Mar 7, 2026

ਸਮਾਜ ਸੇਵੀ ਕਾਰਜਾਂ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰ ਰਹੇ ਹਨ ਫਰੀ ਯੂਨੀਵਰਸਿਟੀ ਦੀ ਸਥਾਪਨਾ-

( ਦੇ ਪ੍ਰ ਬਿ)- ਬੀਤੇ ਦਿਨ ਦੁਬਈ ਦੇ ਉਘੇ ਕਾਰੋਬਾਰੀ ਤੇ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਉਬਰਾਏ ਦੇ ਇਥੇ ਪੁੱਜਣ ਤੇ ਉਹਨਾਂ ਦੇ ਮਾਣ ਵਿਚ ਗੁਰੂ ਨਾਨਕ ਫੂਡ ਬੈਂਕ ਦੇ ਬਾਨੀ ਗਿਆਨੀ ਨਰਿੰਦਰ ਸਿੰਘ ਤੇ ਸਾਂਝਾ ਟੀਵੀ ਦੇ ਸੀਈਓ ਬਿੱਲ ਸੰਧੂ ਵਲੋਂ ਇਕ ਸਮਾਗਮ ਦਾ ਆਯੋਜਨ ਮਹਾਰਾਣੀ ਰੈਸਟੋਰੈਂਟ 9320-120 ਸਟਰੀਟ ਸਰੀ ਵਿਖੇ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਕ ਦੀ ਜਿੰਮੇਵਾਰੀ ਉਘੇ ਰੇਡੀਓ ਟੀਵੀ ਹੋਸਟ ਸ ਕੁਲਦੀਪ ਸਿੰਘ ਨੇ ਨਿਭਾਉਂਦਿਆਂ ਸ ਉਬਰਾਏ ਨੂੰ ਜੀ ਆਇਆ ਕਿਹਾ। ਇਸ ਮੌਕੇ ਡਾ ਉਬਰਾਏ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਜਿਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ, ਉਥੇ ਵਿਦਿਆ ਦੇ ਖੇਤਰ ਵਿਚ ਇਕ ਨਵੇਂ ਤੇ ਵੱਡੇ ਉਪਰਾਲੇ ਵਜੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਯੂਨੀਵਰਸਿਟੀ ਸਥਾਪਿਤ ਕੀਤੇ ਜਾਣ ਦੀ ਜਾਣਕਾਰੀ ਦਿਂਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਵਿਚ ਬੈਚੂਲਰ, ਮਾਸਟਰ ਤੇ ਪੀ ਐਚ ਡੀ ਤੱਕ ਦੀ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਇਸ ਥਾਂ ਤੇ ਪਹਿਲਾਂ ਹੀ ਅਡਵਾਂਸ ਸਟੱਡੀ ਇੰਸਟੀਚਿਊਟ ਚੱਲ ਰਿਹਾ ਹੈ ਜਿਸਦਾ ਵਿਸਥਾਰ ਹੁਣ ਯੁਨੀਵਰਸਿਟੀ ਤੱਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਹੁਣ ਤੱਕ ਵਿਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉਪਰ ਭਾਰਤੀਆਂ ਨੂੰ ਬਚਾਇਆ ਜਾ ਸਕਿਆ। ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਨੂੰ ਲਿਆਉਣ ਦੀ ਸੇਵਾ ਤੋਂ ਇਲਾਵਾ ਹੁਣ ਪੰਜਾਬ ਤੋਂ ਇਲਾਵਾ ਭਾਰਤ ਦੇ 13 ਹੋਰ ਰਾਜਾਂ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਦੀ ਮਦਦ ਦੇ ਨਾਲ ਮੈਡੀਕਲ ਲੈਬਾਰਟੀਆਂ ਉਪਰ ਨਾਂਮਾਤਰ ਫੀਸ ਨਾਲ ਹਰ ਤਰਾਂ ਦੇ ਮੈਡੀਕਲ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ ਉਬਰਾਏ ਜੋਕਿ ਆਪਣੀ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਸੇਵਾ ਦੇ ਕਾਰਜਾਂ ਵਿਚ ਲਗਾ ਰਹੇ ਹਨ ਨੇ ਕਿਹਾ ਕਿ ਸੇਵਾ ਕਾਰਜਾਂ ਲਈ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਕਦੇ ਵੀ ਕਿਸੇ ਫੰਡ ਦੀ ਤੋਟ ਨਹੀ ਆਈ। ਇਸ ਮੌਕੇ ਮੀਡੀਆ ਅਤੇ ਹੋਰ ਸ਼ਖਸੀਅਤਾਂ ਵਲੋਂ ਡਾ ਉਬਰਾਏ ਨੂੰ ਕੁਝ ਸਵਾਲ ਵੀ ਪੁੱਛੇ ਗਏ ਜਿਹਨਾਂ ਦੇ ਉਹਨਾਂ ਨੇ ਵਿਸਥਾਰ  ਸਹਿਤ ਜਵਾਬ ਦਿੱਤੇ ਤੇ ਆਪਣੀ ਕੈਨੇਡਾ ਫੇਰੀ ਦਾ ਮਕਸਦ ਦੱਸਿਆ।

ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਦੇ ਬਾਨੀ ਗਿਆਨੀ ਨਰਿੰਦਰ ਸਿੰਘ ਨੇ ਉਹਨਾਂ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਲੈਣ ਅਤੇ ਕਈ ਹੋਰ ਅਨੁਭਵ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਡਾ ਉਬਰਾਏ ਵਰਗੇ ਸਿੱਖ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਨੂੰ ਸੇਵਾ ਕਾਰਜਾਂ ਰਾਹੀਂ ਵਿਸ਼ਵ ਭਰ ਵਿਚ ਪ੍ਰਚਾਰ ਰਹੇ ਹਨ। ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਤੇ ਸਾਂਝਾ ਟੀਵੀ ਵਲੋਂ  ਡਾ ਐ ਪੀ ਸਿੰਘ ਉਬਰਾਏ ਦਾ ਸਨਮਾਨ ਪੱਤਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਪੱਤਰ ਦੇਣ ਸਮੇਂ ਉਹਨਾਂ ਨਾਲ ਬੀਸੀ ਦੇ ਸਪੀਕਰ ਰਾਜ ਚੌਹਾਨ, ਸਾਂਝਾ ਟੀਵੀ ਦੇ ਸੀਈਓ ਬਿੱਲਾ ਸੰਧੂ ਤੇ ਹੋਰ ਹਾਜ਼ਰ ਸਨ।

ਤਸਵੀਰਾਂ- ਸੰਤੋਖ ਸਿੰਘ ਮੰਡੇਰ।