Mar 7, 2026

ਪੁਲਿਸ ਵਲੋਂ ਘਟਨਾ ਦੀ ਵੀਡੀਓ ਜਾਰੀ-13 ਜੁਲਾਈ ਨੂੰ ਵਾਪਰੀ ਸੀ ਘਟਨਾ-ਹਸਪਤਾਲ ਵਿਚ  ਇਲਾਜ ਦੌਰਾਨ ਮੌਤ ਹੋਈ-

ਲਾਸ ਏਂਜਲਸ-ਖਬਰ ਹੈ ਕਿ ਬੀਤੀ 13 ਜੁਲਾਈ ਨੂੰ ਲਾਸ ਏਂਜਲਸ ਵਿਚ ਸੜਕ ਵਿਚਾਲੇ ਦਾਤਰ ਲਹਿਰਾਉਣ ਵਾਲਾ ਇਕ ਸਿੱਖ ਵਿਅਕਤੀ ਪੁਲਿਸ ਦੀ ਗੋਲੀ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ। ਉਸਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਹੈ। ਹੋਰ ਜਾਣਕਾਰੀ ਮੁਤਾਬਿਕ ਆਰਕੇਡੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ 13 ਜੁਲਾਈ ਦੀ ਸਵੇਰ ਕਾਰ ਦਾ ਪਿੱਛਾ ਕਰਨ ਮੌਕੇ ਲਾਸ ਏਂਜਲਸ ਪੁਲੀਸ ਵਿਭਾਗ  ਦੇ ਅਧਿਕਾਰੀਆਂ ਦੀ ਗੋਲੀ ਲੱਗੀ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਪਰ 17 ਜੁਲਾਈ ਨੂੰ ਉਹ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਪੁਲਿਸ ਨੇ ਘਟਨਾ ਦਾ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਗੁਰਪ੍ਰੀਤ ਸਿੰਘ ਸੜਕ ’ਤੇ ਲੰਘਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਵੱਲ 27 ਇੰਚ ਲੰਬਾ ਚਾਕੂ ( ਦਾਤਰ) ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਗੁਰਪ੍ਰੀਤ ਸਿੰਘ ਚਾਕੂ ਨਾਲ ਆਪਣੀ ਜੀਭ ਕੱਟਣ ਦਾ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ। ਪੁਲਿਸ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਗੁਰਪ੍ਰੀਤ ਸਿੰਘ ਨੂੰ ਹਥਿਆਰ ਸੁੱਟਣ ਲਈ ਕਈ ਹੁਕਮ ਦਿੱਤੇ ਪਰ ਉਹ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ। ਫਿਰ ਗੁਰਪ੍ਰੀਤ ਸਿੰਘ ਆਪਣੀ ਗੱਡੀ ਵੱਲ ਵਾਪਸ ਆਇਆ, ਇੱਕ ਪਾਣੀ ਦੀ ਬੋਤਲ ਕੱਢੀ ਅਤੇ ਇਸ ਨੂੰ ਅਧਿਕਾਰੀਆਂ ’ਤੇ ਸੁੱਟ ਦਿੱਤਾ।

ਵੀਡੀਓ ਵਿੱਚ ਦਿਖਾਇਆ ਗਿਆ ਕਿ ਪੁਲਿਸ ਅਧਿਕਾਰੀ ਇਲਾਕੇ ਦੀਆਂ ਗਲੀਆਂ ਵਿੱਚ ਗੁਰਪ੍ਰੀਤ ਸਿੰਘ ਦੀ ਕਾਰ ਵਿੱਚ ਉਸ ਦਾ ਪਿੱਛਾ ਕਰ ਰਹੇ ਸਨ। ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਡਰਾਈਵਰ ਦੀ ਸਾਈਡ ਖਿੜਕੀ ਦੇ ਬਾਹਰ ਚਾਕੂ ਲਹਿਰਾਉਂਦਿਆਂ ਭੱਜ ਗਿਆ।

ਅਧਿਕਾਰੀਆਂ ਨੇ ਉਸ ਦੀ ਤੇਜ਼ ਰਫ਼ਤਾਰ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਮੁਲਜ਼ਮ ਦੀ ਗੱਡੀ ਇੱਕ ਅਧਿਕਾਰੀ ਦੇ ਵਾਹਨ ਨਾਲ ਟਕਰਾ ਗਈ। ਥੋੜ੍ਹੀ ਦੇਰ ਬਾਅਦ ਗੁਰਪ੍ਰੀਤ ਸਿੰਘ ਨੇ ਇੱਕ ਗਲੀ ਵਿੱਚ ਆਪਣੀ ਕਾਰ ਰੋਕੀ, ਚਾਕੂ ਨਾਲ ਲੈਸ ਆਪਣੀ ਗੱਡੀ ਤੋਂ ਬਾਹਰ ਨਿਕਲਿਆ ਅਤੇ ਅਧਿਕਾਰੀਆਂ ਵੱਲ ਚਾਕੂ ਲਹਿਰਾਇਆ। ਐੱਲਏਪੀਡੀ ਅਧਿਕਾਰੀਆਂ ਨੇ ਉਸ ਨੂੰ ਰੁਕਣ ਦਾ ਹੁਕਮ ਦਿੱਤਾ ਅਤੇ ਗੁਰਪ੍ਰੀਤ ਸਿੰਘ ’ਤੇ ਗੋਲੀਬਾਰੀ ਕੀਤੀ ਜਦੋਂ ਉਹ ਉਨ੍ਹਾਂ ਦੇ ਵਾਹਨ ਵੱਲ ਵਧ ਰਿਹਾ ਸੀ।

ਗੁਰਪ੍ਰੀਤ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਫੁੱਟਪਾਥ ’ਤੇ ਡਿੱਗ ਪਿਆ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਖੂਨ ਨਾਲ ਲੱਥਪੱਥ ਸਿੰਘ ਨੂੰ ਡਾਕਟਰੀ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ। ਦੋ ਫੁੱਟ ਲੰਬਾ ਚਾਕੂ ਮੌਕੇ ’ਤੇ ਬਰਾਮਦ ਕੀਤਾ ਗਿਆ ਅਤੇ ਸਬੂਤ ਵਜੋਂ ਦਰਜ ਕੀਤਾ ਗਿਆ।