੁਖਵਿੰਦਰ ਸਿੰਘ ਚੋਹਲਾ—–

ਪਿਛਲੇ ਹਫਤੇ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਜੁਰਗਾਂ ਲਈ ਮਨੋਰੰਜਨ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਲੀ ਇੰਡੋ-ਕੈਨੇਡੀਅਨ ਸੀਨੀਅਰ ਸੁਸਾਇਟੀ ਦੀ ਇਮਾਰਤ ਉਪਰ ਨਵਾਂ ਰੰਗ ਰੋਗਨ ਕਰਨ ਉਪਰੰਤ ਇਸਦੇ ਮੱਥੇ ਉਪਰ ਰੀਪਬਲਿਕ ਆਫ ਖਾਲਿਸਤਾਨ ਅਤੇ ਖਾਲਿਸਤਾਨ ਜਿੰਦਾਬਾਦ ਦੇ ਬੈਨਰ ਲਗਾਏ ਜਾਣ ਨੂੰ ਭਾਰਤੀ ਮੀਡੀਆ ਵਲੋਂ ਆਪਣੀ ਸੋਚ ਮੁਤਾਬਿਕ ਜੋ ਵੀ ਰੰਗਤ ਦਿੱਤੀ ਗਈ ਜਾਂ ਦਿੱਤੀ ਜਾ ਰਹੀ ਹੈ, ਉਸ ਬਾਰੇ ਕਿਸੇ ਵੀ ਵਿਅਕਤੀ ਜਾਂ ਵਿਅਕਤੀ ਵਿਸ਼ੇਸ਼ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਹਨ ਪਰ ਇਕ ਗੱਲ ਸਪੱਸ਼ਟ ਹੈ ਕਿ ਬਜੁਰਗਾਂ ਦੀ ਇਸ ਸੰਸਥਾ ਵਾਲੀ ਇਮਾਰਤ ਉਪਰ ਲਿਖੇ ਗਏ ਇਹ ਨਾਅਰੇ ਕੋਈ ਸ਼ਰਾਰਤ ਨਹੀ ਬਲਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਤੇ ਉਦੇਸ਼ ਤਹਿਤ ਲਿਖੇ ਗਏ ਹਨ। ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦਾ ਇਹ ਦਾਅਵਾ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰਦੁਆਰੇ ਦੀ ਜ਼ਮੀਨ ਉਪਰ ਸਥਾਪਿਤ ਇਹ ਇਮਾਰਤ ਉਹਨਾਂ ਦੀ ਮਲਕੀਅਤ ਹੈ ਤੇ ਇਸ ਉਪਰ ਜੋ ਚਾਹੇ ਕਰ ਸਕਦੇ ਹਨ। ਉਹਨਾਂ ਦਾ ਦਾਅਵਾ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਾਕੀ ਇਮਾਰਤਾਂ ਤੇ ਆਲੇ ਦੁਆਲੇ ਨੂੰ ਜਿਵੇਂ ਦਾ ਰੰਗ ਰੋਗਨ ਕੀਤਾ ਗਿਆ ਹੈ, ਇਸ ਇਮਾਰਤ ਨੂੰ ਵੀ ਉਵੇਂ ਹੀ ਕੀਤਾ ਗਿਆ ਹੈ। ਗੁਰੁਦੁਆਰਾ ਸਾਹਿਬ ਦੇ ਗੇਟਾਂ ਅਤੇ ਦੀਵਾਰਾਂ ਉਪਰ ਖਾਲਿਸਤਾਨ ਜਿੰਦਾਬਾਦ ਦੇ  ਲਿਖੇ ਨਾਅਰਿਆਂ ਵਾਂਗ ਇਸ ਇਮਾਰਤ ਉਪਰ ਇਹ ਨਾਅਰੇ ਲਿਖੇ ਗਏ ਹਨ। ਇੰਡੋ-ਕੈਨੇਡੀਅਨ ਸ਼ਬਦਾਂ ਪ੍ਰਤੀ ਅਸਹਿਮਤ ਹੁੰਦਿਆਂ ਰੀਪਬਲਿਕ ਆਫ ਖਾਲਿਸਤਾਨ ਦੇ ਸ਼ਬਦ ਸੀਨੀਅਰ ਸੈਂਟਰ ਦੀ ਇਮਾਰਤ ਉਪਰ ਲਿਖੇ ਗਏ ਹਨ। ਪ੍ਰਬੰਧਕਾਂ ਦਾ  ਦਾਅਵਾ ਹੈ ਕਿ ਇਸ ਵਿਚ ਗੁਰਦੁਆਰਾ ਸਾਹਿਬ ਨਾਲ ਜੁੜੀ ਸੰਗਤ ਦੀ ਸਹਿਮਤੀ ਹੈ।

