Mar 7, 2026
ਸ਼੍ਰੀ ਸਾਹਿਬ ਪਹਿਨਣ ਕਰਕੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਸੀ ਰੋਕਿਆ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,18 ਅਗਸਤ
ਗੁਰਸਿੱਖ ਅੰਮ੍ਰਿਤਧਾਰੀ ਵਿਦਿਆਰਥਣ ਗੁਰਪ੍ਰੀਤ ਕੌਰ ਜਿਸਨੂੰ ਰਾਜਸਥਾਨ ਦੇ ਜੈਪੁਰ ਵਿਖੇ ਸ੍ਰੀ ਸਾਹਿਬ ਪਹਿਨਣ ਕਰਕੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ,ਦੇ ਗ੍ਰਹਿ ਪਿੰਡ ਫੈਲੋਕੇ ਵਿਖੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਤਰਫੋਂ ਭੇਜੇ ਗਏ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸਿਰੋਪਾਓ ਸਾਹਿਬ ਬਖਸ਼ਿਸ਼ ਕਰਕੇ ਸਨਮਾਨ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਜਦ ਦੀ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ,ਇਸਨੇ ਸੋਚੀ ਸਮਝੀ ਚਾਲ ਸਦਕਾ ਘੱਟ ਗਿਣਤੀ ਭਾਈਚਾਰੇ ਨੂੰ ਡਰਾਉਣ ਧਮਕਾਉਣ ਦੀ ਸਾਜ਼ਿਸ਼ ਤਹਿਤ ਉਨ੍ਹਾਂ ‘ਤੇ ਲੁਕਵੇਂ ਹਮਲੇ ਜਾਰੀ ਰੱਖੇ ਹਨ। ਭਾਰਤੀ ਜਨਤਾ ਪਾਰਟੀ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਐਸਐਸ ਦੇ ਲੁਕਵੇਂ ਏਜੰਡੇ ਤਹਿਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਪੂਰੇ ਦੇਸ਼ ਦੀ ਮਸ਼ੀਨਰੀ ਨੂੰ ਆਪਣੇ ਗਲਵੇ ਵਿੱਚ ਲੈ ਲਿਆ ਹੈ।ਜਦਕਿ ਦੇਸ਼ ਦੀ ਸ਼ਾਹੀ ਜਾਇਦਾਦ ਨੂੰ ਇੱਕ-ਦੋ ਪਰਿਵਾਰਾਂ ਅਧੀਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਪਰੋਂ-ਉੱਪਰੋਂ ਇਹ ਕਹਿੰਦੇ ਹਨ ਕਿ ਉਹ ਸਿੱਖ ਭਾਈਚਾਰੇ ਦਾ ਬਹੁਤ ਸਨਮਾਨ ਕਰਦੇ ਹਨ।ਪਰ ਉਹ ਕੋਈ ਵੀ ਮੌਕਾ ਅਜਿਹਾ ਨਹੀਂ ਜਾਣ ਦਿੰਦੇ,ਜਿਸ ਦਿਨ ਉਹ ਘੱਟ ਗਿਣਤੀ ਭਾਈਚਾਰੇ ‘ਤੇ ਹਮਲਾ ਨਾ ਕਰਦੇ ਹੋਣ।ਇਸ ਮੌਕੇ ਯੂਥ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਨੇ ਕਿਹਾ ਕਿ ਅੰਮ੍ਰਿਤਧਾਰੀ ਗੁਰਸਿੱਖ ਭੈਣ ਗੁਰਪ੍ਰੀਤ ਕੌਰ ਤੋਂ ਬਾਅਦ ਵੀ ਦੇਸ਼ ਦੀ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਅੰਦਰ ਇੱਕ ਕ੍ਰਿਪਾਨਧਾਰੀ ਸਿੱਖ ਸਰਪੰਚ ਜਿਸਨੂੰ ਕਿ ਸੱਦਾ ਪੱਤਰ ਮਿਲਿਆ ਹੋਇਆ ਸੀ,ਨੂੰ ਵੀ ਅੰਦਰ ਜਾਣੋ ਰੋਕਿਆ ਗਿਆ।ਜ਼ੋ ਕਿ ਸਿੱਖ ਭਾਈਚਾਰੇ ਦਾ ਅਪਮਾਨ ਹੈ।ਉਕਤ ਦੋਹਾਂ ਆਗੂਆਂ ਨੇ ਗੁਰਪ੍ਰੀਤ ਕੌਰ ਦੇ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਸਾਰਾ ਸਿੱਖ ਜਗਤ ਤੁਹਾਡੇ ਨਾਲ ਖੜ੍ਹਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਮੱਦਦ ਕਰਨ ਨੂੰ ਤਿਆਰ ਬਰ ਤਿਆਰ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮਾਨਯੋਗ ਹਾਈਕੋਰਟ ਇਸ ਮਾਮਲੇ ਦਾ ਖ਼ੁਦ ਨੋਟਿਸ ਲਵੇ ਅਤੇ ਪੀੜਤ ਵਿਦਿਆਰਥਣ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਇਨਸਾਫ਼ ਯਕੀਨੀ ਬਣਾਉਣ ਲਈ ਤੁਰੰਤ ਹੁਕਮ ਜਾਰੀ ਕਰੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪ੍ਰਧਾਨ ਆਈਟੀ ਵਿੰਗ, ਅਕਾਲੀ ਦਲ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ,ਕੁਲਤਾਰ ਸਿੰਘ ਸਾਬਕਾ ਸਰਪੰਚ,ਕਰਮ ਸਿੰਘ ਸਾਬਕਾ ਸਰਪੰਚ,ਗੁਰਜਿੰਦਰ ਸਿੰਘ ਗੋਰਾ,ਰਣਬੀਰ ਸਿੰਘ,ਮਨਜੀਤ ਸਿੰਘ,ਨੰਬਰਦਾਰ ਗੁਰਬਚਨ ਸਿੰਘ,ਅਵਤਾਰ ਸਿੰਘ,ਨਿਸ਼ਾਨ ਸਿੰਘ ਚੀਮਾ ਅਤੇ ਹੋਰਨਾਂ ਵਲੋਂ ਵੀ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨ: ਅੰਮ੍ਰਿਤਧਾਰੀ ਗੁਰਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਅਤੇ ਪਰਿਵਾਰ ਦਾ ਸਨਮਾਨ ਕਰਦੇ ਹੋਏ ਜਥੇ.ਗੁਰਬਚਨ ਸਿੰਘ ਕਰਮੂੰਵਾਲਾ, ਜ਼ਿਲ੍ਹਾ ਪ੍ਰਧਾਨ ਜੱਗੀ ਚੋਹਲਾ, ਨਛੱਤਰ ਸਿੰਘ ਪ੍ਰਧਾਨ ਆਈਟੀ ਵਿੰਗ ਪੰਜਾਬ, ਗੁਰਿੰਦਰ ਸਿੰਘ ਟੋਨੀ ਤੇ ਹੋਰ।(ਫੋਟੋ:ਨਈਅਰ,ਪੱਤਰਕਾਰ)