Mar 7, 2026

ਹਾਦਸੇ ਕਾਰਣ ਤਿੰਨ ਲੋਕਾਂ ਦੀ ਜਾਨ ਗਈ-ਦੋਸ਼ੀ ਡਰਾਈਵਰ ਅਮਰੀਕਾ ਵਿਚ ਗੈਰ ਕਨੂੰਨੀ ਦਾਖਲ ਹੋਇਆ ਸੀ-

ਨਿਊਯਾਰਕ-ਬੀਤੇ ਦਿਨੀਂ ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਦੁਆਰਾ ਹਾਈਵੇ ਉਪਰ ਗਲਤ ਯੂ ਟਰਨ ਲੈਣ ਕਾਰਣ ਵਾਪਰੇ ਹਾਦਸੇ ਵਿਚ ਤਿੰਨ ਕਾਰ ਸਵਾਰ ਮਾਰੇ ਗਏ। ਅਮਰੀਕੀ ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ। ਯੂ ਐਸ ਮਾਰਸ਼ਲ ਸਰਵਿਸ ਦਾ ਕਹਿਣਾ ਹੈ ਕਿ 28 ਸਾਲਾ ਹਰਜਿੰਦਰ ਸਿੰਘ ਅਮਰੀਕੀ ਨਾਗਰਿਕ ਨਹੀਂ ਹੈ ਅਤੇ  ਉਹ 2018 ਵਿੱਚ ਮੈਕਸੀਕੋ ਤੋਂ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਦਾਖਲ ਹੋਇਆ ਸੀ। ਏਜੰਸੀ ਦੇ ਅਨੁਸਾਰ, ਉਸਨੇ ਬਾਅਦ ਵਿੱਚ ਕੈਲੀਫੋਰਨੀਆ ਵਿੱਚ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ। ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿਨਜ਼ ਨੇ ਦੱਸਿਆ ਕਿ  ਸਿੰਘ ਫੋਰਟ ਪੀਅਰਸ ਤੋਂ ਕੈਲੀਫੋਰਨੀਆ ਲਿਆਂਦਾ ਗਿਆ ਹੈ। ਉਹਨਾਂ ਦੱਸਿਆ ਕਿ ਸਿੰਘ ਨੂੰ ਅੰਗਰੇਜ਼ੀ ਭਾਸ਼ਾ ਦਾ ਵੀ ਲੋੜੀਂਦੀ ਗਿਆਨ ਨਹੀ ਹੈ।

ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਕੋਈ ਇਸ ਤਰਾਂ ਯੂ ਟਰਨ ਕਿਵੇਂ ਲੈ ਸਕਦਾ ਹੈ। “ਜਦੋਂ ਤੁਸੀਂ ਸੜਕ ਦੇ ਸੰਕੇਤਾਂ ਨੂੰ ਨਹੀਂ ਸਮਝਦੇ ਤਾਂ ਤੁਸੀਂ ਕੋਈ ਵੱਡਾ ਟਰੱਕ ਕਿਵੇਂ ਚਲਾਓਗੇ। ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਮੁਤਾਬਿਕ ਮੁਲਕ ਦੇ  19 ਰਾਜ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਡਰਾਈਵਿੰਗ ਲਾਇਸੈਂਸ ਜਾਰੀ ਕਰਦੇ ਹਨ। ਅਧਿਕਾਰੀਆਂ ਨੇ ਹਾਦਸੇ ਵਿੱਚ ਮਾਰੇ ਗਏ ਤਿੰਨ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ। ਅਮਰੀਕੀ ਆਵਾਜਾਈ ਵਿਭਾਗ ਡਰਾਈਵਰ, ਹਾਦਸੇ ਅਤੇ ਉਸ ਕੈਰੀਅਰ ਦੀ ਜਾਂਚ ਕਰ ਰਿਹਾ ਹੈ ਜਿਸ ਲਈ ਉਹ ਕੰਮ ਕਰਦਾ ਸੀ।