ਇੱਕਲੀ ਮਨ ਦੀ ਬਾਤ ਕੀਤੀਆਂ ਨਹੀਂ ਸਰਨਾ: ਆਪ ਆਗੂ
ਅੰਮ੍ਰਿਤਸਰ, 31 ਅਗਸਤ -ਪੰਜਾਬ ਵਿੱਚ ਰਾਵੀ ਦਰਿਆ ਦੇ ਬੰਨ ਟੁੱਟਣ ਕਾਰਨ ਵੱਡੇ ਪੱਧਰ ‘ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਿੰਡਾਂ ਅਤੇ ਖੇਤਾਂ ਵਿੱਚ ਪਾਣੀ ਭਰ ਜਾਣ ਨਾਲ ਕਿਸਾਨਾਂ ਅਤੇ ਸਥਾਨਕ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਸੰਕਟ ਦੀ ਘੜੀ ਵਿੱਚ ਜਗਦੇਵ ਕਲਾ ਨਹਿਰ, ਵਿਛੋਆ ਨਿੱਕੀ ਨਹਿਰ ਅਤੇ ਅਲੀਵਾਲ ਆਦਿ ਸਬ-ਨਹਿਰਾਂ ਦੇ ਗੇਟ ਨਹਿਰੀ ਵਿਭਾਗ ਵੱਲੋਂ ਬੰਦ ਰੱਖੇ ਜਾਣ ਨੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਅਤੇ ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਜੇਕਰ ਰਾਵੀ ਦਾ ਪਾਣੀ ਲਿੰਕ ਨਹਿਰਾਂ ਅਤੇ ਡਰੇਨਾਂ ਵਿੱਚ ਵੰਡਿਆ ਜਾਂਦਾ ਤਾਂ ਹੜ੍ਹ ਦੀ ਤਬਾਹੀ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਸੀ।
ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਨਵਦੀਪ ਸਿੰਘ ਵਿਛੋਆ ਨੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਸਿੱਧੇ ਹਮਲੇ ਕਰਦਿਆਂ ਇਸ ਨੂੰ ਕੁਦਰਤੀ ਆਫਤ ਨਹੀਂ, ਸਗੋਂ “ਮਨੁੱਖੀ ਆਫਤ” ਕਰਾਰ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸੁੱਕੀਆਂ ਅਤੇ ਘੱਟ ਪਾਣੀ ਵਾਲੀਆਂ ਨਹਿਰਾਂ ਦੀਆਂ ਤਸਵੀਰਾਂ ਜਾਰੀ ਕਰਕੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਛੋਆ ਨੇ ਕਿਹਾ ਕਿ ਇਹ ਕੋਈ ਕੁਦਰਤੀ ਆਫਤ ਨਹੀਂ, ਸਗੋਂ ਕੇਂਦਰ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਹੈ, ਜਿਸ ਦਾ ਮਕਸਦ ਪੰਜਾਬ ਨੂੰ ਪਾਣੀ ਦੀ ਮਾਰ ਹੇਠ ਤਬਾਹ ਕਰਨਾ ਹੈ।”
ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਤਲੁਜ ਅਤੇ ਬਿਆਸ ਦਰਿਆਆਂ ਵਿੱਚ ਅੰਨ੍ਹੇਵਾਹ ਪਾਣੀ ਛੱਡ ਕੇ ਹਰੀਕੇ ਪਤਨ ਦੇ ਗੇਟ ਜਾਣਬੁੱਝ ਕੇ ਬੰਦ ਕਰਵਾਏ ਗਏ। ਕਿਸਾਨਾਂ ਨੇ ਆਪਣੇ ਬਲਬੂਤੇ ‘ਤੇ ਗੇਟ ਖੁਲਵਾ ਕੇ ਸਰਕਾਰ ਦੀ ਬਦਨੀਤੀ ਨੂੰ ਬੇਨਕਾਬ ਕਰ ਦਿੱਤਾ। ਕੇਂਦਰ ਸਰਕਾਰ ਪੰਜਾਬ ਦੀ ਖੇਤੀ ਅਤੇ ਅਰਥਚਾਰੇ ਨੂੰ ਤਬਾਹ ਕਰਨ ਦੀ ਮਨਸ਼ਾ ਰੱਖਦੀ ਹੈ।