Mar 7, 2026

Screenshot

-ਸੁਖਵਿੰਦਰ ਸਿੰਘ ਚੋਹਲਾ—

ਹਿਮਾਚਲ ਤੇ ਪੰਜਾਬ ਵਿਚ  ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਕਾਰਣ ਰਾਵੀ, ਬਿਆਸ ਤੇ ਸਤਿਲੁਜ ਦਰਿਆਵਾਂ ਦਾ ਪਾਣੀ ਚੜਨ, ਡੈਮਾਂ ਦੇ ਫਲੱਡ ਗੇਟ ਖੋਹਲਣ ਅਤੇ ਬੰਨ ਟੁੱਟਣ ਕਾਰਣ ਆਏ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ਦੇ 8 ਜਿਲਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ,ਤਰਨ ਤਾਰਨ, ਫਿਰੋਜਪੁਰ, ਫਾਜਲਿਕਾ, ਕਪੂਰਥਲਾ ਤੇ ਹੁਸ਼ਿਆਰ ਦੇ ਸੈਂਕੜੇ ਪਿੰਡ ਪਾਣੀ ਵਿਚ ਘਿਰੇ ਪਏ ਹਨ। ਹੜਾਂ ਕਾਰਣ ਜਿਥੇ ਹਜਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਉਥੇ ਲੋਕਾਂ ਨੂੰ ਆਪਣੇ ਘਰ ਬਾਹਰ ਛੱਡਕੇ ਸੁਰੱਖਿਅਤ ਥਾਵਾਂ ਤੇ ਪੁੱਜਣ ਲਈ ਵੀ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਾਂ ਦੀ ਤਬਾਹੀ ਨੇ ਦੋ ਦਰਜਨ ਦੇ ਕਰੀਬ ਮਨੁੱਖੀ ਜਾਨਾਂ ਵੀ ਲੈ ਲਈਆਂ ਹਨ ਤੇ ਕਈਆਂ ਦੇ ਲਾਪਤਾ ਹੋਣ ਦੀ ਖਬਰ ਹੈ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਉਦਮ ਨਾਲ ਹਜਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਕਈ ਥਾਵਾਂ ਤੇ ਫੌਜ ਦੀ ਮਦਦ ਲਈ ਜਾ ਰਹੀ ਹੈ। ਸ਼ੋਸਲ ਮੀਡੀਆ ਦੇ ਇਸ ਯੁਗ ਵਿਚ ਥਾਂ-ਥਾਂ ਤੋਂ ਹੜਾਂ ਦੇ ਪਾਣੀ ਵਿਚ ਘਿਰੇ ਅਤੇ ਸਹਾਇਤਾ ਲਈ ਤਰਸ ਰਹੇ ਲੋਕਾਂ ਦੀਆਂ ਆ ਰਹੀਆਂ ਵੀਡੀਓਜ਼ ਦਿਲ ਦਹਿਲਾ ਦੇਣ ਵਾਲੀਆਂ ਹਨ। ਪਾਣੀ  ਵਿਚ ਡੁੱਬੇ ਘਰਾਂ ਦੀਆਂ ਛੱਤਾਂ ਤੇ ਬੈਠੇ ਬੱਚੇ, ਬਜੁਰਗ ਤੇ ਔਰਤਾਂ ਨੂੰ ਹੈਲੀਕਾਪਟਰ ਜਾਂ ਕਿਸ਼ਤੀਆਂ ਰਾਹੀਂ ਸੁਰੱਖਿਅਤ ਕੱਢੇ ਜਾਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਿਪ ਸਥਿਤੀ ਦੀ ਭਿਆਨਕਤਾ ਨੂੰ ਬਿਆਨ ਕਰਦੇ ਹਨ।

