ਹਜ਼ਾਰਾਂ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ-
ਵਿੰਨੀਪੈਗ (ਸ਼ਰਮਾ)- ਬੀਤੇ ਦਿਨ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 421ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹਪੂਰਵਕ ਆਯੋਜਿਤ ਕੀਤਾ ਗਿਆ। ਦੁਪਹਿਰ 12.30 ਵਜੇ ਮੈਮੋਰੀਅਲ ਪਾਰਕ ਵਿਖੇ ਗਰੰਥੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਆਰੰਭ ਹੋਇਆ। ਮੈਨੀਟੋਬਾ ਲੈਜਿਸਲੇਚਰ ਬਿਲਡਿੰਗ ਦੇ ਸਾਹਮਣੇ ਪਾਰਕ ਵਿਚ ਭਾਰੀ ਦੀਵਾਨ ਸਜਾਏ ਗਏ ਜਿਥੇ ਰਾਗੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਹਾਸ ਸੁਣਾ ਅਤੇ ਗਾਕੇ ਨਿਹਾਲ ਕੀਤਾ। ਇਸ ਸਟੇਜ ਤੇ ਉਘੀ ਸਿਆਸੀ ਤੇ ਧਾਰਮਿਕ ਹਸਤੀਆਂ ਨੇ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵੱਖ ਵੱਖ ਬਿਜਨਸ ਅਦਾਰਿਆਂ ਤੇ ਹੋਰ ਸਵੈ ਸੇਵੀ ਸੰਸਥਾਵਾਂ ਵਲੋਂ ਖਾਣ ਪੀਣ ਅਤੇ ਸੁਆਦਲੇ ਭੋਜਨਾਂ ਦੇ ਸਟਾਲ ਵੀ ਲਗਾਏ ਗਏ ਜਿਹਨਾਂ ਦਾ ਸੰਗਤਾਂ ਨੇ ਆਨੰਦ ਮਾਣਿਆ। ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕੀਨਿਊ ਵਿਸ਼ੇਸ਼ ਤੌਰ ’ਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਲੰਗਰ ਵਿੱਚ ਸੇਵਾ ਕੀਤੀ। ਸਿੱਖ ਸੋਸਾਇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਨਗਰ ਕੀਰਤਨ ਕਮੇਟੀ ਵਲੋਂ ਪ੍ਰਧਾਨ ਹਰਬੰਸ ਸਿੰਘ ਬਰਾੜ, ਪਰਮਜੀਤ ਸਿੰਘ ਗਿੱਲ, ਗਗਨਦੀਪ ਸਿੰਘ ਰਾਏ, ਸਰਬਜੀਤ ਸਿੰਘ ਗਿੱਲ, ਸੁਰਜੀਤ ਸਿੰਘ ਮਠਾਰੂ, ਗੁਰਪ੍ਰੀਤ ਸਿੰਘ ਗਿੱਲ ਅਅਤੇ ਗੁਰਪਾਲ ਸਿੰਘ ਧਾਮੀ ਨੇ ਨਗਰ ਕੀਰਤਨ ਦੀ ਸਫਲਤਾ ਲਈ ਸੰਗਤਾਂ ਦੇ ਸਹਿਯੋਗ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਲਈ ਧੰਨਵਾਦ ਕੀਤਾ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਦੱਸਿਆ ਗਿਆ ਹੈ ਕਿ ਅੰਮ੍ਰਿਤ ਸੰਚਾਰ 7 ਸਤੰਬਰ ਦਿਨ ਐਤਵਾਰ ਨੂੰ ਸਵੇਰੇ 6.30 ਵਜੇ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ ਕੀਤਾ ਜਾ ਰਿਹਾ ਹੈ ਜਿਸਦਾ ਸੰਗਤਾਂ ਲਾਹਾ ਲੈ ਸਕਦੀਆਂ ਹਨ।