ਪੰਜਾਬ ਦੀ ਦ੍ਰਿੜਤਾ ਨੂੰ ਯਾਦ ਕਰਦਿਆਂ ਵਿਛੋਆ ਨੇ ਕਿਹਾ ਕਿ ਭਾਵੇਂ ਜੰਗ ਦਾ ਮੌਕਾ ਹੋਵੇ ਜਾਂ ਕੁਦਰਤੀ ਸੰਕਟ, ਪੰਜਾਬ ਹਮੇਸ਼ਾ ਪਹਿਲੀ ਕਤਾਰ ਵਿੱਚ ਖੜ੍ਹਾ ਹੁੰਦਾ ਹੈ। ਉਨ੍ਹਾਂ ਨੇ ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਮਿਸਾਲ ਦਿੱਤੀ, ਜਿਸ ਨੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ। ਹੁਣ ਵੀ ਪੰਜਾਬ ਦੇ ਲੋਕ ਇਕਜੁੱਟ ਹੋ ਕੇ ਕੇਂਦਰ ਦੀਆਂ ਇਹ ਪਾਣੀ ਰੋਕਣ ਵਾਲੀਆਂ ਸਾਜਿਸ਼ਾਂ ਨੂੰ ਨਾਕਾਮ ਕਰਨਗੇ।ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਛੋਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸਮੇਂ ਸਿਰ ਫ਼ੈਸਲੇ ਲਏ ਹਨ। ਮੁੱਖ ਮੰਤਰੀ ਨੇ ਅੱਠ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਕੀਤਾ ਅਤੇ 2 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ। ਨਾਲ ਹੀ, ਫਸਲਾਂ, ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਰਵੱਈਏ ਨੂੰ “ਘਟੀਆ ਅਤੇ ਦੁਖਦਾਈ” ਕਰਾਰ ਦੇਂਦਿਆ ਕਿਹਾ ਇੱਕਲੇ ਮਨ ਦੀ ਬਾਤ ਨਾਲ ਸਰਨਾ, ਪੰਜਾਬ ਪ੍ਰਤੀ ਨੀਅਤ ਵੀ ਸਾਫ਼ ਕਰਨੀ ਪਵੇਗੀ ਅਤੇ ਖੁਲ੍ਹੇ ਦਿੱਲ ਨਾਲ ਰਾਹਤ ਫੰਡ ਵੀ ਰਿਲੀਜ਼ ਕਰਨੇ ਪੈਣਗੇ। ਉਨ੍ਹਾਂ ਕਿਹਾ ਸਰਕਾਰ ਨੂੰ ਇਹ ਵੀ ਸਪਸ਼ੱਟ ਕਰਨਾ ਚਾਹੀਦਾ ਹੈ ਕਿ ਪੰਜਾਬ ਵਿਚ ਹੜ੍ਹਾਂ ਦੇ ਇਹ ਹਾਲਾਤ ਕੇਂਦਰ ਸਰਕਾਰ ਦੀਆਂ ਬਦਨੀਤੀਆਂ ਕਾਰਨ ਹੀਬਣੇ ਹਨ।ਉਨ੍ਹਾਂ ਨੇ ਕਿਹਾ ਕਿ ਜਦੋਂ ਰਣਜੀਤ ਸਾਗਰ ਡੈਮ ਦੇ ਸਾਰੇ ਸਪਿੱਲਵੇਅ ਗੇਟ ਖੋਲ੍ਹ ਕੇ 50 ਹਜ਼ਾਰ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ, ਤਾਂ ਨਹਿਰਾਂ ਦੇ ਗੇਟ ਬੰਦ ਰੱਖਣਾ ਸਰਕਾਰ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰਦਾ ਹੈ।
ਕੈਪਸ਼ਨ: ਸੁੱਕੀਆਂ ਨਹਿਰਾਂ ਦੀਆਂ ਤਸਵੀਰਾਂ ਜਾਰੀ ਕਰਦੇ ਅਤੇ ਕੇਂਦਰ ਸਰਕਾਰ ‘ਤੇ ਸਾਜਿਸ਼ ਦੇ ਦੋਸ਼ ਲਗਾਉਂਦੇ ਹੋਏ ਨਵਦੀਪ ਸਿੰਘ ਵਿਛੋਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