ਮਾਹਿਰਾਂ ਮੁਤਾਬਿਕ ਪਹਿਲੀ ਜੂਨ ਤੋਂ 25 ਅਗਸਤ ਤੱਕ ਹੋਈ ਭਾਰੀ ਬਾਰਿਸ਼ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਵਾਰ ਇਹ ਬਾਰਿਸ਼ ਪਿਛਲੀਆਂ ਬਾਰਿਸ਼ਾਂ ਨਾਲੋਂ 123 ਪ੍ਰਤੀਸ਼ਤ ਵਧੇਰੇ ਹੋਈ ਦੱਸੀ ਗਈ ਹੈ। ਜੰਮੂ ਖੇਤਰ  ਵਿਚ ਪਿਛਲੇ 50 ਸਾਲਾਂ ਦੌਰਾਨ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਪੰਜਾਬ ਦੇ ਤਿੰਨ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦੇ ਕੰਢੇ ਲਗਪਗ 900 ਕਿਲੋਮੀਟਰ ਲੰਬਾ ਧੁੱਸੀ ਬੰਨ ਸਾਲ 1958-59 ਵਿਚ ਬਣਾਇਆ ਗਿਆ ਸੀ। 10 ਤੋਂ 15 ਫੁੱਟ ਉਚੇ ਇਸ ਧੁੱਸੀ ਬੰਨ ਦਾ ਮੁਖ ਮਕਸਦ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਵਸਦੇ ਪਿੰਡਾਂ ਅਤੇ ਖੇਤੀ ਨੂੰ ਹੜਾਂ ਤੋਂ ਬਚਾਉਣਾ ਸੀ। ਪਰ ਇਸ ਧੁੱਸੀ ਬੰਨ ਦੀ ਬੰਨ ਦੀ ਮੁਰੰਮਤ ਅਤੇ ਹੋਰ ਹੜ ਰੋਕੂ ਪ੍ਰਬੰਧਾਂ ਵਿਚ ਸਿਆਸੀ ਇੱਛਾ ਤੇ ਪ੍ਰਸ਼ਾਸਨਿਕ ਗੈਰ ਗੰਭੀਰਤਾ ਵੱਡੇ ਜਿੰਮੇਵਾਰ ਹਨ। ਸਰਕਾਰ ਦੇ ਨਹਿਰੀ ਅਤੇ ਹੜ ਰੋਕੂ ਪ੍ਰਬੰਧਾਂ ਬਾਰੇ ਵਿਭਾਗਾਂ ਵਲੋਂ ਠੀਕ ਤੇ ਸਮੇਂ ਸਿਰ ਕਾਰਵਾਈ ਦੀ ਸਦਾ ਘਾਟ ਰਹੀ ਹੈ। ਦਰਿਆਵਾਂ ਤੇ ਨਹਿਰਾਂ ਵਿਚ ਜੰਮੀ ਮਿੱਟੀ ਦੀ ਤੈਅ ਨੂੰ ਹਰ ਸਾਲ ਖੁਦਾਈ ਕਰਕੇ ਕੱਢਣਾ ਵੱਡਾ ਕੰਮ ਹੈ। ਨਹਿਰਾਂ ਦੀ ਖੁਦਾਈ ਤਾਂ ਕੁਝ ਹੱਦ ਤੱਕ ਹੁੰਦੀ ਹੈ ਪਰ ਅੰਕੜੇ ਬੋਲਦੇ ਹਨ ਕਿ  ਮੁੱਖ ਦਰਿਆਵਾਂ ਵਿਚ ਜੰਮੀ ਮਿੱਟੀ ਦੀ ਤੈਅ ਦੀ ਖੁਦਾਈ ਜਾਂ ਦਰਿਆਵਾਂ ਦੀ ਸਫਾਈ 1960 ਤੋਂ ਬਾਦ ਨਹੀ ਹੋਈ। ਦਰਿਆਵਾਂ ਦੀ ਡੂੰਘਾਈ ਘਟਣ ਕਾਰਣ ਕਈ ਥਾਵਾਂ ਤੇ ਦਰਿਆਵਾਂ ਨੇ ਆਪਣੇ ਵਹਿਣ ਬਦਲ ਲਏ ਹਨ ਤੇ ਬਹੁਤ ਸਾਰੀ ਵਾਹੀ ਯੋਗ ਜਮੀਨ ਦਰਿਆ ਬੁਰਦ ਹੋ ਚੁੱਕੀ ਹੈ।

ਹਰ ਸਾਲ ਮੌਨਸੂਨ ਦੀ ਆਮਦ ਤੇ ਸਰਕਾਰਾਂ ਵਲੋਂ ਹੜ ਰੋਕੂ ਪ੍ਰਬੰਧਾਂ ਬਾਰੇ ਚਰਚਾ ਕੀਤੀ ਜਾਂਦੀ ਹੈ ਪਰ ਸਿਆਸੀ ਦਾਅਵਿਆਂ, ਬਿਆਨਬਾਜੀਆਂ ਅਤੇ ਪ੍ਰਸ਼ਾਸਨਿਕ ਅੰਕੜਿਆਂ ਨੂੰ ਜਾਰੀ ਕਰਨ ਤੋਂ ਬਾਦ ਧਰਾਤਲ ਤੇ ਕੁਝ ਵੀ ਦਿਖਾਈ ਨਹੀ ਦਿੰਦਾ। ਪੰਜਾਬ ਸਰਕਾਰ ਦਾ ਦਾਅਵਾ ਸੀ ਕਿ ਉਸਨੇ 2022 ਦੇ ਹੜਾਂ ਦੀ ਮਾਰ ਤੋਂ ਸਬਕ ਲੈਂਦਿਆਂ ਦਰਿਆਵਾਂ ਦੇ ਬੰਨ ਮਜ਼ਬੂਤ ਕਰਨ, ਨਹਿਰਾਂ ਦੀ ਸਫਾਈ ਤੇ ਹੋਰ ਹੜ ਰੋਕੂ ਪ੍ਰਬੰਧਾਂ ਉਪਰ ਇਸ ਵਾਰ 230 ਕਰੋੜ ਖਰਚ ਕੀਤੇ ਗਏ ਹਨ। ਰਿਪੋਰਟਾਂ ਇਹ ਹਨ ਕਿ ਸਰਕਾਰ ਵਲੋਂ ਹੜ ਰੋਕੂ ਪ੍ਰਬੰਧਾਂ ਲਈ ਸਬੰਧਿਤ ਜਿਲਿਆਂ ਨੂੰ ਫੰਡ ਅਲਾਟ ਕੀਤੇ ਸਨ ਪਰ ਖਜਾਨਾ ਖਾਲੀ ਹੋਣ ਕਾਰਣ ਇਹ ਫੰਡ ਰੀਲੀਜ਼ ਹੀ ਨਹੀ ਕੀਤੇ ਜਾ ਸਕੇ।

ਪੰਜਾਬ ਵਿਚ ਹੜ ਕੋਈ ਨਵੀਂ ਘਟਨਾ ਨਹੀ। ਹਰ ਸਾਲ ਲੋਕਾਂ ਨੂੰ ਭਾਰੀ ਬਾਰਿਸ਼ ਅਤੇ ਬੰਨਾਂ ਦੇ ਟੁੱਟਣ ਕਾਰਣ ਹੜਾਂ ਵਰਗੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਮੁਸੀਬਤ ਸਿਰ ਤੇ ਆਉਂਦੀ ਹੈ ਤਾਂ ਸਿਆਸੀ ਆਗੂ, ਮੰਤਰੀ- ਸੰਤਰੀ ਤੇ ਸਭ ਪ੍ਰਸ਼ਾਸਨਕ ਅਧਿਕਾਰੀ ਬਚਾਓ ਕਾਰਜਾਂ ਵਿਚ ਲੱਗੇ ਦਿਖਾਈ ਦਿੰਦੇ ਹਨ। ਸਿਆਸੀ ਆਗੂ ਇਕ ਦੂਸਰੇ ਖਿਲਾਫ ਦੂਸ਼ਣਬਾਜੀ ਕਰਦੇ ਲੋਕਾਂ ਦੇ ਸੱਚੇ ਹਮਦਰਦ ਹੋਣ ਦੀ ਡਰਾਮੇਬਾਜ਼ੀ ਕਰਦੇ ਹਨ। ਹੜਾਂ ਵਿਚ ਘਿਰੇ ਇਲਾਕਿਆਂ ਤੇ ਲੋਕਾਂ ਵਲੋਂ ਮਦਦ ਦੀ ਗੁਹਾਰ ਦਰਮਿਆਨ ਵੀ ਅਸੀ ਕੀ ਵੇਖ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੋ ਸਿਆਸੀ ਵਿਰੋਧੀਆਂ ਨੂੰ ਭੰਡਦੇ ਇਹ ਕਹਿੰਦੇ ਸਨ ਕਿ ਹੜ ਕੁਦਰਤੀ ਨਹੀ, ਸਰਕਾਰਾਂ ਦੀ  