Screenshot
ਪੁਲਿਸ ਵਲੋਂ ਘਟਨਾ ਬਾਰੇ ਪ੍ਰਾਪਤ ਵੀਡੀਓ ਤੋਂ ਜਾਂਚ ਜਾਰੀ-
ਸਰੀ ( ਦੇ ਪ੍ਰ ਬਿ)- ਸਰੀ ਵਿਚ ਗੈਰ -ਮੁਨਾਫਾ ਤੇ ਇੰਟਰ ਕਲਚਰਲ ਕਮਿਊਨਿਟੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਉਪਰ ਇਕ ਨਕਾਬਪੋਸ਼ ਵਿਅਕਤੀ ਵਲੋਂ ਹਮਲਾ ਕਰਨ ਅਤੇ ਖਤਰਨਾਕ ਸਪਰੇੇਅ ਨਾਲ ਜਿਸਮਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਨਿੰਦਾਜਨਕ ਘਟਨਾ ਸਾਹਮਣੇ ਆਈ ਹੈ। ਸ ਚੀਮਾ ਉਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਰੋਜ਼ਾਨਾ ਦੀ ਤਰਾਂ ਸ਼ਾਮ ਨੂੰ ਛੁੱਟੀ ਕਰਕੇ 127 ਸਟਰੀਟ ਤੇ 80 ਐਵਨਿਊ ਉਪਰ ਸਥਿਤ ਪਿਕਸ ਦੇ ਦਫਤਰ ਚੋਂ ਬਾਹਰ ਨਿਕਲ ਰਹੇ ਸਨ।
ਪੁਲਿਸ ਵਲੋਂ ਇਸ ਹਮਲੇ ਦੀ ਘਟਨਾ ਸਬੰਧੀ ਪ੍ਰਾਪਤ ਵੀਡੀਓ ਤੋਂ ਹਮਲਾਵਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਜਦੋਂ ਸ ਚੀਮਾ ਆਪਣੇ ਦਫਤਰ ਚੋ ਨਿਕਲਕੇ ਸਾਹਮਣੇ ਪਾਰਕਿੰਗ ਲਾਟ ਵਿਚ ਆਪਣੀ ਕਾਰ ਦੀ ਡਰਾਈਵਿੰਗ ਡੋਰ ਖੋਹਲ ਰਹੇ ਸਨ ਤਾਂ ਪਾਰਕਿੰਗ ਦੇ ਦੂਸਰੇ ਪਾਸੇ ਤੋਂ ਇਕ ਚਿੱਟੇ ਰੰਗ ਦਾ ਡੌਜ ਟਰੱਕ ਉਹਨਾਂ ਦੀ ਕਾਰ ਅੱਗੇ ਆਕੇ ਰਸਤਾ ਰੋਕਦਾ ਹੈ। ਇਸ ਦੌਰਾਨ ਡੌਜ ਟਰੱਕ ਚੋ ਇਕ ਨਕਾਬਪੋਸ਼ ਵਿਅਕਤੀ ਨਿਕਲਦਾ ਹੈ ਤੇ ਕੁਝ ਬੋਲਦਾ ਹੋਇਆ ਉਹਨਾਂ ਵੱਲ ਵਧਦਾ ਹੈ। ਨਕਾਬਪੋਸ਼ ਤੇ ਸ਼ੱਕੀ ਵਿਅਕਤੀ ਨੂੰ ਵੇਖਦਿਆਂ ਉਹ ਆਪਣੀ ਕਾਰ ਦੇ ਉਹਲੇ ਹੋਣ ਦਾ ਯਤਨ ਕਰਦੇ ਹਨ ਕਿ ਹਮਲਾਵਰ ਹੱਥ ਵਿਚ ਫੜੀ ਸਪਰੇਅ ਉਹਨਾਂ ਉਪਰ ਜ਼ੋਰਦਾਰ ਢੰਗ ਨਾਲ ਸੁੱਟਣ ਦੀ ਕੋਸ਼ਿਸ਼ ਕਰਦਾ ਹੈ।
ਇਹ ਘਟਨਾ 11 ਅਗਸਤ ਨੂੰ ਸ਼ਾਮ 5.30 ਵਜੇ ਵਾਪਰੀ ਦੱਸੀ ਗਈ ਹੈ। ਪਿਕਸ ਅਤੇ ਇਸਦੇ ਸੀਈਓ ਵਲੋਂ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਕਰਨ ਉਪਰੰਤ ਹੁਣ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਵਲੋਂ ਹਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਹੈ ਕਿ ਉਹ ਘਟਨਾ ਵਿਚ ਸ਼ਾਮਿਲ ਟਰੱਕ ਡਰਾਈਵਰ ਤੇ ਹਮਲਾਵਰ ਦੀ ਪਛਾਣ ਅਤੇ ਮਾਮਲੇ ਦੀ ਪੂਰੀ ਜਾਂਚ ਵਿਚ ਲੱਗੀ ਹੋਈ ਹੈ।
