ਸਿਖਸ ਫਾਰ ਜਸਟਿਸ ਵਲੋਂ ਕੈਂਪ ਦੇ ਬਾਹਰ ਰੋਸ ਪ੍ਰਦਰਸ਼ਨ–
ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਬੰਧਾਂ ਹੇਠ ਹੈਰੀਟੇਜ ਗੁਰਦੁਆਰਾ ਸਾਹਿਬ ਵਿਖੇ ਇੰਡੀਆ ਕੌਂਸਲੇਟ ਦਫਤਰ ਵੈਨਕੂਵਰ ਵਲੋਂ ਕੌਂਸਲਰ ਸੇਵਾਵਾਂ ਕੈਂਪ ਲਗਾਇਆ ਗਿਆ। ਸਿਖਸ ਫਾਰ ਜਸਟਿਸ ਵਲੋਂ ਇਸ ਕੌਂਸਲਰ ਕੈਂਪ ਦੇ ਵਿਰੋਧ ਦੇ ਸੱਦੇ ਕਾਰਣ ਖਾਲਸਾ ਦੀਵਾਨ ਸੁਸਾਇਟੀ ਵਲੋਂ ਕੋਰਟ ਤੋਂ ਪ੍ਰਾਪਤ ਆਦੇਸ਼ ਤਹਿਤ ਸੁਰੱਖਿਆ ਮੁਹੱਈਆ ਕਰਵਾਈ ਗਈ। ਇਸ ਦੌਰਾਨ ਸੈਂਕੜੇ ਲੋਕਾਂ ਨੇ ਇਸ ਕੈਂਪ ਵਿਚ ਪੁੱਜਕੇ ਪਾਸਪੋਰਟ ਨਵਿਆਊਣ, ਓ ਸੀ ਆਈ, ਲਾਈਫ ਸਰਟੀਫਿਕੇਟ, ਪਾਸਪੋਰਟ ਸੁਰੈਂਡਰ ਅਤੇ ਹੋਰ ਕੌਂਸਲਰ ਸੇਵਾਵਾਂ ਪ੍ਰਾਪਤ ਕੀਤੀਆਂ। ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੌਂਸਲਰ ਕੈਂਪ ਦੌਰਾਨ ਆਉਣ ਵਾਲੇ ਲੋਕਾਂ ਲਈ ਲੰਗਰ ਅਤੇ ਚਾਹ -ਪਾਣੀ ਤੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ। ਕੈਂਪ ਦੀ ਸਫਲਤਾ ਤੇ ਸਮਾਪਤੀ ਉਪਰੰਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋਂ ਕੌਂਸਲ ਸਟਾਫ ਅਤੇ ਲੋਕਾਂ ਤੋਂ ਪ੍ਰਾਪਤ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਤੇ ਵਲੰਟੀਅਰਾਂ ਵਲੋਂ ਕੌੰਸਲਰ ਸਟਾਫ ਨਾਲ ਯਾਦਗਾਰੀ ਤਸਵੀਰ ਵੀ ਕਰਵਾਈ ਗਈ।
ਸਿਖਸ ਫਾਰ ਜਸਟਿਸ ਵਲੋਂ ਰੋਸ ਪ੍ਰਦਰਸ਼ਨ-
ਇਸ ਦੌਰਾਨ ਕੌਂਸਲਰ ਕੈਂਪ ਦਾ ਸਿਖਸ ਫਾਰ ਜਸਟਿਸ ਦੇ ਕਾਰਕੁੰਨਾਂ ਵਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਗੁਰਦੁਆਰਾ ਕਮੇਟੀ ਵਲੋਂ ਪ੍ਰਾਪਤ ਕੋਰਟ ਦੇ ਆਦੇਸ਼ਾਂ ਕਾਰਣ ਕੈਂਪ ਦੇ ਬਾਹਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਣ ਪ੍ਰਦਰਸ਼ਨਕਾਰੀ ਗੇਟ ਤੋਂ ਦੂਰ ਦੂਸਰੇ ਪਾਸੇ ਰੋਸ ਪ੍ਰਦਰਸ਼ਨ ਕਰਦੇ ਰਹੇ। ਕੈਂਪ ਦੀ ਸਮਾਪਤੀ ਉਪਰੰਤ ਇਹ ਕਾਰਕੁੰਨ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਪੁੱਜੇ ਤੇ ਨਾਅਰੇਬਾਜ਼ੀ ਕਰਦਿਆਂ ਭਾਰਤੀ ਝੰਡਾ ਪਾੜਿਆ ਤੇ ਖਾਲਿਸਤਾਨ ਦੇ ਹੱਕ ਤੇ ਕੌਂਸਲਰ ਕੈਂਪ ਦੇ ਵਿਰੋਧ ਵਿਚ ਜੋ਼ਰਦਾਰ ਨਾਅਰੇਬਾਜ਼ੀ ਕੀਤੀ।






