Screenshot
ਡਾ.ਗੋਪਾਲ ਸਿੰਘ ਬੁੱਟਰ – (ਮੋ.+919915005814)
ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਭਾਈ ਕਰਮ ਸਿੰਘ ਦੌਲਤਪੁਰ ਕੈਨੇਡਾ ਦੇ ਉੱਘੇ ਗ਼ਦਰੀ ਦੇਸ਼ ਭਗਤ ਸਨ ਜਿਹੜੇ ਦੂਸਰੇ ਗ਼ਦਰੀ ਬਾਬਿਆਂ ਵਾਂਗ ਵਿਕਸਤ ਦੇਸ਼ ਦੇ ਖੁਸ਼ਹਾਲ ਜੀਵਨ -ਜਿਸ ਵਿੱਚ ਘਰ ਬਾਹਰ ਜ਼ਮੀਨ ਜਾਇਦਾਦ ਸ਼ਾਮਿਲ ਸਨ -ਦਾ ਮੋਹ ਤਿਆਗ ਕੇ 1914 ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਆਪਣੇ ਵਤਨ ਵਾਪਸ ਆ ਕੇ ਹਥਿਆਰਬੰਦ ਇਨਕਲਾਬ ਦੇ ਸੰਘਰਸ਼ ਵਿੱਚ ਕੁੱਦ ਪਏ ਸਨ। ਕਰਮ ਸਿੰਘ ਦੌਲਤਪੁਰ ਦਾ ਜਨਮ 1880 ਨੂੰ ਦੋਆਬੇ ਦੇ ਨਵਾਂਸ਼ਹਿਰ ਦੇ ਨਜ਼ਦੀਕ ਪਿੰਡ ਦੌਲਤਪੁਰ ਵਿਖੇ ਸ ਨੱਥਾ ਸਿੰਘ ਥਾਂਦੀ ਦੇ ਘਰ ਮਾਤਾ ਦੁੱਲੀ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਅੱਠ ਸਾਲ ਦੇ ਕਰੀਬ ਫੌਜ ਵਿੱਚ ਨੌਕਰੀ ਕਰਨ ਉਪਰੰਤ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਫੌਜ ਦੀ ਨੌਕਰੀ ਦੌਰਾਨ ਮਿਲੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਪ੍ਰਭਾਵ ਸਦਕਾ ਉਹ ਪਿੰਡ ਵਿੱਚ ਹੀ ਭੋਰਾ ਪੁੱਟ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲੱਗ ਪਏ। ਉਨ੍ਹਾਂ ਦੀ ਇਸ ਰੁਚੀ ਬਾਰੇ ਜਾਣ ਕੇ ਉਨ੍ਹਾਂ ਨੂੰ ਦੁਨੀਆਦਾਰੀ ਨਾਲ ਜੋੜੀ ਰੱਖਣ ਦੈ ਉਦੇਸ਼ ਨਾਲ ਉਨ੍ਹਾਂ ਦੇ ਕੈਨੇਡਾ ਰਹਿੰਦੇ ਚਾਚਾ ਵਰਿਆਮ ਸਿੰਘ ਤੇ ਭਰਾ ਹਰੀ ਸਿੰਘ ਨੇ ਆਪਣੇ ਕੋਲ ਵੈਨਕੂਵਰ ਦੇ ਨਜ਼ਦੀਕ ਐਬਟਸਫੋਰਡ ਵਿਖੇ ਬੁਲਾ ਲਿਆ। ਏਥੇ ਉਹ ਸੰਤ ਤੇਜਾ ਸਿੰਘ ਦੀ ‘ ਗੁਰੂ ਨਾਨਕ ਮਾਈਨਿੰਗ ਐਂਡ ਟ੍ਰਸਟ ਕੰਪਨੀ ‘ ਵਿੱਚ ਹਿੱਸੇਦਾਰ ਸਨ। ਕੈਨੇਡਾ ਵਿੱਚ ਭਾਈ ਕਰਮ ਸਿੰਘ ਨੇ ਇੱਥੇ ਚਲਦੇ ਨਸਲੀ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਰਤੀਆਂ ਨਾਲ ਜੁੜ ਗਏ। ਜਦੋਂ 1913 ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਭਾਈ ਕਰਮ ਸਿੰਘ ਦੌਲਤਪੁਰ ਨੇ ਵੀ ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨਾਲ ਇਸ ਦਾ ਹਿੱਸਾ ਬਣ ਕੇ ਸਰਗਰਮੀ ਨਾਲ ਕੰਮ ਕਰਨਾ ਆਰੰਭ ਕਰ ਦਿੱਤਾ। ਉਹ ਗ਼ਦਰ ਕਰਨ ਦੇ ਉਦੇਸ਼ ਨਾਲ 1914 ਵਿੱਚ ਦੂਸਰੇ ਗ਼ਦਰੀ ਆਗੂਆਂ ਸਮੇਤ ਭਾਰਤ ਪਰਤ ਆਏ। ਖੁਫ਼ੀਆ ਰਿਪੋਰਟ ਦੇ ਆਧਾਰ ‘ਤੇ ਸਰਕਾਰ ਨੇ ਉਨ੍ਹਾਂ ਨੂੰ ਪਿੰਡ ਦੌਲਤਪੁਰ ਵਿੱਚ 1918 ਤਕ ਜੂਹਬੰਦ ਕਰੀ ਰੱਖਿਆ। ਜੂਹਬੰਦੀ ਖਤਮ ਹੋਣ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਨਨਕਾਣਾ ਸਾਹਿਬ ਗਏ ਜਿੱਥੇ ਸਰਕਾਰ ਦੀ ਸ਼ਹਿ ‘ਤੇ ਮਹੰਤ ਨਾਰਾਇਣ ਦਾਸ ਨੇ ਸ਼ਰਧਾਲੂ ਸੰਗਤਾਂ ਅਤੇ ਸਿੱਖ ਆਗੂ ਭਾਈ ਲਛਮਣ ਸਿੰਘ ਨੂੰ ਘੇਰ ਕੇ ਬੜੀ ਕਰੂਰਤਾ ਨਾਲ ਕਤਲ ਕਰ ਦਿੱਤਾ ਸੀ ਜਿਸ ਭਿਅੰਕਰ ਘਟਨਾ ਨੂੰ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਜੋਂ ਯਾਦ ਕੀਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਨੇ ਅੰਮ੍ਰਿਤ ਛਕ ਕੇ ਆਪਣਾ ਨਾਂ ਨਰੈਣ ਸਿੰਘ ਤੋਂ ਕਰਮ ਸਿੰਘ ਰੱਖ ਲਿਆ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ। ਗੁਰੂ ਕੇ ਬਾਗ ਵਿੱਚ ਸ਼ਾਂਤਮਈ ਅਕਾਲੀ ਅੰਦੋਲਨ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਨ੍ਹਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਅਖ਼ਤਿਆਰ ਕੀਤਾ। ਉਸ ਸਮੇਂ ਮਾਸਟਰ ਮੋਤਾ ਸਿੰਘ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇਨਕਲਾਬੀ ਦੇਸ਼ ਭਗਤਾਂ ਨੇ ‘ਚੱਕਰਵਰਤੀ ਜਥਾ ‘ ਬਣਾ ਕੇ ਜਲੰਧਰ ਦੇ ਇਲਾਕੇ ਵਿੱਚ ਬਰਤਾਨਵੀ ਸਰਕਾਰ ਅਤੇ ਉਸਦੇ ਹੱਥਠੋਕੇ ਸਰਕਾਰ ਪ੍ਰਸਤਾਂ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ । ਭਾਈ ਕਰਮ ਸਿੰਘ ਦੌਲਤਪੁਰ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁਕੜੁਦੀ, ਹਰੀ ਸਿੰਘ ਸੂੰਢ ਤੇ ਕਰਮ ਸਿੰਘ ਝਿੰਗੜ ਅਤੇ ਹੋਰ ਸਾਥੀਆਂ ਨਾਲ਼ ਮਿਲ਼ ਕੇ ਇਹੀ ਸੰਘਰਸ਼ ਬੰਗਾ, ਨਵਾਂ ਸ਼ਹਿਰ ਅਤੇ ਮਾਹਿਲਪੁਰ ਦੇ ਇਲਾਕਿਆਂ ਵਿੱਚ ਵਿੱਢਿਆ ਹੋਇਆ ਸੀ। ਭਾਈ ਕਰਮ ਸਿੰਘ ਦੌਲਤਪੁਰ ਨੇ ਆਪਣੇ ਸੰਘਰਸ਼ ਦੇ ਪ੍ਰਚਾਰ ਲਈ ਗ਼ਦਰ ਪਾਰਟੀ ਦੇ ਪਰਚੇ ‘ਗ਼ਦਰ ‘ ਦੀ ਤਰਜ਼ ‘ਤੇ ਇੱਕ ਅਖ਼ਬਾਰ ‘ਬੱਬਰ ਅਕਾਲੀ ਦੁਆਬਾ ‘ ਪ੍ਰਕਾਸ਼ਿਤ ਕਰਨਾ ਆਰੰਭ ਕੀਤਾ ਜਿਸ ਨੂੰ ਉਹ ਪਹਿਲਾਂ ‘ਸਫ਼ਰੀ ‘ ਅਤੇ ਬਾਅਦ ਵਿੱਚ ‘ਉਡਾਰੂ ਪ੍ਰੈੱਸ’ ਨਾਮ ਤਹਿਤ ਛਾਪਦੇ ਰਹੇ। ਭਾਈ ਕਰਮ ਸਿੰਘ ਦੌਲਤਪੁਰ ਨੇ ‘ਬੱਬਰ ਅਕਾਲੀ ਦੁਆਬਾ’ ਪਰਚੇ ਦੇ ਪ੍ਰਕਾਸ਼ਨ ਲਈ ਪਿੰਡ ਬਛੌੜੀ ਦੇ ਨੰਬਰਦਾਰ ਰਾਮ ਦਿੱਤਾ ਤੋਂ ਸਰਕਾਰੀ ਮਾਲੀਏ ਦੇ ਪੈਸੇ ਖੋਹ ਕੇ ਸਾਈਕਲੋ ਸਟਾਈਲ ਮਸ਼ੀਨ ਖਰੀਦ ਕੇ 22 ਅਗਸਤ 1922 ਨੂੰ ਪਹਿਲਾ ਅੰਕ ਪ੍ਰਕਾਸ਼ਿਤ ਕਰਕੇ ਦੇਸ਼ ਭਗਤਾਂ ਦੀ ਮੁਖਬਰੀ ਕਰਨ ਵਾਲੇ ਝੋਲ਼ੀ ਚੁੱਕਾਂ ਵਰਜਦਿਆਂ ਲਿਖਿਆ ਕਿ ਅੱਗੇ ਤੋਂ ਇਸ ਕੁਕਰਮ ਦੀ ਸਜ਼ਾ ਮੌਤ ਹੋਵੇਗੀ। ਇਸ ਉਪਰੰਤ ਪਰਚੇ ਦੇ ਮਈ 1923 ਤਕ 15 ਅੰਕ ਪ੍ਰਕਾਸ਼ਿਤ ਹੋਏ। ਭਾਈ ਸਾਹਿਬ ਦੇ ਇਸ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮਿਲ ਕੇ ਸਾਂਝੇ ਸੰਘਰਸ਼ ਦੀ ਵਿਓਂਤਬੰਦੀ ਕਰਨ ਦਾ ਮਨ ਬਣਾਇਆ।ਭਾਈ ਸਾਹਿਬ ਦੇ ਸਾਥੀ ਆਸਾ ਸਿੰਘ ਭੁਕੜੁਦੀ ਨੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਇਸ ਇੱਛਾ ‘ਤੇ ਉਨ੍ਹਾਂ ਨੂੰ ਭਾਈ ਕਰਮ ਸਿੰਘ ਦੌਲਤਪੁਰ ਨਾਲ ਮਿਲਵਾਇਆ। ਇਸ ਮਿਲ਼ਨੀ ਉਪਰੰਤ ਚਕਰਵਰਤੀ ਜੱਥਾ ਭਾਈ ਦੌਲਤਪੁਰ ਦੀ ਲਹਿਰ ਵਿੱਚ ਮਿਲਾ ਕੇ ਇਸ ਦਾ ਨਾਮ ਬੱਬਰ ਅਕਾਲੀ ਜਥਾ ਰੱਖ ਲਿਆ। ਜਥੇਦਾਰ ਗੜਗੱਜ ਨੇ ਸਾਥੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਅੱਗੇ ਤੋਂ ਭਾਈ ਸਾਹਿਬ ਨੂੰ ‘ਬੱਬਰ ਸਾਹਿਬ ‘ ਕਿਹਾ ਕਰਨਗੇ ਅਤੇ ‘ਬੱਬਰ ਅਕਾਲੀ ਦੁਆਬਾ’ ਦੇ ਐਡੀਟਰ ਵੀ ਭਾਈ ਕਰਮ ਸਿੰਘ ਦੌਲਤਪੁਰ ਹੀ ਰਹਿਣਗੇ। ਬੱਬਰ ਅਕਾਲੀ ਲਹਿਰ ਦੀਆਂ ਸਰਕਾਰ ਪ੍ਰਸਤਾਂ ਤੇ ਮੁਖ਼ਬਰਾਂ ਨੂੰ ਸੋਧਣ ਕਾਰਵਾਈਆਂ ਦੇ ਆਤੰਕ ਨੇ ਸਰਕਾਰ ਨੂੰ ਫਿਕਰਾਂ ਵਿੱਚ ਪਾ ਦਿੱਤਾ। ਸਰਕਾਰ ਨੇ ਆਪਣੇ ਦਮਨ – ਚੱਕਰ ਨੂੰ ਤੇਜ਼ ਕਰਨ ਹਿਤ ਬੱਬਰਾਂ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਨੂੰ ਵੱਡੇ ਵੱਡੇ ਲਾਲਚਾਂ ਦੀ ਪੇਸ਼ਕਸ਼ ਦਿੱਤੀ। ਭਾਈ ਕਰਮ ਸਿੰਘ ਦੌਲਤਪੁਰ ਦਾ ਧਰਮ-ਪੁੱਤਰ ਬਣਿਆ ਸਾਥੀ ਅਨੂਪ ਸਿੰਘ ਇਸ ਲੋਭ-ਚੱਕਰ ਵਿੱਚ ਫਸ ਗਿਆ। ਉਸਨੇ 31 ਅਗਸਤ ਅਤੇ 1 ਸਤੰਬਰ 1923 ਵਿਚਲੀ ਰਾਤ ਨੂੰ ਭਾਈ ਕਰਮ ਸਿੰਘ ਦੌਲਤਪੁਰ,ਉਦੇ ਸਿੰਘ ਰਾਮਗੜ੍ਹ ਝੁੰਗੀਆਂ , ਬਿਸ਼ਨ ਸਿੰਘ ਮਾਂਗਟ ਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਖ਼ਬਰ ਪੁਲਿਸ ਨੂੰ ਪਹੁੰਚਾ ਕੇ ਉਨ੍ਹਾਂ ਨੂੰ ਘੇਰਾ ਪਵਾ ਦਿੱਤਾ। ਇਸ ਤੋਂ ਪਹਿਲਾਂ ਅਨੂਪ ਸਿੰਘ ਇਨ੍ਹਾਂ ਦੇ ਹਥਿਆਰ ਨਕਾਰਾ ਕਰ ਕੇ ਆਪ ਪੇਟ ਦੀ ਖ਼ਰਾਬੀ ਦਾ ਬਹਾਨਾ ਬਣਾ ਕੇ ਉਥੋਂ ਚਲਾ ਗਿਆ। ਪਹਿਲੀ ਸਤੰਬਰ ਨੂੰ ਸਵੇਰੇ ਤੜਕੇ ਪਏ ਪੁਲਿਸ ਦੇ ਘੇਰੇ ਦੌਰਾਨ ਇਹ ਚਾਰੇ ਦੇਸ਼ ਭਗਤ ਮੁਕਾਬਲਾ ਕਰਦੇ ਹੋਏ ਫਗਵਾੜੇ ਕੋਲ ਬਬੇਲੀ ਪਿੰਡ ਵਿੱਚ ਸ਼ਹਾਦਤ ਦਾ ਪੀ ਗਏ। ਇਨ੍ਹਾਂ ਮਹਾਨ ਇਨਕਲਾਬੀ ਸੂਰਬੀਰਾਂ ਦਾ ਸ਼ਹੀਦੀ ਦਿਵਸ ਪਿੰਡ ਦੌਲਤਪੁਰ (ਭਾਰਤ) ਹੈਰੀਟੇਜ ਗੁਰਦੁਆਰਾ ਐਬਟਸਫੋਰਡ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿੱਥੇ ਇਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਨ।