ਇਸੇ ਦੌਰਾਨ ਦੇਸ ਪ੍ਰਦੇਸ ਵਲੋਂ ਪਿਕਸ ਦੇ ਸੀਈਓ ਸ ਚੀਮਾ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਜਦੋਂ ਉਹ ਆਪਣੇ ਦਫਤਰ ਵਿਚ ਸ਼ਾਮ ਨੂੰ ਕੰਮ ਤੋਂ ਛੁੱਟੀ ਕਰਕੇ ਆਪਣੀ ਕਾਰ ਵਿਚ ਬੈਠਣ ਲੱਗੇ ਸਨ ਤਾਂ ਇਹ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਹਮਲਾਵਰਾਂ ਨੇ ਨਕਾਬ ਪਹਿਨੇ ਹੋਏ ਸਨ। ਜਦੋਂ ਉਕਤ ਟਰੱਕ ਉਹਨਾਂ ਦੀ ਕਾਰ ਅੱਗੇ ਆਕੇ ਰੁਕਿਆ ਤਾਂ ਇਕ ਹਮਲਾਵਰ ਨੇ ਉਸਨੂੰ ਕੋਲ ਆਕੇ ਗੱਲ ਸੁਣਨ ਲਈ ਕਿਹਾ। ਪਰ ਹਮਲਾਵਰ ਦੇ ਨਕਾਬ ਪਾਇਆ ਹੋਣ ਕਰਕੇ ਉਹ ਚੌਕੰਨੇ ਹੋ ਗਏ। ਉਹ ਭਾਂਪ ਗਏ ਕਿ ਨਕਾਬਪੋਸ਼ ਕਿਸੇ ਬਦਨੀਤੀ ਨਾਲ ਉਸ ਵੱਲ ਵਧ ਰਿਹਾ ਹੈ। ਉਹ ਬਚਾਅ ਦੀ ਕੋਸ਼ਿਸ਼ ਵਜੋਂ ਆਪਣੀ ਕਾਰ ਦੇ ਦੂਸਰੇ ਪਾਸੇ ਖਿਸਕ ਗਏ ਪਰ ਇਸ ਦੌਰਾਨ ਹੀ ਹਮਲਾਵਰ ਨੇ ਉਸ ਉਪਰ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਦੌੜ ਕੇ ਹਮਲਾਵਰ ਤੋਂ ਕੁਝ ਕਦਮ ਦੂਰ ਚਲੇ ਗਏ। ਫਿਰ ਹਮਲਾਵਰ ਸਟਾਰਟ ਖੜੇ ਟਰੱਕ ਵਿਚ ਬੈਠ ਕੇ ਖਿਸਕ ਗਿਆ।
ਉਹਨਾਂ ਆਪਣੇ ਉਪਰ ਹੋਏ ਇਸ ਹਮਲੇ ਨੂੰ ਉਹਨਾਂ ਦੇ ਪਿਕਸ ਦੇ ਸੀਈਓ ਵਜੋਂ ਬੇਹਤਰੀਨ ਸੇਵਾਵਾਂ ਨਿਭਾਏ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਕੁਝ ਲੋਕਾਂ ਦੇ ਹੱਥ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਉਹਨਾਂ ਹੋਰ ਕਿਹਾ ਕਿ ਉਹਨਾਂ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਪੁਲਿਸ ਹਮਲਾਵਰਾਂ ਦੀ ਪਛਾਣ ਕਰ ਲਵੇਗੀ। ਉਹਨਾਂ ਪਿਕਸ ਪ੍ਰਤੀ ਆਪਣੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਸੇਵਾਵਾਂ ਜਾਰੀ ਰੱਖਣ ਦਾ ਵੀ ਅਹਿਦ ਦੁਹਰਾਇਆ ਹੈ।
ਜ਼ਿਕਰਯੋਗ ਹੈ ਕਿ ਸ ਸਤਬੀਰ ਸਿੰਘ ਚੀਮਾ ਜੋ ਪਿਛਲੇ ਲੰਬੇ ਸਮੇਂ ਤੋਂ ਪਿਕਸ ਵਿਚ ਸੇਵਾਵਾਂ ਨਿਭਾਉਂਦੇ ਆ ਰਹੇ, ਪਿਕਸ ਦੀ ਸਭ ਤੋਂ ਉਪਰਲੀ ਸੀਈਓ ਦੀ ਪੋਸਟ ਉਪਰ ਪੁੱਜਣ ਉਪਰੰਤ ਸੰਸਥਾ ਨੂੰ ਹਰ ਪੱਖੋਂ ਅੱਗੇ ਲਿਜਾਣ ਦਾ ਯਤਨ ਕਰ ਰਹੇ ਹਨ। ਉਹਨਾਂ ਦੀ ਅਗਵਾਈ ਹੇਠ ਬੀਸੀ ਸਰਕਾਰ ਅਤੇ ਦਾਨੀਆਂ ਸੱਜਣਾ ਦੀ ਸਹਾਇਤਾ ਨਾਲ ਬਜੁਰਗਾਂ ਦੀ ਸਾਂਭ ਸੰਭਾਲ ਲਈ ਗੁਰੂ ਨਾਨਕ ਡਿਵਰਸਿਟੀ ਵਿਲੇਜ ਨਾਮ ਦਾ ਵੱਡਾ ਪ੍ਰਾਜੈਕਟ ਬਣਨ ਜਾ ਰਿਹਾ ਹੈ। ਕੁਝ ਲੋਕਾਂ ਵਲੋਂ ਉਹਨਾਂ ਉਪਰ ਸੰਸਥਾ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਸਨ ਜਿਹਨਾਂ ਖਿਲਾਫ ਉਹਨਾਂ ਨੇ ਮਾਣਹਾਨੀ ਦਾ ਮੁਕੱਦਮਾ ਵੀ ਕਰ ਰੱਖਿਆ ਹੈ।
“