ਬੇਈਮਾਨੀ ਦਾ ਨਤੀਜਾ ਹਨ। ਜੋ ਕਹਿੰਦੇ ਸਨ ਸਾਨੂੰ ਹੜਾਂ ਦੀ ਰੋਕਥਾਮ ਤੇ ਲੋੜਵੰਦਾਂ ਦੀ ਮਦਦ ਲਈ ਕੇਂਦਰ ਸਰਕਾਰ ਦੀ ਸਹਾਇਤਾ ਦੀ ਲੋੜ ਨਹੀ ਕਿਉਂਕਿ ਪੰਜਾਬ ਸਰਕਾਰ ਕੋਲ ਬਿਪਤਾ ਪ੍ਰਬੰਧਨ ਫੰਡਾਂ ਦੀ ਕੋਈ ਘਾਟ ਨਹੀ। ਜੋ ਕਹਿੰਦੇ ਸਨ ਕਿ ਅਸੀ ਮੁਰਗੀ ਤੇ ਬੱਕਰੀ ਮਰਨ ਤੇ ਵੀ ਉਚਿਤ ਮੁਆਵਜਾ ਦੇਵਾਂਗੇ। ਅੱਜ ਉਹ ਮੀਡੀਆ ਵਲੋਂ ਉਠਾਏ ਜਾਣ ਵਾਲੇ ਇਹਨਾਂ ਸਵਾਲਾਂ ਦੇ ਜਵਾਬ ਦੇਣਾ ਉਚਿਤ ਨਹੀ ਸਮਝਦੇ। ਉਹ ਇਹਨਾਂ ਸਵਾਲਾਂ ਨੂੰ ਉਠਾਉਣ ਵਾਲੇ ਪੱਤਰਕਾਰਾਂ ਨੂੰ ਵਿਰੋਧੀ ਆਗੂਆਂ ਦੇ ਸਿਖਾਏ ਦੱਸਦੇ ਹਨ। ਦੂਸਰੇ ਪਾਸੇ ਇਕ ਵਿਰੋਧੀ ਆਗੂ ਜੋ ਹੜ ਪ੍ਰਭਾਵਿਤ ਇਲਾਕਿਆਂ ਵਿਚ ਜਾਕੇ ਆਪਣਾ ਅਕਸ ਸੁਧਾਰਨ ਦਾ ਯਤਨ ਕਰ ਰਿਹਾ ਹੈ, ਮੁੱਖ ਮੰਤਰੀ ਖਿਲਾਫ ਟਿਪਣੀ ਕਰਨ ਦੀ ਬਿਜਾਏ ਕਹਿ ਰਿਹਾ ਹੈ, ਇਹ ਸਮਾਂ ਦੂਸ਼ਣਬਾਜੀ ਦਾ ਨਹੀ, ਲੋਕਾਂ ਦੀ ਮਦਦ ਕਰਨ ਦਾ ਹੈ। ਬਿਨਾਂ ਸ਼ੱਕ ਸਿਆਸੀ ਆਗੂ ਇਸ ਮੁਸੀਬਤ ਦੇ ਸਮੇਂ ਵੀ ਆਪਣੇ ਵੋਟ ਬੈਂਕ ਅਤੇ ਆਪਣੇ ਸਿਆਸੀ ਇਮੇਜ਼ ਨੂੰ ਨਿਖਾਰਨ ਦੇ ਯਤਨਾਂ ਵਿਚ ਹਨ ਪਰ ਇਸ ਦੌਰਾਨ ਪੰਜਾਬ ਦੇ ਆਮ ਲੋਕਾਂ ਵਲੋਂ ਵਿਖਾਏ ਜਾ ਰਹੇ ਸਾਹਸ, ਮੁਸੀਬਤ ਵਿਚ ਘਿਰੇ ਲੋਕਾਂ ਦੀ ਮਦਦ ਲਈ ਟਰੈਕਟਰ -ਟਰਾਲੀਆਂ ਤੇ ਹੋਰ ਸਹਾਇਤਾ ਸਮੱਗਰੀ ਦੇ ਨਾਲ ਰਾਸ਼ਨ ਤੇ ਖਾਣ ਪੀਣ ਦੇ ਪ੍ਰਬੰਧਾਂ ਵਿਚ ਲੱਗ ਜਾਣਾ ਪੰਜਾਬੀਅਤ ਦੀ ਪਛਾਣ ਤੇ ਮਾਣ ਹੈ। ਉਹਨਾਂ ਸਿਆਸੀ ਆਗੂਆਂ ਜਾਂ ਮੰਤਰੀਆਂ-ਸੰਤਰੀਆਂ ਬਾਰੇ ਕੁਝ ਕਹਿਣ ਦੀ ਲੋੜ ਨਹੀ ਜੋ ਮੋਟਰ ਬੋਟ ਤੇ ਬੈਠਕੇ ਹੜ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਰਾਹਤ ਕਾਰਜਾਂ ਲਈ ਚਿੰਤਾ ਕਰਨ ਦੀ ਥਾਂ ਗੋਆ ਤੇ ਸਵੀਡਨ ਵਿਚ ਕਰੂਜ਼ ਦੀਆਂ ਯਾਦਾਂ ਤਾਜ਼ਾ ਕਰਨ ਵਿਚ ਮਸਰੂਫ ਹਨ….