Mar 7, 2026

ਮਹਾਭਾਰਤ ਦੇ ‘ਦੁਰਯੋਧਨ’ ਨੇ ਵੀ ਭਰੀ ਹਾਜ਼ਰੀ –
ਵੈਨਕੂਵਰ,18 ਅਗਸਤ (ਮਲਕੀਤ ਸਿੰਘ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੇ ਦਿਹਾੜੇ ਸਬੰਧੀ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਤੋ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ| ਇਸ ਸੋਭਾ ਯਾਤਰਾ ਵਿੱਚ ਸਰੀ ਤੋਂ ਇਲਾਵਾ ਵੈਨਕੂਵਰ ,ਐਬਸਫੋਰਡ ਅਤੇ ਹੋਰਨਾ ਨੇੜਲੇ ਸ਼ਹਿਰਾਂ ਨਾਲ ਸੰਬੰਧਿਤ ਸ਼ਰਧਾਲੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼ਾਮੀ 3 ਵਜੇ ਆਰੰਭ ਹੋਈ ਇਹ ਸ਼ੋਭਾ ਯਾਤਰਾ ਉਕਤ ਮੰਦਰ ਦੇ ਆਸ ਪਾਸ ਤੈਅ ਸ਼ੁਦਾ ਰੂਟਾਂ ਰਾਹੀਂ ਹੁੰਦੀ ਹੋਈ ਸ਼ਾਮ ਤਕਰੀਬਨ 7:30 ਵਜੇ ਵਾਪਸ ਮੰਦਰ ਵਿੱਚ ਸਮਾਪਤ ਹੋਈ| ਇਸ ਸ਼ੋਭਾ ਯਾਤਰਾ ਦੌਰਾਨ ਰੱਥ ਦੇ ਰੂਪ ਵਿੱਚ ਸਜਾਏ ਗਏ ਇੱਕ ਵੱਡ ਅਕਾਰੀ ਵਾਹਨ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸਜਾਈ ਗਈ ਸੀ। ਰੰਗ ਬਰੰਗੇ ਫੁੱਲਾਂ ਨਾਲ ਸਜਾਏ ਇਸ ਰੱਥ ਦੇ ਅੱਗੇ ਅੱਗੇ ਮੋਟਰਸਾਈਕਲਾਂ ਤੇ ਸਵਾਰ ਸ਼ਰਧਾਲੂਆਂ ਦੀ ਇੱਕ  ਕਾਫਲਾ ਚੱਲ ਰਿਹਾ ਸੀ| ਇਸ ਸ਼ੋਭਾ ਯਾਤਰਾ ਦੇ ਰੂਟ ਦੇ ਦੁਵੱਲੇ ਪਾਸੇ ਵੱਖ-ਵੱਖ ਪਰਿਵਾਰਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਸ਼ੋਭਾ ਯਾਤਰਾ ਚ ਸ਼ਾਮਿਲ ਸ਼ਰਧਾਲੂਆਂ ਦੀ ਸਹੂਲਤ ਲਈ ਵਨ ਸਵੰਨੇ ਪਕਵਾਨਾਂ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ| ਰੱਥ ਯਾਤਰਾ ਦੀ ਸਮਾਪਤੀ ਉਪਰੰਤ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਵਾਰ ਸਜਾਏ ਇੱਕ ਮੰਚ ਤੋਂ ਇਸ ਸ਼ੋਭਾ ਯਾਤਰਾ ਚ ਭਾਰਤ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਬਾਲੀਵੁੱਡ ਅਦਾਕਾਰ ਅਤੇ ਮਹਾਭਾਰਤ ਸੀਰੀਅਲ  ਚ  ‘ਦੁਰਯੋਧਨ’ ਦਾ ਦੀ ਭੂਮਿਕਾ ਨਿਭਾਉਣ ਵਾਲੇ  ਪੁਨੀਤ ਇਸਰ ਦਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਤੀਸ਼ ਕੁਮਾਰ ,ਵਿਨੇ ਸ਼ਰਮਾ, ਵਰੁਣ ਆਰੀਆ ਤੇ ਰਜਿੰਦਰ ਕੁਮਾਰ ਆਦਿ ਮੌਜੂਦ ਸਨ।
ਕੈਪਸ਼ਨ ਸ਼ੋਭਾ ਯਾਤਰਾ ਦੇ ਵੱਖ ਵੱਖ ਦ੍ਰਿਸ਼|