10 ਸਤੰਬਰ ਤੇ ਵਿਸ਼ੇਸ਼-
ਸਰੀ, ਮੈਕਸ ਆਰਥਰ ਮੈਕਲਿਫ ਸਿੱਖ ਇਤਿਹਾਸ ਦਾ ਉਹ ਚਮਕਦਾਰ ਪਾਤਰ ਹੈ ਜਿਸਨੇ ਸਿੱਖ ਧਰਮ ਦੀ ਮਹਾਨਤਾ ਨੂੰ ਪੱਛਮੀ ਜਗਤ ਵਿੱਚ ਪਹੁੰਚਾਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਸਨੇ ਅੰਗਰੇਜ਼ ਹੋਣ ਦੇ ਬਾਵਜੂਦ ਗੁਰਬਾਣੀ ਨਾਲ ਏਨਾ ਡੂੰਘਾ ਤੇ ਰੂਹਾਨੀ ਰਿਸ਼ਤਾ ਬਣਾ ਲਿਆ ਕਿ ਅੱਜ ਵੀ ਸਿੱਖ ਕੌਮ ਉਸਨੂੰ ਅਦਬ ਤੇ ਇਤਰਾਮ ਨਾਲ ਯਾਦ ਕਰਦੀ ਹੈ। ਉਹ ਅਜਿਹੀ ਗੈਰ ਸਿੱਖ ਸਖਸ਼ੀਅਤ ਸੀ ਜਿਸ ਨੇ ਧਾਰਮਿਕ ਹੱਦਾਂ ਤੋੜਕੇ ਗੁਰਬਾਣੀ ਨੂੰ ਆਪਣੀ ਆਤਮਾ ਬਣਾਇਆ ਸੀ। ਇਨਸਾਨੀ ਇਤਿਹਾਸ ‘ਚ ਬਹੁਤ ਘੱਟ ਲੋਕ ਹੀ ਹੁੰਦੇ ਹਨ ਜੋ ਕਿਸੇ ਦੂਜੇ ਧਰਮ ਨੂੰ ਧੁਰ ਅੰਦਰ ਤੋਂ ਅਪਣਾਉਂਦੇ ਹਨ, ਪਰ ਅੰਗਰੇਜ਼ ਲਿਖਾਰੀ ਮੈਕਸ ਮੈਕਲਿਫ ਉਹਨਾਂ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਸੀ ਜਿਸਨੇ ਗੁਰਬਾਣੀ ਨੂੰ ਅਪਣਾਇਆ, ਸਮਝਿਆ ਤੇ ਆਪਣੀ ਰੂਹ ਰੋਸ਼ਨ ਕਰ ਲਈ। ਇਸ ਮਹਾਨ ਲਿਖਾਰੀ ਮੈਕਲਿਫ ਦਾ ਜਨਮ 10 ਸਤੰਬਰ 1838 ਨੂੰ ਇਮਰਿਕ ਕਾਊਂਟੀ (ਆਇਰਲੈਂਡ) ਵਿੱਚ ਹੋਇਆ। ਉਹ ਆਇਰਿਸ਼ ਕੈਥੋਲਿਕ ਪਰਿਵਾਰ ਵਿੱਚ ਪੈਦਾ ਹੋਇਆ ਤੇ ਆਪਣੀ ਸ਼ੁਰੂ ਦੀ ਪੜ੍ਹਾਈ ਆਇਰਲੈਂਡ ਵਿੱਚ ਹੀ ਮੁਕੰਮਲ ਕੀਤੀ। ਉਹ ਕਈ ਭਾਸ਼ਾਵਾਂ ਸਿੱਖਣ ਵਿੱਚ ਦਿਲਚਸਪੀ ਰੱਖਦੇ ਸਨ, ਬਚਪਨ ਤੋਂ ਹੀ ਉਹਨਾਂ ਨੂੰ ਧਾਰਮਿਕ ਲਿਖਤਾਂ ਪੜ੍ਹਣ ਤੇ ਵਿਸ਼ਲੇਸ਼ਣ ਕਰਨ ਦਾ ਸ਼ੌਂਕ ਸੀ। ਉਹਨਾਂ ਨੇ ਆਪਣੀ ਉੱਚ ਸਿੱਖਿਆ ਲੰਦਨ ਦੀ ਯੂਨੀਵਰਸਿਟੀ ਤੋਂ ਲਈ ਅਤੇ 1860 ਚ ਇੰਡੀਅਨ ਸਿਵਿਲ ਸਰਵਿਸ ਵਿੱਚ ਸ਼ਾਮਿਲ ਹੋ ਗਏ। 