ਦੂਸਰੇ ਪਾਸੇ ਇਸ ਇਮਾਰਤ ਵਿਚ ਚੱਲ ਰਹੀ ਸੰਸਥਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦਾ ਕਹਿਣਾ ਹੈ ਕਿ  ਇਸ ਇਮਾਰਤ ਦੀ ਰਾਤੋ ਰਾਤ ਕੀਤੀ ਭੰਨਤੋੜ ਤੇ ਛੇੜਛਾੜ ਤੋਂ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਸੰਸਥਾ ਦੇ ਐਕਸ ਸਰਵਿਸਮੈਨ ਤੇ ਪੈਨਸ਼ਨਰ ਮੈਂਬਰ ਇਮਾਰਤ ਉਪਰ ਖਾਲਿਸਤਾਨ ਦੇ ਲਿਖੇ ਨਾਅਰਿਆਂ ਕਾਰਣ ਭੈਭੀਤ ਹਨ। ਸੁਸਾਇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣਾ ਤੌਖਲਾ ਜਾਹਰ ਕਰਦਿਆਂ ਗੁਰਦੁਆਰਾ ਕਮੇਟੀ ਨੂੰ ਇਹ ਖਾਲਿਸਤਾਨ ਦੇ ਬੈਨਰ ਹਟਾਉਣ ਦੀ ਬੇਨਤੀ ਕੀਤੀ ਹੈ ਤੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਦੇ ਨਾਮ ਦਾ ਬੈਨਰ ਮੁੜ ਸਥਾਪਿਤ ਕੀਤਾ ਜਾਵੇ। ਸੁਸਾਇਟੀ ਵਲੋਂ ਲਗਪਗ 200 ਮੈਂਬਰਾਂ ਦੇ ਦਸਤਖਤਾਂ ਵਾਲਾ ਬੇਨਤੀ ਪੱਤਰ ਗੁਰੁਦੁਆਰਾ ਕਮੇਟੀ ਨੂੰ  ਲਿਖਣ ਦੇ ਨਾਲ ਸਥਾਨਕ ਪੁਲਿਸ ਅਤੇ ਸਿਟੀ ਬਾਈਲਾਅਜ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿਚ ਸੁਸਾਇਟੀ ਦੇ ਨਾਮ ਤੇ ਰਜਿਸਟਰਡ ਇਮਾਰਤ ਨਾਲ ਭੰਨਤੋੜ ਕੀਤੇ ਜਾਣ ਦੀ ਗੱਲ ਕਰਦਿਆਂ ਸੁਸਾਇਟੀ ਦਾ ਬੋਰਡ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਖੁਲਾਸਾ ਕੀਤਾ ਸੀ ਕਿ ਗੁਰਦੁਆਰਾ ਕਮੇਟੀ ਨੇ ਬਜੁਰਗ ਮੈਂਬਰਾਂ ਦੇ ਤੌਖਲੇ ਨੁੰ ਸਮਝਦਿਆਂ ਬੋਰਡ ਉਤਾਰੇ ਜਾਣ ਦੀ ਹਾਮੀ ਭਰੀ ਹੈ ਤੇ ਸੁਸਾਇਟੀ ਦਾ ਬੋਰਡ ਬਹਾਲ ਕਰਨਾ ਮੰਨਿਆ ਹੈ। ਪਰ ਹੁਣ ਗੁਰਦੁਆਰਾ ਕਮੇਟੀ ਦੇ ਸੈਕਟਰੀ ਨੇ ਸਪੱਸ਼ਟ ਕਿਹਾ ਹੈ ਕਿ ਇਹ ਬੋਰਡ ਕਿਸੇ ਵੀ ਹਾਲਤ ਵਿਚ ਉਤਾਰੇ ਨਹੀ ਜਾਣਗੇ। ਇਹ ਬੋਰਡ ਖਾਲਿਸਤਾਨੀ ਸੰਘਰਸ਼ ਦਾ ਪ੍ਰਤੀਕ ਹਨ। ਅਗਰ ਕਿਸੇ ਬਜੁਰਗ ਮੈਂਬਰ ਨੂੰ ਇਹਨਾਂ ਬੈਨਰਾਂ ਕਾਰਣ ਕੋਈ ਪ੍ਰੇਸ਼ਾਨੀ ਹੁੰਦੀ ਹੈ ਜਾਂ ਹੋਣ ਦਾ ਡਰ ਹੈ ਤਾਂ ਉਹ ਇਥੇ ਨਾ ਆਉਣ । ਸਪੱਸ਼ਟ ਹੈ ਕਿ ਉਹ ਬਜੁਰਗ ਮੈਂਬਰਾਂ ਦੇ ਕਿਸੇ ਵੀ ਤੌਖਲੇ ਜਾਂ ਡਰ ਨਾਲ ਸਹਿਮਤ ਨਹੀ ਬਲਕਿ ਉਹਨਾਂ ਲਈ  ਬਜੁਰਗਾਂ ਦੇ ਮਾਣ ਸਨਮਾਨ ਤੋਂ ਬੈਨਰ ਪਿਛਲੇ ਉਦੇਸ਼ ਤੇ ਹਿੱਤ ਵਡੇਰੇ ਹਨ। ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਤੇ  ਅਹੁਦੇਦਾਰ ਵੀ ਇਸ ਮੁੱਦੇ ਤੇ ਸਪੱਸ਼ਟ ਹਨ। ਉਹਨਾਂ ਦਾ ਕਹਿਣਾ ਹੈ ਕਿ ਸੀਨੀਅਰ ਸੈਂਟਰ ਦੀ ਇਹ ਇਮਾਰਤ ਸੁਸਾਇਟੀ ਵਲੋਂ  ਸਰਕਾਰੀ ਸਹਾਇਤਾ ਅਤੇ ਸਥਾਨਕ ਕਾਰੋਬਾਰੀ ਭਾਈਚਾਰੇ ਦੇ ਸਹਿਯੋਗ ਨਾਲ ਬਣਾਈ ਗਈ ਹੈ, ਇਸ ਲਈ ਇਸ ਇਮਾਰਤ ਦੇ ਰੱਖ ਰੱਖਾਵ ਦਾ ਪਹਿਲਾ ਅਧਿਕਾਰ ਉਹਨਾਂ ਦਾ ਹੈ। ਇਸੇ ਦੌਰਾਨ ਇਕ ਸਥਾਨਕ ਮੀਡੀਆ ਸੰਸਥਾ ਵਲੋਂ ਇਸ ਵਿਵਾਦ ਨੂੰ ਲੈਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਵਿਚ ਸੀਨੀਅਰ ਸੈਂਟਰ ਦੀ ਇਮਾਰਤ ਉਪਰ ਵੱਖਵਾਦੀ ਨਾਅਰੇ ਤੇ ਬੈਨਰ ਲਗਾਏ ਜਾਣ ਨੂੰ ਇਕ ਚੈਰਿਟੀ ਸੰਸਥਾ ਦੇ ਨਿਯਮਾਂ, ਉਦੇਸ਼ ਅਤੇ ਸਰਕਾਰੀ ਗਰਾਂਟ ਦੀ ਦੁਰਵਰਤੋਂ ਦੇ ਇਲਜਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਚੈਰਿਟੀ ਸੰਸਥਾ ਵਲੋਂ ਵੱਖਵਾਦ ਤੇ ਕਮਿਊਨਿਟੀ ਵਿਚ ਵੰਡੀਆਂ ਪਾਉਣ ਵਾਲੇ ਏਜੰਡੇ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਕਾਰਜ ਲਈ ਸਰਕਾਰੀ ਫੰਡਾਂ ਨਾਲ ਬਣੀ ਇਮਾਰਤ ਦੀ ਵਰਤੋਂ ਨਹੀ ਕੀਤੀ ਜਾ ਸਕਦੀ। ਉਹਨਾਂ ਚੈਰਿਟੀ ਸੰਸਥਾ ਵਲੋਂ ਨਿਯਮਾਂ ਦੀ ਉਲੰਘਣਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੂਤਰਾ ਮੁਤਾਬਿਕ ਪ੍ਰਧਾਨ ਮੰਤਰੀ ਵਲੋਂ ਇਸ ਮਾਮਲੇ ਤੇ ਕਾਰਵਾਈ ਲਈ ਜਨਤਕ ਸੁਰੱਖਿਆ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ।

ਇਸ ਮੁੱਦੇ ਤੇ ਭਾਈਚਾਰੇ ਦੀਆਂ ਸੰਸਥਾਵਾਂ ਤੇ  ਸਿਆਣੇ ਆਗੂਆਂ ਨੂੰ ਬਜੁਰਗਾਂ ਦੇ ਮਾਣ ਸਨਮਾਨ ਲਈ ਉਹਨਾਂ ਦੇ ਹੱਕ ਵਿਚ ਖੜਨ ਦੀ ਲੋੜ ਹੈ। ਗੁਰਦੁਆਰਾ ਕਮੇਟੀ ਵਲੋਂ ਇਮਾਰਤ ਉਪਰ ਮਾਲਕੀ ਤੇ ਦਾਅਵੇ ਤਹਿਤ ਬਜੁਰਗਾਂ ਦੀਆਂ ਸਾਂਤੀਪੂਰਵਕ ਸਰਗਰਮੀਆਂ ਵਿਚ ਖਲ਼ਲ ਪਾਉਣ ਜਾਂ ਉਹਨਾਂ ਦੇ ਸਨਮਾਨ ਨੂੰ ਕਿਸੇ ਤਰਾਂ ਦੀ ਠੇਸ ਪਹੁੰਚਾਉਣਾ ਕਦਾਚਿਤ ਉਚਿਤ ਨਹੀ। ਸੁਸਾਇਟੀ ਦੇ ਪ੍ਰਧਾਨ ਦੀ ਇਹ ਅਪੀਲ ਕਿ ਬਜੁਰਗ ਮੈਂਬਰਾਂ ਨੂੰ ਆਪਣੀ ਉਮਰ ਦੇ ਆਖਰੀ ਪਹਿਰ ਸ਼ਾਂਤੀਪੂਰਨ ਤੇ ਸਨਮਾਨਜਨਕ ਢੰਗ ਨਾਲ ਜਿਊਣ ਦਿਓ…ਨੂੰ ਅਣਸੁਣਿਆ ਨਹੀਂ ਕੀਤਾ ਜਾ ਸਕਦਾ…