ਸਰੀ ( ਦੇ ਪ੍ਰ ਬਿ)-ਬੀਤੇ ਦਿਨ ਸਰੀ ਦੀ ਭਾਰੀ ਆਵਾਜਾਈ ਵਾਲੀ ਸੜਕ ਕਿੰਗ ਜੌਰਜ ਅਤੇ 98 ਐਵਨਿਊ ਉਪਰ ਇਕ ਅਣਪਛਾਤੇ ਨੌਜਵਾਨ ਵਲੋਂ ਇਕ ਔਰਤ ਉਪਰ ਜਿਸਮਾਨੀ ਹਮਲਾ ਕਰਨ ਅਤੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ਼ ਦੀ ਘਟਨਾ ਬਾਰੇ ਪਤਾ ਲੱਗਣ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾਂ ਪੁਲਿਸ ਨੇ ਇਸ ਸ਼ੱਕੀ ਨੌਜਵਾਨ ਦੀ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਪਹਿਚਾਣ ਕਰਨ ਲਈ ਕਿਹਾ ਸੀ ਪਰ ਬਾਦ ਵਿਚ ਪੁਲਿਸ ਨੇ ਦੱਸਿਆ ਕਿ ਇਸ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਤੇ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਮੰਗਲਵਾਰ ਤੜਖੇ 3:10 ਵਜੇ ਦੇ ਕਰੀਬ ਇੱਕ ਔਰਤ ਕਿੰਗ ਜਾਰਜ ਬੁਲੇਵਾਰਡ ਦੇ 9800-ਬਲਾਕ ਵਿੱਚ ਇੱਕ ਬੱਸ ਸਟਾਪ ਵੱਲ ਜਾ ਰਹੀ ਸੀ ਜਦੋਂ ਇੱਕ ਆਦਮੀ ਨੇ ਉਸ ਕੋਲ ਪਹੁੰਚ ਕਰਦਿਆਂ ਉਸਤੋਂ ਫੋਨ ਦੀ ਮੰਗ ਕੀਤੀ। ਜਦੋਂ ਔਰਤ ਨੇ ਇਨਕਾਰ ਕਰ ਦਿੱਤਾ, ਤਾਂ ਸ਼ੱਕੀ ਨੇ ਕਥਿਤ ਤੌਰ ‘ਤੇ ਉਸਨੂੰ ਨੇੜਲੀ ਝਾੜੀ ਵਿੱਚ ਧੱਕ ਦਿੱਤਾ ਅਤੇ ਫਿਰ ਕਥਿਤ ਤੌਰ ‘ਤੇ, ਉਸਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਉਸਦਾ ਡੱਟਕੇ ਮੁਕਾਬਲਾ ਕੀਤਾ ਜਿਸ ਕਾਰਣ ਸ਼ੱਕੀ ਭੱਜ ਗਿਆ। ਔਰਤ ਪੀੜਤ, ਜਿਸਨੂੰ ਮਾਮੂਲੀ ਸੱਟਾਂ ਲੱਗੀਆਂ। ਜਿਣਸੀ ਹਮਲਾ ਕਰਨ ਵਾਲੇ ਨੌਜਵਾਨ ਦੀ ਪਛਾਣ ਲੰਬਾ, ਪਤਲਾ,ਕਾਲੇ ਵਾਲਾਂ ਵਾਲਾ ਸਾਊਥ ਏਸ਼ੀਅਨ ਮਰਦ ਦੱਸਿਆ ਗਿਆ ਜਿਸਨੇ ਕਾਲੀ ਟੀ ਸੜ, ਮੈਰੂਨ ਸ਼ਾਰਟਸ ਤੇ ਕਾਲੇ -ਚਿੱਟੇ ਸ਼ੂਅ ਪਹਿਨੇ ਸਨ।
ਪੁਲਿਸ ਵਲੋਂ ਜਾਰੀ ਪ੍ਰੈਸ ਰੀਲੀਜ ਵਿੱਚ ਕਿਹਾ ਗਿਆ ਹੈ ਕਿ ਐਸਪੀਐਸ ਦਾ ਵਿਸ਼ੇਸ਼ ਜਾਂਚ ਵਿਭਾਗ ਜਾਂਚ ਕਰ ਰਿਹਾ ਹੈ, ਅਤੇ ਉਮੀਦ ਕਰ ਰਿਹਾ ਹੈ ਕਿ ਸ਼ੱਕੀ ਦੀਆਂ ਤਸਵੀਰਾਂ ਉਸਦੀ ਪਛਾਣ ਕਰਨ ਵਿੱਚ ਮਦਦ ਕਰਨਗੀਆਂ। ਇਸ ਦੌਰਾਨ ਸਰੀ ਪੁਲਿਸ ਨੇ ਇਕ ਹੋਰ ਪ੍ਰੈਸ ਨੋਟ ਰਾਹੀ ਸੂਚਿਤ ਕੀਤਾ ਹੈ ਕਿ 26 ਅਗਸਤ, 2025 ਨੂੰ ਹੋਏ ਇੱਕ ਕਥਿਤ ਜਿਨਸੀ ਹਮਲੇ ਵਿੱਚ ਸ਼ਾਮਿਲ ਵਿਅਕਤੀ ਦੀ ਪੁਲਿਸ ਦੁਆਰਾ ਪਛਾਣ ਕਰ ਲਈ ਗਈ ਹੈ। ਭਾਵੇਂਕਿ ਸ਼ੱਕੀ ਦਾ ਨਾਮ ਨਹੀ ਦੱਸਿਆ ਗਿਆ ਪਰ ਕਿਹਾ ਗਿਆ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ।
ਸਰੀ ਪੁਲਿਸ ਨੇ ਜਨਤਾ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ।
