ਬਿਲਾਲ ਢਿੱਲੋ ਵਧੀਆ ਧਾਵੀ ਤੇ ਅਮਨ ਦਿਓਰਾ ਵਧੀਆ ਜਾਫੀ ਚੁਣੇ ਗਏ-
ਐਡਮਿੰਟਨ ( ਬਲਵਿੰਦਰ ਬਾਲਮ )-ਬੀਤੇ ਦਿਨ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਰਿਵਰ ਹਾਕ ਸਟੇਡੀਅਮ ਵਿਖੇ ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਧੂਮਧਾਮ ਨਾਲ ਕਰਵਾਇਆ ਗਿਆ। ਇਹ ਕਬੱਡੀ ਕੱਪ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਪੋਰਟਸ ਕਲੱਬ ਵਲੋਂ ਆਯੋਜਿਤ ਕੀਤਾ ਗਿਆ। ਇਸ ਸਾਰੇ ਕਾਰਜ ਪ੍ਰਬੰਧਕ-ਸੂਤਰਧਾਰ ਬਾਬਾ ਜੱਗਾ ਧਾਲੀਵਾਲ, ਸੋਢੀ ਭਲਵਾਨ, ਪਰਮਿੰਦਰ ਸਿੰਘ ਖ਼ਾਲਸਾ, ਮਨਜੀਤ ਸਿੰਘ ਖ਼ਾਲਸਾ, ਲੱਭਾ ਧਨੋਆ ਅਤੇ ਗਾਇਕ ਬਿਕਰਮਜੀਤ ਸਿੰਘ ਖਜਾਲਾ ਦੇ ਉਦਮ ਨਾਲ ਨੇਪੜੇ ਚਾੜਿਆ। ਇਸ ਕਬੱਡੀ ਕੱਪ ਵਿਚ ਕੁੱਲ ਛੇ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਗੋਲਡ ਕੱਪ ਅਤੇ ਵਧੀਆ ਰੇਡਰ ਤੇ ਸਟਾਪਰ ਨੂੰ 11-11 ਸੌ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਫ਼ਾਈਨਲ ਮੈਚ ਵਿਚ ਐਬਟਸਫੋਰਡ ਸਰਹਾਲਾ ਰਾਣੂੰਆ ਕਬੱਡੀ ਕਲੱਬ ਅਤੇ ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ। ਐਬਟਸਫੋਰਡ ਸਰਹਾਲਾ ਰਾਣੂਆਂ ਕਬੱਡੀ ਕਲੱਬ ਦੀ ਟੀਮ ਅੱਧੇ ਅੰਕ ਨਾਲ ਜੇਤੂ ਰਹੀ।
ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਵਲੋਂ ਮੀਨਾ ਬੱਲਨੋ, ਚਿੱਤਪਾਲ ਚਿੱਟੀ, ਰਾਜੂ ਕੋਟਲਾ ਭੜੀ, ਸ਼ੰਕਰ ਸੰਧਵਾਂ ਨੇ ਸ਼ਾਨਦਾਰ ਤੇ ਦਿਲ ਖਿਚਵੀਆਂ ਕਬੱਡੀਆਂ ਪਾਈਆਂ। ਇਸ ਟੀਮ ਦੇ ਜਾਫ਼ੀ ਦਲਜਿੰਦਰ ਮਠੁੱਡਾ ਅਤੇ ਗੋਪੀ ਮਾਣਕੀ ਨੇ ਇਕ-ਇਕ ਜੱਫ਼ਾ ਲਾ ਕੇ ਮੈਚ ਵਿਚ ਉਤਸੁਕਤਾ ਅਤੇ ਰੌਚਿਕਤਾ ਭਰ ਦਿੱਤੀ।
ਦੂਜੇ ਪਾਸੇ ਐਬਟਸਫੋਰਡ-ਸਰਹਾਲਾ ਰਾਣੂੰਆ ਕਬੱਡੀ ਕਲੱਬ ਦੇ ਧਾਵੀ ਬਿਲਾਲ ਢਿੱਲੋਂ ਅਤੇ ਦੁੱਲਾ ਬੈਗਾ ਪਿੰਡ ਨੇ ਬਹੁਤ ਵਧੀਆ ਖੇਡ ਪ੍ਰਦਰਸ਼ਨ ਕਰਕੇ ਲੋਕਾਂ ਤੋਂ ਭਰਪੂਰ ਪ੍ਰਸੰਸਾ ਲਈ। ਰਵੀ ਦਿਉਰਾ ਅਤੇ ਰਵੀ ਕੈਲਰਮ ਦਾ ਪ੍ਰਦਰਸ਼ਨ ਵੀ ਠੀਕ ਰਿਹਾ। ਇਸ ਟੀਮ ਦੇ ਸਟਾਰ ਜਾਫੀ ਸੀਲੂ ਬਾਹੂ ਅਕਬਰਪੁਰ ਨੇ ਪੰਜ ਜੱਫੇ, ਅਮਨ ਦਿਉਰਾ ਨੇ ਦੋ ਜੱਫੇ ਅਤੇ ਪਾਲਾ ਜਲਾਲਪੁਰ ਨੇ ਇਕ ਜੱਫਾ ਲਗਾ ਕੇ ਆਖ਼ਰੀ ਪਲਾਂ ਵਿਚ ਮੈਚ ਦਾ ਪਾਸਾ ਪਲਟ ਦਿੱਤਾ। ਜਿਸ ਕਰਕੇ ਐਬਟਸਫੋਰਡ ਸਰਹਾਲਾ ਰਾਣੂੰਆ ਦੀ ਟੀਮ ਨੇ ਸਿਰਫ਼ ਅੱਧੇ ਅੰਕ ਨਾਲ ਜਿੱਤ ਪ੍ਰਾਪਤ ਕੀਤੀ। ਇਹ ਟੀਮ ਇਸ ਸੀਜ਼ਨ ਵਿਚ ਲਗਾਤਾਰ ਜਿੱਤ ਪ੍ਰਾਪਤ ਕਰ ਚੁਕੀ ਹੈ। ਇਸ ਟੀਮ ਦੇ ਧਾਵੀ ਬਿਲਾਲ ਮੋਹਿਸਨ ਢਿੱਲੋਂ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ 40 ਕਬੱਡੀਆਂ ਪਾ ਕੇ 38 ਅੰਕ ਪ੍ਰਾਪਤ ਕੀਤੇ। ਉਸ ਨੂੰ ਵਧੀਆ ਧਾਵੀ ਦਾ ਖ਼ਿਤਾਬ ਦਿੱਤਾ ਗਿਆ। ਇਸ ਟੀਮ ਦੇ ਜਾਫੀ ਅਮਨ ਦਿਉਰਾ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ 23 ਵਾਰ ਕੋਸ਼ਿਸ਼ ਕਰਕੇ ਅੱਠ ਜੱਫੇ ਲਾਏ, ਉਸਨੂੰ ਵਧੀਆ ਜਾਫੀ ਦਾ ਖ਼ਿਤਾਬ ਦਿੱਤਾ ਗਿਆ। ਇਸ ਕਬੱਡੀ ਕੱਪ ਵਿਚ ਜਿੱਥੇ ਮੱਖਣ ਅਲੀ, ਸੁਰਜੀਤ ਕਕਰਾਲੀ, ਕਾਲਾ ਰਛੀਨ, ਪਿਰਤਾ ਸ਼ੇਰਗੜ੍ਹ ਚੀਮਾ ਅਤੇ ਇਕਬਾਲ ਗਾਲਿਬ ਨੇ ਕੁਮੈਂਟਰੀ ਨਾਲ ਚੰਗਾ ਰੰਗ ਬੰਨ ਕੇ ਲੋਕਾਂ ਨੂੰ ਉਤਸੁਕਤਾ ਅਤੇ ਆਕਰਸ਼ਣ ਵਿਚ ਬੰਨੀਂ ਰੱਖਿਆ। ਖੇਡ ਫੀਚਰ ਲੇਖਕ ਜਸਵੰਤ ਸਿੰਘ ਖੜਗ ਨੇ ਸਾਰੇ ਖਿਡਾਰੀਆਂ ਦੇ ਅੰਕੜੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਅੰਕਿਤ ਕੀਤੇ।
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਕੰਸਰਵੇਟਿਵ ਐਮ ਪੀ ਜਗਸ਼ਰਨ ਸਿੰਘ ਮਾਹਲ. ਕੈਲਗਰੀ ਤੋਂ ਐਮ ਪੀ ਦਲਵਿੰਦਰ ਗਿੱਲ, ਐਮ ਪੀ ਅਮਨਪ੍ਰੀਤ ਗਿੱਲ, ਰੀਐਲਟਰ ਨਾਮ ਕਲਾਰ, ਰਣਜੀਤ ਬਾਠ, ਤੇਜਿੰਦਰ ਸੰਧੂ, ਸਰਬਜੀਤ ਸਿੰਘ, ਮਨਜੀਤ ਸਿੰਘ ਫੇਰੂਮਾਨ ਨੇ ਹਾਜ਼ਰੀ ਭਰਦਿਆਂ ਖਿਡਾਰੀਆਂ ਦਾ ਹੌਸਲਾ ਵਧਾਇਆ। ਪ੍ਰਬੰਧਕਾਂ ਵਲੋਂ ਸਫਲ ਟੂਰਨਾਮੈਂਟ ਲਈ ਖੇਡ ਪ੍ਰੇਮੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਐਡਮਿੰਟਨ 98156-25409