1864 ਵਿੱਚ ਪੰਜਾਬ ਆਏ ਅਤੇ ਪਹਿਲਾਂ ਲੁਧਿਆਣਾ ਅਤੇ ਫਿਰ ਅੰਮ੍ਰਿਤਸਰ ਵਿੱਚ ਨਿਯੁਕਤ ਕੀਤੇ ਗਏ। ਪੰਜਾਬ ਚ ਨਿਯੁਕਤੀ ਹੋਣ ਕਰਕੇ ਉਹਨਾਂ ਨੇ ਸਿੱਖ ਧਰਮ ਅਤੇ ਪੰਜਾਬੀ ਲੋਕਾਂ ਦੇ ਜੀਵਨ ਨੂੰ ਨੇੜੇ ਤੋਂ ਵੇਖਿਆ। ਇੱਥੇ ਆ ਕੇ ਉਹਨਾਂ ਨੇ ਧਰਮ ਤੇ ਗੁਰਬਾਣੀ ਨਾਲ ਜਾਣ ਪਛਾਣ ਬਣਾਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਹਨਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਉਹ ਆਪਣਾ ਸਭ ਕੁਝ ਤਿਆਗਣ ਲਈ ਤਿਆਰ ਹੋ ਗਏ। ਉਨਾਂ ਨੇ ਆਪਣੀ ਅੰਗਰੇਜ਼ ਸਰਕਾਰ ਦੀ ਉੱਚ ਪਦਵੀ ਵਾਲੀ ਨੌਕਰੀ ਤਿਆਗ ਕੇ ਆਪਣਾ ਸਾਰਾ ਜੀਵਨ ਗੁਰਬਾਣੀ ਦੇ ਅਨੁਵਾਦ ਨੂੰ ਸਮਰਪਿਤ ਕਰ ਦਿੱਤਾ ਸੀ। ਮੈਕਲਿਫ ਦਾ ਕਥਨ ਸੀ ਕਿ ਜੇ ਦੁਨੀਆ ਵਿੱਚ ਕੋਈ ਧਰਮ ਪਿਆਰ ਅਤੇ ਇਨਸਾਨੀਅਤ ਦਾ ਪ੍ਰਤੀਕ ਹੈ ਤਾਂ ਉਹ ਸਿਰਫ ਸਿੱਖੀ ਹੈ। ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਕੀਤੇ ਅਤੇ ਉਸ’ਤੇ ਅਧਾਰਤ ‘ਦਾ ਸਿੱਖ ਰਿਲੀਜ਼ਨ’ ਨਾਮਕ ਰਚਨਾ ਲਿਖੀ, ਜਿਸ ਨੂੰ ਛੇ ਭਾਗਾਂ ਵਿੱਚ ਲਿਖਿਆ ਗਿਆ। ਉਹਨਾਂ ਦੀ ਇਹ ਰਚਨਾ ਸਿੱਖ ਧਰਮ ਦੀ ਵਿਆਪਕ ਪਛਾਣ ਅਤੇ ਅੰਤਰਰਾਸ਼ਟਰੀ ਗੰਭੀਰਤਾ ਲਈ ਇੱਕ ਮਜਬੂਤ ਨੀਂਹ ਬਣੀ। ਇਹ ਕਿਤਾਬ ਅੱਜ ਵੀ ਪਾਠਕਾਂ ਲਈ ਸਿੱਖ ਧਰਮ ਦੀ ਅਸਲੀ ਰੂਹ ਨੂੰ ਸਮਝਣ ਦਾ ਦਰਵਾਜ਼ਾ ਹੈ, ਪਰ ਇਹ ਕਾਰਜ਼ ਕਰਨ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ, ਇਥੋਂ ਤੱਕ ਕਿ ਮੈਕਲਿਫ ਨੂੰ ਬ੍ਰਿਟਿਸ਼ ਰਾਜ ਪ੍ਰਬੰਧ ਨੇ ਵੀ ਧਮਕਾਇਆ ਕਿ ਜੇ ਤੁਸੀਂ ਗੁਰਬਾਣੀ ਬਾਰੇ ਲਿਖਣਾ ਜਾਰੀ ਰੱਖਿਆ ਤਾਂ ਤੁਹਾਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ, ਪਰ ਉਸ ਟਾਈਮ ਮੁਕੱਲਫ ਨੇ ਬਿਨਾਂ ਡਰੇ ਜਵਾਬ ਦਿੱਤਾ ਸੀ ਕਿ “ਮੈਨੂੰ ਆਪਣੀ ਨੌਕਰੀ ਦੀ ਪਰਵਾਹ ਨਹੀਂ ਪਰ ਮੈਂ ਆਪਣੀ ਆਤਮਾ ਨੂੰ ਗਾਉਣਾ ਨਹੀਂ ਚਾਹੁੰਦਾ”। ਇਥੋਂ ਤੱਕ ਕਿ ਉਹਨਾਂ ਨੇ ਆਪਣੀ ਵਸੀਅਤ ਵਿੱਚ ਵੀ ਲਿਖਿਆ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾਂ ਨਾਲ ਕੀਤਾ ਜਾਵੇ ਅਤੇ ਉਹਨਾਂ ਦੀ ਕਬਰ ਤੇ ਲਿਖਿਆ ਜਾਵੇ ‘ਏ ਟਰਿਬਿਊਟ ਬਿਲੀਵਰ ਇਨ ਦਾ ਸਿੱਖ ਫੇਥ’ ਇਹ ਗੱਲ ਉਹਨਾਂ ਦੀ ਸੱਚੀ ਨਿਸ਼ਠਾ ਤੇ ਇਮਾਨਦਾਰੀ ਨੂੰ ਦਰਸਾਉਂਦੀ ਹੈ। ਹੁਣ ਜਦੋਂ ਸਿੱਖ ਧਰਮ ਦੀ ਗੱਲ ਵਿਸ਼ਵ ਪੱਧਰ ਤੇ ਹੋ ਰਹੀ ਹੈ ਤਾਂ ਮਕੈਲਫ ਨੂੰ ਯਾਦ ਕਰਨਾ ਬਹੁਤ ਜਰੂਰੀ ਹੈ ਉਸਨੂੰ ਯਾਦ ਕਰਕੇ ਇਹ ਸਮਝਿਆ ਜਾ ਸਕਦਾ ਹੈ ਕਿ ਸੱਚੀ ਸ਼ਰਧਾ ਜਾਤ, ਭਾਸ਼ਾ ਜਾਂ ਧਰਮ ਨਹੀਂ ਵੇਖਦੀ ਸਗੋਂ ਹਮੇਸ਼ਾਂ ਸੱਚ ਵੱਲ ਉਲਾਰ ਹੁੰਦੀ ਹੈ। ਉਹ ਸਿੱਖ ਨਹੀਂ ਸੀ ਪਰ ਸਿੱਖੀ ਉਹਨਾਂ ਦੀ ਰੂਹ ਵਿੱਚ ਵਸੀ ਹੋਈ ਸੀ, ਉਹ ਅੰਗਰੇਜ਼ ਸੀ ਪਰ ਸੱਚ ਉਸਨੂੰ ਗੁਰਬਾਣੀ ਵਿੱਚੋਂ ਮਿਲਿਆ। ਅੱਜ ਦੀ ਨੌਜਵਾਨ ਪੀੜੀ ਜੋ ਤੇਜ਼ੀ ਨਾਲ ਧਰਮ ਅਤੇ ਸਿੱਖ ਧਾਰਮਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੀ ਹੈ ਨੂੰ ਮੈਕਸ ਮੈਕਲਿਫ ਵਰਗੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਮੈਕਲਿਫ ਨੇ ਆਪਣੇ ਜੀਵਨ ਰਾਹੀਂ ਸਾਬਤ ਕਰ ਵਿਖਾਇਆ ਕਿ ਧਰਮ ਨੂੰ ਪੂਰੀ ਨਿਸ਼ਟਾ ਨਾਲ ਅਪਣਾਉਣਾ ਚਾਹੀਦਾ ਹੈ ਤੇ ਸੱਚ ਦੇ ਰਾਹ ‘ਤੇ ਤੁਰਨ ਲਈ ਰਾਜ ਵੀ ਤਿਆਗਣੇ ਪੈਂਦੇ ਹਨ।

ਮਨਦੀਪ ਕੌਰ ਸੈਣੀ (ਰੇਡੀਓ ਹੋਸਟ)
+1-431-588-0004
