ਹਲਕਾ ਜਗਰਾਉਂ ਦੀ ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਦਾ ਕੀਤਾ ਧੰਨਵਾਦ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,4 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀਰਵਾਰ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਮੁੰਡਾਪਿੰਡ ਦੇ ਪੀੜਤਾਂ ਲਈ ਹਲਕਾ ਜਗਰਾਉਂ ਦੇ ਪਿੰਡ ਦੇਹੜਕਾ ਦੀ ਸੰਗਤ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਦਾ ਸਵਾਗਤ ਕਰਦਿਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ।ਇਸ ਰਾਹਤ ਸਮੱਗਰੀ ਵਿੱਚ ਪਸ਼ੂਆਂ ਲਈ ਚਾਰਾ,ਤੂੜੀ ਅਤੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸ਼ਾਮਲ ਸੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਹੋਏ ਭਾਰੀ ਨੁਕਸਾਨ ‘ਤੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ।ਉਨ੍ਹਾਂ ਇਸ ਔਖੀ ਘੜੀ ਵਿੱਚ ਸੇਵਾ ਕਰ ਰਹੀਆਂ ਸਾਰੀਆਂ ਸਮਾਜਿਕ-ਸੇਵੀ ਜਥੇਬੰਦੀਆਂ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਾਰੀਆਂ ਸੰਸਥਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਸ.ਬ੍ਰਹਮਪੁਰਾ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ, “ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਕੇਂਦਰ ਦੀਆਂ ਸਰਕਾਰਾਂ ਪੰਜਾਬ ਦੀ ਬਾਂਹ ਨਹੀਂ ਫੜ ਰਹੀਆਂ।ਜੇਕਰ ਹਿਮਾਚਲ, ਹਰਿਆਣਾ ਜਾਂ ਉੱਤਰਾਖੰਡ ਵਿੱਚ ਕੋਈ ਆਫ਼ਤ ਆਉਂਦੀ ਹੈ ਤਾਂ ਕਰੋੜਾਂ ਰੁਪਏ ਦੇ ਪੈਕੇਜ ਐਲਾਨੇ ਜਾਂਦੇ ਹਨ,ਪਰ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।” ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਕੇਂਦਰ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸੇਵਾਦਾਰਾਂ ਵੱਲੋਂ ਭੇਜੀ ਗਈ ਇਹ ਰਾਹਤ ਸਮੱਗਰੀ ਅਸਲ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਪ੍ਰਬੰਧਕਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਤਾਂ ਜੋ ਸੇਵਾ ਸਹੀ ਅਰਥਾਂ ਵਿੱਚ ਸਫ਼ਲ ਹੋ ਸਕੇ।ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਜਗਰੂਪ ਸਿੰਘ ਪੱਖੋਪੁਰ,ਮਨਜਿੰਦਰ ਸਿੰਘ ਲਾਟੀ,ਡਾ.ਜਤਿੰਦਰ ਸਿੰਘ,ਦਿਲਬਰ ਸਿੰਘ,ਗੁਰਦੇਵ ਸਿੰਘ ਸ਼ਬਦੀ,ਬਾਬਾ ਬਲਬੀਰ ਸਿੰਘ ਘੈਣਾ,ਕੁਰਿੰਦਰ ਸਿੰਘ ਚੋਹਲਾ ਖੁਰਦ, ਸਿਮਰਨਜੀਤ ਸਿੰਘ ਕਾਕੂ ਪੀਏ,ਸਤਨਾਮ ਸਿੰਘ ਬੱਲ ਘੜਕਾ,ਗੁਰਵਿੰਦਰ ਸਿੰਘ ਬੱਲ ਘੜਕਾ ਕੁਲਜੀਤ ਸਿੰਘ ਮੁੰਡਾ ਪਿੰਡ,ਪਰਮਜੀਤ ਸਿੰਘ ਸਾਬਕਾ ਸਰਪੰਚ ਮੁੰਡਾ ਪਿੰਡ,ਨੰਬਰਦਾਰ ਲਾਲ ਸਿੰਘ ਮੁੰਡਾ ਪਿੰਡ,ਗੁਰਦੀਪ ਸਿੰਘ ਸਾਬਕਾ ਸਰਪੰਚ ਮੁੰਡਾ ਪਿੰਡ ਅਤੇ ਪਿੰਡ ਮੁੰਡਾ ਪਿੰਡ ਦੇ ਬਹੁਤ ਵਸਨੀਕ ਹਾਜ਼ਰ ਸਨ।
