ਵਿੰਨੀਪੈਗ, 28 ਅਗਸਤ (ਸਰਬਪਾਲ ਸਿੰਘ, ਸ਼ਰਮਾ ) :- ਬੀਤੇ ਦਿਨੀ ਆਪਣੀ ਕੈਨੇਡਾ ਫੇਰੀ ਦੌਰਾਨ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਸਪੁੱਤਰ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਮੌਜੂਦਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਫਰੀਦਕੋਟ ਉਚੇਚੇ ਤੌਰ ਤੇ ਵਿੰਨੀਪੈਗ ਪਹੁੰਚੇ | ਬੱਬੂ ਬਰਾੜ ਜੋ ਕਿ ਲੱਗਭਗ ਇੱਕ ਮਹੀਨੇ ਤੋਂ ਕੈਨੇਡਾ ਦੌਰੇ ਤੇ ਹਨ ਦਾ ਵਿੰਨੀਪੈਗ ਪਹੁੰਚਣ ਤੇ ਉਹਨਾਂ ਦੇ ਚਾਹੁਣ ਵਾਲਿਆਂ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਵਿੰਨੀਪੈਗ ਵਿੱਚ ਜਿੱਥੇ ਉਹਨਾਂ ਨੇ ਆਪਣੇ ਨੇੜਲੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਮਿਲਣੀ ਕੀਤੀ ਓਥੇ ਹੀ ਉਹਨਾਂ ਦੇ ਚਾਹੁਣ ਵਾਲਿਆਂ ਅਤੇ ਕਾਂਗਰਸੀ ਵਰਕਰਾਂ ਵਲੋਂ ਇੱਕ ਮਿਲਣੀ ਦਾ ਵੀ ਆਯੋਜਨ ਕੀਤਾ ਗਿਆ ਜਿੱਥੇ ਬੱਬੂ ਬਰਾੜ ਵਲੋਂ ਪੰਜਾਬ ਦੇ ਵੱਖ- ਵੱਖ ਰਾਜਸੀ ਅਤੇ ਸਿਆਸੀ ਮੁੱਦਿਆਂ ਤੇ ਖੁੱਲ ਕੇ ਚਰਚਾ ਕੀਤੀ। ਉਹਨਾਂ ਕਿਹਾ ਕਿ ਜੇਕਰ 2027 ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਫੇਰੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ਤੇ ਹੱਲ ਕਰਨ ਦੇ ਯਤਨ ਕੀਤੀ ਜਾਣਗੇ | ਇਸ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਫਰੀਦਕੋਟ ਨਾਲ ਸਬੰਧਿਤ ਕਾਂਗਰਸੀ ਅਤੇ ਕਾਰੋਬਾਰੀ ਹਾਜ਼ਰ ਸਨ ਜਿਹਨਾਂ ਵਿਚ ਰਾਜ ਮਾਨ, ਲੇਖਕ ਸੁਖਵੰਤ ਕਿੰਗਰਾ, ਮਨਦੀਪ ਬਰਾੜ, ਸਿਕੰਦਰ ਸਿੰਘ ਮੜਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟੇਕ ਫਰੀਦਕੋਟ ਆਦਿ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ |


