ਵੈਨਕੂਵਰ/ਕੈਲਗਰੀ ( ਮਲਕੀਤ ਸਿੰਘ, ਦਲਵੀਰ ਜੱਲੋਵਾਲੀਆ )-ਪੰਜਾਬ ਵਿਚ ਆਏ ਹੜਾਂ ਕਾਰਣ ਭਾਰੀ ਤਬਾਹੀ ਦੇ ਮੰਜ਼ਰ ਦਰਮਿਆਨ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਦੇ ਲੋਕਾਂ ਵਲੋਂ ਹੜਪੀੜਤਾਂ ਦੀ ਸਹਾਇਤਾ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਵਾਸੀ ਪੰਜਾਬੀਆਂ ਵਲੋਂ ਹਰ ਬਿਪਤਾ ਸਮੇਂ ਪੰਜਾਬ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਵੀ ਉਹਨਾਂ ਵਲੋਂ ਹੜਪੀੜਤਾਂ ਦੀ ਮਦਦ ਲਈ ਹਰ ਤਰਾਂ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਵੈਨਕੂਵਰ, ਕੈਲਗਰੀ ਤੇ ਟੋਰਾਂਟੋ ਦੇ ਉਘੇ ਪੰਜਾਬੀ ਰੇਡੀਓ ਰੈਡ ਐਫ ਐਮ ਵਲੋਂ ਹੜਪੀੜਤਾਂ ਦੀ ਸਹਾਇਤਾ ਲਈ ਕੀਤੇ ਗਏ ਰੇਡੀਓਥੌਨ ਨੂੰ ਪੰਜਾਬੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ਸਥਿਤ ਰੇਡੀਓ ਸਟੇਸ਼ਨ ਰਾਹੀਂ 10 ਲੱਖ 6 ਹਜ਼ਾਰ ਤੋਂ ਉਪਰ ਦੀ ਰਾਸ਼ੀ, ਕੈਲਗਰੀ ਦੇ ਰੇਡੀਓ ਸਟੇਸ਼ਨ ਰਾਹੀਂ 4 ਲੱਖ 60 ਹਜ਼ਾਰ ਅਤੇ ਟੋਰਾਂਟੋ ਸਟੇਸ਼ਨ ਰਾਹੀਂ 5 ਲੱਖ ਡਾਲਰ ਦੀ ਰਾਸ਼ੀ ਇਕੱਤਰ ਹੋਈ ਹੈ। ਰੈਡ ਐਫ ਐਮ ਰੇਡੀਓ ਵਲੋਂ ਕਮਿਊਨਿਟੀ ਦੇ ਸਾਂਝੇ ਕੰਮਾਂ ਲਈ ਆਪਣੇ ਸਰੋਤਿਆਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਉਹਨਾਂ ਵਲੋਂ ਹੜਪੀੜਤਾਂ ਦੀ ਸਹਾਇਤਾ ਲਈ ਕੀਤੇ ਗਏ ਰੇਡੀਓਥੌਨ ਦੌਰਾਨ ਦੋ ਮਿਲੀਅਨ ਦੇ ਕਰੀਬ ਰਾਸ਼ੀ ਇਕੱਤਰ ਹੋਈ ਹੈ। ਰੇਡੀਓ ਵਲੋਂ ਇਹ ਦਾਨ ਰਾਸ਼ੀ ਸੈਫ ਇੰਟਰਨੈਸ਼ਨਲ ( ਸਿੱਖ ਅਵੇਅਰਨੈਸ ਫਾਊਂਡੇਸ਼ਨ) ਰਾਹੀਂ ਹੜਪੀੜਤਾਂ ਦੀ ਮਦਦ ਲਈ ਭੇਜੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਰੇਡੀਓਥੌਨ ਦੌਰਾਨ ਉਘੀਆਂ ਸਿਆਸੀ ਤੇ ਧਾਰਮਿਕ ਹਸਤੀਆਂ ਵਲੋਂ ਦਾਨ ਲਈ ਅਪੀਲ ਦੇ ਨਾਲ ਵਲੰਟੀਅਰ ਸੇਵਾਵਾਂ ਦਿੰਦਿਆਂ ਉਘੇ ਕਾਰੋਬਾਰੀਆਂ ਤੇ ਆਮ ਲੋਕਾਂ ਨੇ ਭਰਵਾਂ ਯੋਗਦਾਨ ਪਾਇਆ।
ਇਸ ਮੌਕੇ ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ, ਸਰੀ ਫਲੀਟਵੁੱਡ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਤੋਂ ਇਲਾਵਾ ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਰਿਸ਼ੀ ਨਾਗਰ, ਰੈਡ ਐਮ ਐਫ ਦੇ ਸੀਈਓ ਕੁਲਵਿੰਦਰ ਸਿੰਘ ਸੰਘੇੜਾ, ਟੋਰਾਂਟੋ ਤੋਂ ਜਸਵੀਰ ਸਿੰਘ ਸ਼ਮੀਲ, ਗੁਰਵਰਿੰਦਰ ਸਿੰਘ ਧਾਲੀਵਾਲ, ਗੁਰਲਾਲ ਗਿੱਲ ਮਾਣੂੰਕੇ, ਰਾਜਪਾਲ ਸਿੱਧੂ, ਕਰਮਪਾਲ ਸਿੱਧੂ ਤੇ ਹੋਰਾਂ ਨੇ ਵਲੰਟੀਅਰ ਸੇਵਾਵਾਂ ਨਿਭਾਉਂਦਿਆਂ ਲੋਕਾਂ ਵਲੋਂ ਦਿਲ ਖੋਹਲਕੇ ਕੀਤੇ ਦਾਨ ਲਈ ਧੰਨਵਾਦ ਕੀਤਾ।





