ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਤੇ ਖੂਬਸੂਰਤ ਸ਼ਹਿਰ ਵਿਕਟੋਰੀਆ ਵਿਖੇ 17 ਅਗਸਤ ਦਿਨ ਐਤਵਾਰ ਨੂੰ ਬੈਕਵਿਥ ਪਾਰਕ ਵਿੱਚ ਪੰਜਾਬੀ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਕਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਭਾਰਤ ਦੇ 79ਵੇਂ ਅਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ ਗਦਰੀ ਬਾਬਿਆਂ ਨੂੰ ਸਿਜਦਾ ਕੀਤਾ ਗਿਆ ਜਿਹਨਾਂ ਦੀ ਬਦੌਲਤ ਅਸੀ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਵੱਡੀ ਗਿਣਤੀ ਵਿਚ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਮੇਲੇ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਡਾ ਗੋਪਾਲ ਸਿੰਘ ਬੁੱਟਰ ਅਤੇ ਡਾ ਰਣਜੀਤ ਸਿੰਘ ਸੰਧੂ ਸਾਹਿਬ ਉਚੇਚੇ ਤੌਰ ਸ਼ਾਮਿਲ ਹੋਏ। ਉਹਨਾਂ ਨੇ ਅਜ਼ਾਦੀ ਦਿਵਸ ਤੇ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਵੰਡ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਮੇਲੇ ਵਿੱਚ ਵੱਖ- ਵੱਖ ਬੁਲਾਰਿਆਂ ਨੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਜੋ ਅਜ਼ਾਦੀ ਦਾ ਅਨੰਦ ਮਾਣ ਰਹੇ ਇਹ ਇਹਨਾਂ ਸ਼ਹੀਦਾਂ ਦੀ ਹੀ ਦੇਣ ਹੈ। ਇਹਨਾਂ ਨੇ ਹੀ ਸਾਨੂੰ ਅਣਖ ਦੀ ਜਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਇਸ ਮੌਕੇ ਮਾਣਯੋਗ ਖੇਤੀਬਾੜੀ ਮੰਤਰੀ ਲੈਨਾ ਪਾਪਹੈਮ, ਪਬਲਿਕ ਸੇਫਟੀ ਅਤੇ ਸੋਲਿਸਟਰ ਜਨਰਲ ਨੀਨਾ ਕਰੀਗਰ, ਵਿਕਟੋਰੀਆ ਪੁਲੀਸ ਚੀਫ ਡੈਲ ਮਾਣਕ, ਕੌਂਸਲਰ ਮੀਨਾ ਵੈਸਟਹੈਵਰ, ਕੌਲਨ ਪਲਾਂਟ ਅਤੇ ਉੱਘੇ ਪੰਜਾਬੀ ਸ਼ਾਇਰ ਜਸਵਿੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗੁਲਾਟੀ ਪਬਲਿਸ਼ਰ ਲਿਮਟਿਡ ਸਰੀ ਤੋਂ ਹਰਦਮ ਮਾਨ ਉਚੇਚੇ ਤੌਰ ਕਿਤਾਬਾਂ ਦਾ ਸਟਾਲ ਲਗਾਉਣ ਵਿਕਟੋਰੀਆ ਆਏ। ਬਹੁਤ ਸਾਰੇ ਲੋਕਾਂ ਨੇ ਕਿਤਾਬਾਂ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ। ਮੇਲੇ ਵਿੱਚ ਬਹੁਤ ਸਾਰੇ ਵਪਾਰੀ ਭੈਣ- ਭਰਾ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਦੇ ਨਾਲ ਹੀ ਗਹਿਣਿਆਂ ਗੱਟਿਆਂ, ਪੰਜਾਬੀ ਜੁਤੀਆਂ, ਸੂਟਾਂ ਤੇ ਚੁੰਨੀਆਂ – ਫੁਲਕਾਰੀਆਂ ਦੇ ਸਟਾਲਾਂ ਵਾਲੇ ਵਿਕਰੀ ਤੋਂ ਬਹੁਤ ਖੁਸ਼ ਸਨ। ਖਰੀਦਦਾਰ ਆਪਣੀ ਪਸੰਦੀ ਦਾ ਸਮਾਨ ਖਰੀਦ ਕੇ ਪੂਰਾ ਆਨੰਦ ਮਾਣ ਰਹੇ ਸਨ । ਰੈਸਟੋਰੈਂਟ ਮਾਲਕ ਵੀਰ- ਭੈਣ ਆਪਣਾ ਖਾਣਾ ਵੇਚ ਰਹੇ ਸਨ। ਪੰਜਾਬੀ ਕਲਚਰਲ ਕਮਿਊਨਿਟੀ ਐਸੋਸੀਏਸ਼ਨ ਆਫ ਵਿਕਟੋਰੀਆ ਵਲੋਂ ਖਾਣੇ ਦੀ ਸੇਵਾ ਮੇਲਾ ਖਤਮ ਹੋਣ ਤੱਕ ਮੁਫ਼ਤ ਕੀਤੀ ਗਈ। ਸਭਿਆਚਾਰਕ ਪੱਖੋਂ ਗਾਇਕਾ ਖੁਸ਼ੀ ਕੌਰ ਤੇ ਹਰ ਸੰਧੂ ਨੇ ਖੂਬਸੂਰਤ ਤਰੀਕੇ ਨਾਲ ਸਭ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਰੰਗਾਰੰਗ ਪ੍ਰੋਗਰਾਮ ਦਾ ਵੀ ਹਰ ਇਕ ਨੇ ਅਨੰਦ ਮਾਣਿਆ। ਅਖੀਰ ਵਿੱਚ ਸਾਰੀਆਂ ਭੈਣਾਂ ਨੇ ਰੱਲ ਕੇ ਬੋਲੀਆਂ ਪਾਈਆਂ ਅਤੇ ਗਿੱਧੇ ਦਾ ਖ਼ੂਬ ਰੰਗ ਬੰਨਿਆ।
ਮੇਲੇ ਵਿੱਚ ਡਾਕਟਰ ਗੋਪਾਲ ਸਿੰਘ ਬੁੱਟਰ ਨੂੰ ਉਹਨਾਂ ਦੀਆਂ ਵਿਦਿਅਕ ਤੇ ਸਮਾਜਿਕ ਸੇਵਾਵਾਂ ਲਈ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਪੰਜਾਬੀ ਮੇਲੇ ਨੂੰ ਸਫਲ ਕਰਨ ਲਈ ਡਾਕਟਰ ਮੇਜਰ ਸਿੰਘ ਤਤਲਾ, ਜਗੀਰ ਸਿੰਘ ਵਿਰਕ, ਪਰਮਿੰਦਰ ਕੌਰ ਵਿਰਕ, ਤੋਸ਼ੀ ਬੈਂਸ ਅਤੇ ਸਮੁੱਚੀ ਟੀਮ ਵੱਲੋਂ ਸਭ ਦਾ ਦਿਲੋਂ ਧੰਨਵਾਦ ਕੀਤਾ ਗਿਆ।








