Screenshot
ਗੈਂਗਸਟਰਾਂ ਨੇ ਕਾਰੋਬਾਰੀ ਸੋਨੀ ਸਿੱਧੂ ਨੂੰ ਫਿਰੌਤੀ ਲਈ ਦਿੱਤੀ ਸੀ ਧਮਕੀ-
ਸਰੀ ( ਦੇ ਪ੍ਰ ਬਿ)- ਕੈਨੇਡਾ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਫੈਡਰਲ ਸਰਕਾਰ ਨੂੰ ਭਾਰਤੀ ਗੈਂਗਸਟਰ ਬਿਸ਼ਨੋਈ ਗਰੁੱਪ ਨੂੰ ਅਤਿਵਾਦੀ ਸੰਗਠਨ ਐਲਾਨੇ ਜਾਣ ਦੀ ਮੰਗ ਦੇ ਦਰਮਿਆਨ ਸਰੀ ਵਿਚ ਇਕ ਹਫਤੇ ਵਿਚ ਫਿਰੌਤੀਆਂ ਨਾਲ ਜੁੜੀਆਂ ਦੋ ਹੋਰ ਘਟਨਾਵਾਂ ਵਾਪਰਨ ਦੀਆਂ ਖਬਰਾਂ ਹਨ। ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਦੇ 128 ਸਟਰੀਟ 84 ਐਵੇਨਿਊ ‘ਤੇ 1313 ਕਾਰ ਵਾਸ਼ ਉਪਰ ਗੋਲੀਬਾਰੀ ਉਪਰੰਤ ਹੁਣ ਤਾਜ਼ਾ ਘਟਨਾ ਵਿਚ ਅੱਜ ਵੱਡੇ ਤੜਕੇ ਸ਼ਹਿਰ ਦੇ ਯੌਰਕ ਸੈਂਟਰ ਵਿਚ ਸਥਿਤ ਸਿੱਧੂ ਟਰੈਵਲ ਅਤੇ ਬੈਸਟਵੇਅ ਫੌਰਨ ਐਕਸਚੇਂਜ ਦੇ ਦਫਤਰ ਉਪਰ ਗੋਲੀਬਾਰੀ ਹੋਣ ਦੀ ਖਬਰ ਹੈ।
ਸਰੀ ਦੀ 128 ਸਟਰੀਟ ਅਤੇ 80 ਐਵਨਿਊ ਉਪਰ ਸਥਿਤ ਯੌਰਕ ਸੈਂਟਰ ਵਿਚ ਸਿੱਧੂ ਟਰੈਵਲ ਅਤੇ ਬੈਸਟਵੇਅ ਫੌਰਨ ਐਕਸਚੇਂਜ ਦੇ ਮਾਲਕ ਸ ਚਰਨਜੀਤ ਸਿੰਘ ਸੋਨੀ ਸਿੱਧੂ ਨੇ ਦੇਸ ਪ੍ਰਦੇਸ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਦੇ ਬਿਜਨੈਸ ਉਪਰ ਇਸ ਗੋਲੀਬਾਰੀ ਦੀ ਖਬਰ ਉਹਨਾਂ ਨੂੰ ਸਵੇਰੇ ਮਿਲੀ। ਪੁਲਿਸ ਮੁਤਾਬਿਕ ਇਹ ਗੋਲੀਬਾਰੀ ਤੜਕੇ ਤਕਰੀਬਨ 3 ਵਜੇ ਦੇ ਕਰੀਬ ਹੋਈ ਤੇ ਹਮਲਾਵਰਾਂ ਨੇ ਮੁੱਖ ਦਰਵਾਜੇ ਉਪਰ ਲਗਪਗ 7 ਗੋਲੀਆਂ ਦਾਗੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਕੁਝ ਸਮਾਂ ਇਕ ਗੈਂਗਸਟਰ ਗਰੁੱਪ ਵਲੋਂ ਇਕ ਮਿਲੀਅਨ ਡਾਲਰ ਦੀ ਫਿਰੌਤੀ ਲਈ ਕਾਲ ਆਈ ਸੀ। ਉਹਨਾਂ ਕਾਲਰ ਨੂੰ ਦੱਸਿਆ ਸੀ ਕਿ ਉਹ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਉਹਨਾਂ ਕੋਲ ਕਿਸੇ ਨੂੰ ਦੇਣ ਲਈ ਕੋਈ ਵਾਧੂ ਪੈਸਾ ਨਹੀ। ਇਸ ਸਬੰਧੀ ਉਹਨਾਂ ਪੁਲਿਸ ਨੂੰ ਰਿਪੋਰਟ ਕੀਤਾ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਦੱਸਿਆ ਕਿ ਹੁਣ ਗੈਂਗਸਟਰਾਂ ਵਲੋਂ ਉਹਨਾਂ ਦੇ ਕਾਰੋਬਾਰੀ ਦਫਤਰ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਗੋਲੀਬਾਰੀ ਕੀਤੀ ਗਈ ਹੈ।ਪੁਲਿਸ ਵਲੋਂ ਸੀਸੀਟੀਵੀ ਫੁਟੇਜ ਦੀ ਕੀਤੀ ਜਾਂਚ ਮੁਤਾਬਿਕ ਦਫਤਰ ਉਪਰ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਗੋਲੀਬਾਰੀ ਕਰਦੇ ਵੇਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਨੀ ਸਿੱਧੂ ਪੰਜਾਬ ਦੇ ਪ੍ਰਸਿੱਧ ਕਸਬਾ ਜ਼ੀਰਾ ਨੇੜੇ ਪਿੰਡ ਵਕੀਲਾਂਵਾਲਾ ਨਾਲ ਸਬੰਧਿਤ ਹਨ। ਉਹਨਾਂ ਦੇ ਪਿਤਾ ਸਵਰਗੀ ਸ ਸੁਖਦੇਵ ਸਿੰਘ ਸਿੱਧੂ ਨੇ ਸਮਾਜ ਭਲਾਈ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਉਂਦਿਆਂ ਜ਼ੀਰਾ ਨੇੜੇ ਭਗਤ ਬਾਬਾ ਦੁਨੀ ਚੰਦ ਗਰਲਜ਼ ਡਿਗਰੀ ਕਾਲਜ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟਰੱਸਟ ਅਧੀਨ ਅੱਖਾਂ ਦੇ ਮੁਫਤ ਇਲਾਜ ਲਈ ਹਸਪਤਾਲ ਵੀ ਬਣਵਾਇਆ ਹੈ। ਉਹਨਾਂ ਪੰਜਾਬੀ ਸਾਹਿਤ ਵਿਚ ਅਹਿਮ ਯੋਗਦਾਨ ਪਾਉਂਦਿਆਂ ਵਿਸ਼ਵ ਦੇ ਮਹਾਨ ਵਿਦਵਾਨਾਂ ਦੇ ਵਿਚਾਰਾਂ ਦਾ ਸੰਕਲਨ ਕਰਦਿਆਂ ਪੁਸਤਕ ਆਬਸ਼ਾਰ ਦੀ ਪ੍ਰਕਾਸ਼ਨਾ ਵੀ ਕਰਵਾਈ।
ਇਸੇ ਦੌਰਾਨ ਐਬਸਫੋਰਡ ਤੋਂ ਕੰਸਰਵੇਟਿਵ ਐਮ ਪੀ ਸੁਖਮਨ ਗਿੱਲ ਦੇ ਪਿਤਾ ਅਤੇ ਡਾਇਮੰਡ ਕਲਚਰਲ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਰਾਜਾ ਗਿੱਲ ਨੇ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਪ੍ਰਸਾਸ਼ਨ ਤੋਂ ਆਮ ਸ਼ਹਿਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।



